ਬਾਲ ਸਾਹਿਤ ਜਗਤ ਵਿਚ ਮਾਹਿਲਪੁਰ ਦੀਆਂ ਪੈੜਾਂ

07/22/2020 1:13:33 PM

ਬਲਜਿੰਦਰ ਮਾਨ  
98150-18947

ਚੀਨੀ ਯਾਤਰੀ ਹਿਊਨਸਾਂਗ ਨੇ (ਸੰਨ 643 ਈਸਵੀ) ਆਪਣੇ ਸਫ਼ਰਨਾਮੇ ਵਿਚ ਮਾਹਿਲਪੁਰ ਨੂੰ 'ਸ਼੍ਰੀ ਮਾਹਿਲ' ਲਿਖਿਆ ਹੈ। ਉਸ ਅਨੁਸਾਰ ਉਸਦੀ ਭਾਰਤ ਯਾਤਰਾ ਮੌਕੇ ਇਥੇ ਰਾਜਾ ਮਾਹਲ ਦੇਵ ਰਾਜ ਕਰਦਾ ਸੀ। ਜਿਸ ਕਰਕੇ ਪਿੰਡ ਦਾ ਨਾਂਮ ਮਾਹਿਲਪੁਰ ਮਸ਼ਹੂਰ ਹੋਇਆ। ਉਸਨੇ ਇਕ ਰਾਤ ਇਸ ਪਿੰਡ ਵਿਚ ਗੁਜ਼ਾਰੀ ਸੀ। ਇਥੋਂ ਦੀਆਂ ਇਤਿਹਾਸਕ ਪ੍ਰਾਪਤੀਆਂ ਵਿਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਸ਼ਹੀਦਾਂ ਤੋਂ ਇਲਾਵਾ ਦਰਜਨ ਦੇ ਕਰੀਬ ਹੋਰ ਧਾਰਮਿਕ ਅਸਥਾਨ ਹਨ। ਗਦਰੀ ਬਾਬਾ ਹਰਜਾਪ ਸਿੰਘ ਨੇ ਅਜ਼ਾਦੀ ਦਾ ਬਿਗਲ ਵਜਾ ਕੇ 5 ਹਜ਼ਾਰ ਮੀਲ ਦਾ ਪੈਂਡਾ ਪੈਦਲ ਤੈਅ ਕਰਕੇ ਇਸ ਪਿੰਡ ਵਿਚ ਅੰਗਰੇਜ਼ਾਂ ਲਈ ਖਤਰੇ ਦਾ ਘੁੱਗੂ ਵਜਾ ਦਿੱਤਾ।

ਇਸੇ ਕਰਕੇ ਇਥੇ ਥਾਣੇ ਦੀ ਸਥਾਪਨਾ ਕਰਨੀ ਪਈ। ਗਿਆਨੀ ਹਰਕੇਵਲ ਸਿੰਘ ਸੈਲਾਨੀ ਦੀ ਇਤਿਹਾਸਕ ਖੋਜ 'ਪਿੰਸੀਪਲ ਹਰਭਜਨ ਸਿੰਘ ਅਤੇ ਮੇਰਾ ਪਿੰਡ ਮਾਹਿਲਪੁਰ' ਇਨ੍ਹਾਂ ਤੱਥਾਂ ਦੀ ਗਵਾਹੀ ਭਰਦੀ ਹੈ। ਸੈਲਾਨੀ ਜੀ ਜ਼ਿਲ੍ਹੇ ਦੇ ਹੀ ਨਹੀਂ ਸਗੋਂ ਪੰਜਾਬ ਦੇ ਪਹਿਲੇ ਪੰਜਾਬੀ ਅਧਿਆਪਕ ਸਨ, ਜਿਨ੍ਹਾਂ ਨੂੰ 1993 ਵਿਚ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਬੱਚਿਆਂ ਲਈ 'ਖੋਤੀ ਵਾਲ਼ਾ ਅੰਕਲ' ਵਰਗੀਆਂ ਰੌਚਕ ਪੁਸਤਕਾਂ ਦੀ ਸਿਰਜਣਾ ਕਰਕੇ ਪਾਠਕਾਂ ਤੱਕ ਮੁਫ਼ਤ ਪਹੁੰਚਾਇਆ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਸਾਹਿਤ ਦੀ ਸਿਰਜਣਾ ਕਰਨ ਵਾਲੀਆਂ ਕਈ ਹਸਤੀਆਂ ਨੇ ਇਸ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਜਨਮ ਲਿਆ। ਕਹਿੰਦੇ ਨੇ ਪਾਂਡਵਾਂ ਨੇ ਆਪਣੇ ਗੁਪਤਵਾਸ ਦਾ ਸਮਾਂ ਰਾਜਾ ਵਿਰਾਟ ਦੀ ਨਗਰੀ (ਦਸੂਹਾ) ਵਿਚ ਗੁਜ਼ਾਰਿਆ, ਜਿੱਥੇ ਭੀਮ ਦੁਆਰਾ ਤਿਆਰ ਕੀਤਾ ਤਲਾਬ ਅੱਜ ਵੀ ਮੌਜੂਦ ਹੈ। ਅਜ਼ਾਦੀ ਤੋਂ ਬਾਅਦ ਲਾਹੌਰ ਤੋਂ ਆਈ ਪੰਜਾਬ ਯੂਨੀਵਰਸਿਟੀ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਸਥਾਪਿਤ ਕੀਤੀ ਗਈ। ਜਿਥੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਵੀ ਪੜ੍ਹਦੇ ਰਹੇ। ਇਥੋਂ ਹਰ ਖੇਤਰ ਦੀਆਂ ਅਨੇਕਾਂ ਹਸਤੀਆਂ ਪੈਦਾ ਹੋਈਆਂ। ਬਾਲ ਸਾਹਿਤ ਦੀ ਗੱਲ ਇੱਕੀਵੀਂ ਸਦੀ ਦੇ ਸ਼ੁਰੂ ਵਿਚ ਬੜੇ ਮਾਣ ਅਤੇ ਸਤਿਕਾਰ ਨਾਲ਼ ਕੀਤੀ ਜਾਣ ਲੱਗੀ, ਜਦਕਿ 20ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਇਸ ਵੱਲ ਤਵੱਜੋ ਦਿੱਤੀ ਜਾਣ ਲੱਗ ਪਈ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਬਹੁਤੇ ਸਾਹਿਤਕਾਰ ਬਾਲ ਰਚਨਾ ਨੂੰ ਬਾਲਾਂ ਵਾਲਾ ਕੰਮ ਹੀ ਮੰਨਦੇ ਰਹੇ ਜਦਕਿ ਅੱਜ ਇਹ ਕਿਹਾ ਜਾਂਦਾ ਹੈ ਕਿ ਬੱਚਿਆਂ ਲਈ ਲਿਖਣਾ ਕੋਈ ਬੱਚਿਆਂ ਦੀ ਖੇਡ ਨਹੀਂ, ਭਾਵ ਇਹ ਸਾਹਿਤ ਖਾਸ ਤਵੱਜੋ ਦੀ ਮੰਗ ਕਰਦਾ ਹੈ। ਸੋ ਅੱਜਕਲ ਜਿਹੜੇ ਸਾਹਿਤਕਾਰ ਬਾਲ ਸਾਹਿਤ ਜਗਤ ਵਿਚ ਸਰਗਰਮ ਹਨ, ਉਨ੍ਹਾਂ ਦਾ ਹਰ ਪਾਸੇ ਭਰਪੂਰ ਆਦਰ ਮਾਣ ਹੋ ਰਿਹਾ ਹੈ। ਬਾਲ ਸਾਹਿਤ ਵਿਚ ਸ਼ਾਨਦਾਰ ਕਾਰਜ ਲਈ ਭਾਰਤੀ ਸਾਹਿਤ ਅਕਾਦਮੀ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੀ ਬਾਲ ਸਾਹਿਤ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਬਾਲ ਸਾਹਿਤ ਦੀ ਅਜੋਕੇ ਸਮੇਂ ਵਿਚ ਬੜੀ ਮਹਾਨਤਾ ਹੈ ਪਰ ਅਸੀਂ ਇਸ ਵੱਲ ਖਿਆਲ ਬੜੀ ਦੇਰ ਬਾਅਦ ਕੀਤਾ ਜਦਕਿ ਵਿਦੇਸ਼ਾਂ ਵਿਚ ਇਸ ਕਾਰਜ ਦੀ ਪਵਿੱਤਰਤਾ ਨੂੰ ਬਹੁਤ ਸਮਾਂ ਪਹਿਲਾਂ ਪਛਾਣ ਲਿਆ ਗਿਆ ਸੀ।

ਪਹਿਲੇ ਪਹਿਲ ਪੰਚਤੰਤਰ ਦੀਆਂ ਕਹਾਣੀਆਂ ਅਤੇ ਲੋਕ ਕਥਾਵਾਂ ਨੂੰ ਬਾਲ ਸਾਹਿਤ ਵਿਚ ਸ਼ਾਮਲ ਕੀਤਾ ਜਾਂਦਾ ਰਿਹਾ। ਉਹ ਸਾਹਿਤ ਰਾਜਿਆਂ ਦੇ ਬੱਚਿਆਂ ਨੂੰ ਉਚੇਰੀਆਂ ਕਦਰਾਂ ਕੀਮਤਾਂ ਸਿਖਾਉਣ ਦੇ ਇਰਾਦੇ ਨਾਲ ਰਿਸ਼ੀਆਂ ਮੁਨੀਆਂ ਦੁਆਰਾ ਸੁਣਾਇਆ ਅਤੇ ਸਮਝਾਇਆ ਜਾਂਦਾ ਸੀ। ਇਸੇ ਤਰ੍ਹਾਂ ਇਹ ਕਹਾਣੀਆਂ ਬਾਤਾਂ ਦੇ ਰੂਪ ਵਿਚ ਸੀਨਾ ਬਸੀਨਾ ਸਾਡੀਆਂ ਦਾਦੀਆਂ ਨਾਨੀਆਂ ਰਾਹੀਂ ਅਗਲੀਆਂ ਪੀੜੀਆਂ ਤੱਕ ਪੁੱਜਦਾ ਰਿਹਾ। ਬਾਅਦ ਵਿਚ ਇਹਨਾਂ ਨੂੰ ਲਿਖਤੀ ਰੂਪ ਪ੍ਰਦਾਨ ਕਰ ਦਿੱਤਾ ਗਿਆ। ਮੌਲਿਕ ਬਾਲ ਸਾਹਿਤ ਦੀ ਸਿਰਜਣਾ ਲਈ ਸ.ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅਜ਼ਾਦੀ ਤੋਂ ਪਹਿਲਾਂ 'ਬਾਲ ਸੰਦੇਸ਼' ਰਸਾਲੇ ਦਾ ਆਰੰਭ ਕਰਕੇ ਕੀਤਾ। ਬਾਅਦ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਖੜੀਆਂ (1970) 'ਪ੍ਰਾਇਮਰੀ ਸਿੱਖਿਆ' (1980) ਬਾਲ ਰਸਾਲਿਆਂ ਦਾ ਆਰੰਭ ਕੀਤਾ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਮਾਹਿਲਪੁਰ ਦੀ ਵਿਸ਼ੇਸ਼ ਪ੍ਰਾਪਤੀਆਂ ਵਿਚ ਇਹ ਵੀ ਦਰਜ ਹੈ ਕਿ 1995 ਵਿਚ ਨਿਜੀ ਖੇਤਰ ਦਾ ਬਾਲ ਰਸਾਲਾ 'ਨਿੱਕੀਆਂ ਕਰੂੰਬਲਾਂ' ਬਲਜਿੰਦਰ ਮਾਨ ਵਲੋਂ ਚਾਲੂ ਕੀਤਾ ਗਿਆ। ਇਹ ਪੰਜਾਬ ਅਤੇ ਚੰਡੀਗੜ੍ਹ ਵਿਚੋਂ ਲੰਬੇ ਸਮੇਂ ਤੋਂ ਲਗਾਤਾਰ ਛਪਣ ਵਾਲਾ ਇਕੋ ਇਕ ਪੰਜਾਬੀ ਰਸਾਲਾ ਹੈ। 1990 ਦੇ ਦਹਾਕੇ ਵਿਚ ਜਿੱਥੇ ਸ਼ੌਕੀ ਮੇਲੇ ਦੀ ਪੂਰੇ ਪੰਜਾਬ ਵਿਚ ਧੁੰਮ ਪਈ, ਉੱਥੇ ਉੱਘੀ ਬਾਲ ਸਾਹਿਤ ਲੇਖਿਕਾ ਬੀਬੀ ਰਮਾ ਰਤਨ ਦੀ ਅਗਵਾਈ ਹੇਠ ਕਮਲਜੀਤ ਨਲੋਂ ਵਲੋਂ ਤਿਆਰ ਕੀਤੇ ਬਾਲ ਕਲਾਕਾਰਾਂ ਨੇ ਬਾਲ ਪ੍ਰੀਤ ਮਿਲਣੀ ਕਾਫ਼ਲੇ ਤਹਿਤ ਪੂਰੇ ਪੰਜਾਬ ਸਮੇਤ ਦਿੱਲੀ ਤਕ ਬਾਲ ਪੁਸਤਕਾਂ, ਬਾਲ ਸਾਹਿਤ ਅਤੇ ਸੱਭਿਆਚਾਰ ਦੀਆਂ ਝੱਲਕਾਂ ਪੇਸ਼ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਮਾਹਿਲਪੁਰ ਵਿਚ ਢਾਡੀ ਅਮਰ ਸਿੰਘ ਸ਼ੌਂਕੀ ਟਰੱਸਟ ਵਲੋਂ ਪ੍ਰਧਾਨ ਐੱਸ ਅਸ਼ੋਕ ਭੌਰਾ ਅਤੇ ਜਨਰਲ ਸਕੱਤਰ ਬਲਜਿੰਦਰ ਮਾਨ ਨਾਲ਼ ਬਾਲ ਮੇਲੇ ਵਿਚ ਪ੍ਰਿੰ.ਜਗਤਾਰ ਸਿੰਘ ਮਿਨਹਾਸ, ਧਰਮ ਸਿੰਘ ਖਾਲਸਾ, ਰਾਓ ਕੈਂਡੋਂਵਾਲ ਵਰਗਿਆਂ ਨੇ ਸਿਰ ਜੋੜਕੇ ਦਿਨ ਰਾਤ ਕੰਮ ਕੀਤਾ। ਉਹ ਯਾਦਗਾਰੀ ਬਾਲ ਮੇਲੇ ਉਸ ਸਮੇਂ ਦੇ ਦਰਸ਼ਕਾਂ ਤੇ ਕਲਾਕਾਰਾਂ ਨੂੰ ਅੱਜ ਵੀ ਯਾਦ ਹਨ। ਚੀਚੋ ਚੀਚ ਗਨੇਰੀਆਂ ਕਾਫ਼ਲਾ ਫ਼ੌਜ ਦੀ ਛੱਤਰ ਛਾਇਆ ਹੇਠ ਜਲੰਧਰ ਦੇ ਅਜੀਤ ਭਵਨ ਵਿਚੋਂ ਚਾਲੂ ਹੋ ਕੇ ਆਦਮਪੁਰ ਤੇ ਹੁਸ਼ਿਆਰਪੁਰ ਰਾਹੀਂ ਮਾਹਿਲਪੁਰ ਪੁੱਜਾ ਸੀ। ਡਾ.ਨਿਰਮਲ ਜੌੜਾ ਜੋ ਅਜਕਲ ਪੰਜਾਬ ਯੂਨਵਿਰਸਿਟੀ ਦੇ ਡਾਇਰੈਕਟਰ ਯੂਥ ਸਰਵਿਸਜ਼ ਹਨ। ਉਸ ਸਮੇਂ ਸਾਡੇ ਨਾਲ਼ ਬਾਲ ਮੇਲੇ ਦੇ ਪ੍ਰਬੰਧਕਾਂ ਵਿਚ ਸ਼ਾਮਲ ਸਨ।

