ਮਨੁੱਖੀ ਅਧਿਕਾਰ ਕਮਿਸ਼ਨ ਦਾ ਦੋ ਅਹਿਮ ਮਾਮਲਿਆਂ ’ਚ ਸਵੈ-ਨੋਟਿਸ

Tuesday, Sep 30, 2025 - 02:04 PM (IST)

ਮਨੁੱਖੀ ਅਧਿਕਾਰ ਕਮਿਸ਼ਨ ਦਾ ਦੋ ਅਹਿਮ ਮਾਮਲਿਆਂ ’ਚ ਸਵੈ-ਨੋਟਿਸ

ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੋ ਗੰਭੀਰ ਮਾਮਲਿਆਂ ਦਾ ਸਵੈ ਨੋਟਿਸ ਲੈਂਦਿਆਂ ਸਬੰਧਿਤ ਅਧਿਕਾਰੀਆਂ ਤੋਂ ਰਿਪੋਰਟਾਂ ਮੰਗੀਆਂ ਹਨ। ਕਮਿਸ਼ਨ ਦੇ ਮੈਂਬਰ ਜਸਟਿਸ ਗੁਰਬੀਰ ਸਿੰਘ ਨੇ ਇਹ ਹੁਕਮ 29 ਸਤੰਬਰ 2025 ਨੂੰ ਜਾਰੀ ਕੀਤੇ। ਪਹਿਲਾ ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਖੇਤਰ ’ਚ ਕਥਿਤ ਪੁਲਿਸ ਹਿਰਾਸਤ ’ਚ 18 ਸਾਲਾ ਨੌਜਵਾਨ ਦੀ ਮੌਤ ਨਾਲ ਸਬੰਧਿਤ ਹੈ। ਜਾਣਕਾਰੀ ਅਨੁਸਾਰ ਲਾਮੋਚਰ ਕਲਾਂ ਪਿੰਡ ਦੇ ਸੱਜਣ ਕੁਮਾਰ ਦੀ ਕਥਿਤ ਤੌਰ ’ਤੇ ਘੁਬਾਇਆ ਪੁਲਸ ਚੌਂਕੀ ਵਿਖੇ ਰੇਤ ਚੋਰੀ ਦੇ ਇਕ ਮਾਮਲੇ ’ਚ ਹਿਰਾਸਤ ਦੌਰਾਨ ਕੁੱਟਮਾਰ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੰਜਾਬ ਪੁਲਸ ਨੇ ਦੋ ਪੁਲਸ ਕਰਮਚਾਰੀਆਂ ਤੇ ਮਾਈਨਿੰਗ ਵਿਭਾਗ ਦੇ ਇਕ ਕਰਮਚਾਰੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ ਕਮਿਸ਼ਨ ਨੇ ਡੀ.ਜੀ.ਪੀ. (ਜੇਲ੍ਹਾਂ) ਪੰਜਾਬ, ਜ਼ਿਲ੍ਹਾ ਮੈਜਿਸਟ੍ਰੇਟ ਫਾਜ਼ਿਲਕਾ ਤੇ ਸੀਨੀਅਰ ਸੁਪਰਡੈਂਟ ਆਫ਼ ਪੁਲਸ ਫਾਜ਼ਿਲਕਾ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਜਾਂਚ-ਪੜਤਾਲ ਰਿਪੋਰਟ, ਵੀਡੀਓਗ੍ਰਾਫੀ ਦੇ ਨਾਲ ਪੋਸਟਮਾਰਟਮ ਰਿਪੋਰਟ, ਮੌਤ ਦੇ ਕਾਰਨਾਂ ਬਾਰੇ ਡਾਕਟਰੀ ਬੋਰਡ ਦੀ ਰਿਪੋਰਟ ਤੇ ਹਸਪਤਾਲਾਂ ’ਚ ਦਿੱਤੇ ਗਏ ਇਲਾਜ ਦੇ ਵੇਰਵੇ ਸਮੇਤ ਕਈ ਦਸਤਾਵੇਜ਼ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਗੋਇੰਦਵਾਲ ਸਾਹਿਬ ਜੇਲ੍ਹ ’ਚ ਲਾਪਰਵਾਹੀ
ਦੂਜਾ ਮਾਮਲਾ ਕੇਂਦਰੀ ਜੇਲ੍ਹ, ਗੋਇੰਦਵਾਲ ਸਾਹਿਬ ’ਚ ਹੋਈ ਗੰਭੀਰ ਲਾਪਰਵਾਹੀ ਨਾਲ ਸਬੰਧਿਤ ਹੈ। ਜੇਲ੍ਹ ’ਚ ਕਿਸੇ ਕੈਦੀ ਦੀ ਮੌਤ ਹੋਣ ’ਤੇ ਅਧਿਕਾਰੀਆਂ ਨੇ ਪਰਿਵਾਰ ਨੂੰ ਲਾਸ਼ ਸੌਂਪੀ, ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਸੰਸਕਾਰ ਤੇ ਅਸਥੀਆਂ ਵਿਸਰਜਨ ਤੋਂ ਬਾਅਦ ਇਹ ਸੱਚਾਈ ਸਾਹਮਣੇ ਆਈ ਕਿ ਜਿਸ ਸਰੀਰ ਦਾ ਸੰਸਕਾਰ ਕੀਤਾ ਗਿਆ ਉਹ ਕਿਸੇ ਹੋਰ ਵਿਅਕਤੀ ਦਾ ਸੀ ਅਤੇ ਜਿਸ ਨੂੰ ਮ੍ਰਿਤਕ ਸਮਝਿਆ ਗਿਆ ਸੀ, ਉਹ ਜਿਊਂਦਾ ਸੀ। ਕਮਿਸ਼ਨ ਨੇ ਇਸ ਗੰਭੀਰ ਲਾਪਰਵਾਹੀ ਦਾ ਨੋਟਿਸ ਲੈਂਦਿਆਂ ਏ.ਡੀ.ਜੀ.ਪੀ. (ਜੇਲ੍ਹਾਂ), ਪੰਜਾਬ ਤੇ ਸੁਪਰਡੈਂਟ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। 28 ਸਤੰਬਰ 2025 ਨੂੰ ਸਬੰਧਿਤ ਅਧਿਕਾਰੀਆਂ ਨੂੰ ਵਟਸਐਪ ਰਾਹੀਂ ਸੁਨੇਹਾ ਭੇਜਿਆ ਜਾ ਚੁੱਕਾ ਹੈ। ਦੋਹਾਂ ਮਾਮਲਿਆਂ ’ਚ ਅਧਿਕਾਰੀਆਂ ਨੂੰ ਅਗਲੀ ਸੁਣਵਾਈ ਤੋਂ ਇਕ ਹਫ਼ਤਾ ਪਹਿਲਾਂ ਰਿਪੋਰਟਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਹਿਲੇ ਮਾਮਲੇ ’ਚ ਅਗਲੀ ਸੁਣਵਾਈ 12 ਨਵੰਬਰ ਨੂੰ ਹੋਵੇਗੀ।
 


author

Babita

Content Editor

Related News