ਬਾਲ ਸਾਹਿਤ ਦੀ ਸਿਰਜਣਾ ਵਿਚ ਅਜ ਵੀ ਕੁੱਝ ਸਾਹਿਤਕਾਰ ਜੁਟੇ ਹੋਏ ਹਨ। ਪਰ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਨੂੰ ਪੁਸਤਕ ਰੂਪ ਪ੍ਰਦਾਨ ਕੀਤਾ ਜਾਂ ਬਾਲ ਸਾਹਿਤ ਜਗਤ ਵਿਚ ਨਿਵੇਕਲੀਆਂ ਪੈੜਾਂ ਪਾਈਆਂ ਹਨ। ਉਨ੍ਹਾਂ ਵਿਚ ਚਰਚਿਤ ਨਾਮ ਡਾ.ਧਰਮਪਾਲ ਸਾਹਿਲ ਦਾ ਲਿਆ ਜਾ ਸਕਦਾ ਹੈ, ਜਿਸਨੂੰ ਪੰਜਾਬੀ ਹਿੰਦੀ ਸਾਹਿਤ ਵਿਚ ਬਰਾਬਰ ਮਾਣ ਸਤਿਕਾਰ ਮਿਲ ਰਿਹਾ ਹੈ।ਮੇਰੇ ਅਧਿਆਪਕ ਡਾ.ਮਨਮੋਹਨ ਸਿੰਘ ਤੀਰ ਵੀ 'ਬਿੱਲੀ ਦੇ ਬਲੂੰਗੜੇ'ਬਾਲ ਕਹਾਣੀ ਸੰਗ੍ਰਹਿ ਨਾਲ ਨਰੋਈਆਂ ਲੀਹਾਂ ਪਾ ਰਹੇ ਹਨ। ਕੁੰਦਨ ਲਾਲ ਭੱਟੀ ਨੇ ਆਪਣੀਆਂ ਪੁਸਤਕਾਂ ਨੂੰ ਸਕੂਲਾਂ ਵਾਸਤੇ ਡੀ.ਪੀ.ਆਈ. ਪੰਜਾਬ ਸਕੂਲਜ਼ ਤੋਂ ਵੀ ਮਾਨਤਾ ਹਾਸਿਲ ਕਰ ਲਈ ਹੈ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਮਾਸਟਰ ਪਰਦੀਪ ਸਿੰਘ ਮੌਜੀ ਇਸ ਖੇਤਰ ਦਾ ਸੰਘਰਸ਼ਸ਼ੀਲ ਨਾਮ ਹੈ। ਉੱਘੇ ਐਕਟਰ ਡਾਇਰੈਕਟਰ ਅਸ਼ੋਕ ਪੁਰੀ ਨੇ ਬਾਲ ਨਾਟਕ ਦੀ ਸਿਰਜਣਾ ਅਤੇ ਪੇਸ਼ਕਾਰੀਆਂ ਵਿਚ ਆਪਣਾ ਵਿਸ਼ੇਸ਼ ਮੁਕਾਮ ਹਾਸਿਲ ਕੀਤਾ ਹੋਇਆ ਹੈ। ਨਵਾਂਸ਼ਹਿਰ ਵਿਚ ਵਸਦਾ ਪੰਜ ਦਰਜਨ ਪੁਸਤਕਾਂ ਦਾ ਸਿਰਜਕ ਅਵਤਾਰ ਸਿੰਘ ਸੰਧੂ ਵੀ ਚੱਬੇਵਾਲ ਦਾ ਜਮੰਪਲ ਹੈ। ਪ੍ਰੋ.ਬਲਬੀਰ ਕੌਰ ਰੀਹਲ ਜੁਆਨੀ ਦੇ ਸਾਲਾਂ ਵਿਚ ਬਾਲ ਸੱਭਿਆਚਾਰਕ ਲੇਖਾਂ ਨਾਲ ਨਿੱਕੀਆਂ ਕਰੂੰਬਲਾਂ ਪੁਰਸਕਾਰ ਹਾਸਿਲ ਕਰ ਚੁੱਕੀ ਹੈ। ਉਸਦੀ ਦੂਸਰੀ ਜਮਾਤ ਵਿਚ ਪੜ੍ਹਦੀ ਬੇਟੀ ਗੁਰਅਮਾਨਤ ਕੌਰ ਦਾ ਕਹਾਣੀ ਸੰਗ੍ਰਹਿ "ਦੋ ਦੋਸਤ ਪੱਖੇ' ਛਪ ਗਿਆ ਹੈ। ਸੁਖਦੇਵ ਕੌਰ ਚਮਕ ਜੀਵਨ ਦੇ ਸੱਤਵੇ ਦਹਾਕੇ ਵਿਚ ਵੀ ਬਾਲ ਸਾਹਿਤ ਸਿਰਜ ਰਹੀ ਹੈ। ਅਵਤਾਰ ਲੰਗੇਰੀ, ਜੋਗਾ ਸਿੰਘ ਬਠੁੱਲਾ, ਅੰਜੂ ਵੀ ਰੱਤੀ, ਮੁਹਿੰਦਰ ਮਾਨ ਅਤੇ ਸੁਰਿੰਦਰ ਸਿੰਘ ਨੇਕੀ ਵੀ ਬਾਲ ਪੁਸਤਕਾਂ ਰਚ ਚੁੱਕੇ ਹਨ। ਨਿੱਕੀਆਂ ਕਰੂੰਬਲਾਂ ਦੀ ਉੱਘੀ ਚਿੱਤਰਕਾਰ ਕੁਲਵਿੰਦਰ ਕੌਰ ਰੂਹਾਨੀ ਨੇ ਬਾਲ ਸਾਹਿਤ ਦੀ ਸਿਰਜਣਾ ਅਤੇ ਚਿੱਤਰਕਾਰੀ ਵਿਚ ਕੌਮਾਂਤਰੀ ਪ੍ਰਸਿੱਧੀ ਹਾਸਲ ਕਰ ਲਈ ਹੈ। ਉਸਦੀ ਬੇਟੀ ਸੁਖਚੰਚਲ ਕੌਰ ਅੱਠ ਸਾਲ ਦੀ ਉਮਰ ਵਿਚ ਕਹਾਣੀਆਂ ਦੀ ਪੁਸਤਕ ਪ੍ਰਕਾਸ਼ਿਤ ਕਰਕੇ ਰਿਕਾਰਡ ਬਣਾ ਚੁੱਕੀ ਹੈ। ਬਾੜੀਆਂ ਕਲਾਂ ਦਾ ਅੰਮ੍ਰਿਤਪਾਲ ਸਿੰਘ ਸੰਧੂ ਭਾਵੇਂ ਇਸ ਰਾਹੇ ਪੂਰਨ ਰੂਪ ਨਾਲ ਨਹੀਂ ਤੁਰਿਆਂ ਪਰ ਉਸਦੀ ਰਚਨਾ ਵਿਚੋਂ ਸੋਹਣੇ ਭਵਿੱਖ ਦੇ ਨੈਣ ਨਕਸ਼ ਦਿਖਾਈ ਦਿੰਦੇ ਹਨ।

ਸਾਬੀ ਈਸਪੁਰੀ ਵਲੋ 3 ਸਾਲ ਪਹਿਲਾਂ ਆਪਣੀ ਬੇਟੀ 'ਤਨੀਸ਼ਾ' ਦੇ ਨਾਂ ਤੇ ਸ਼ੁਰੂ ਕੀਤੀ। ਪੁਸਤਕ ਲੜੀ ਤਹਿਤ ਸੁੱਚਾ ਰਾਮ ਬੰਗਾ ਵਰਗੇ ਸਾਹਿਤਕਾਰ ਨਿਵੇਕਲਾ ਮੁਕਾਮ ਹਾਸਲ ਕਰ ਰਹੇ ਹਨ। ਇਸ ਨਾਲ਼ ਜਿਥੇ ਉਸਨੇ ਖੂਦ ਬਾਲ ਪੁਸਤਕਾਂ ਸਿਰਜੀਆਂ ਹਨ, ਉੱਥੇ ਆਪਣੇ ਸਾਥੀ ਸਗਲੀ ਰਾਮ ਸੱਗੀ ਅਤੇ ਐੱਸ ਮਨਦੀਪਕ ਮਾਣਕੂ ਵਰਗਿਆਂ ਨੂੰ ਵੀ ਇਸ ਖੇਤਰ ਵਿਚ ਸਰਗਰਮ ਕੀਤਾ ਹੈ। ਮਾਹਿਲਪੁਰ ਦਾ ਕਹਾਣੀਕਾਰ ਰਘੁਬੀਰ ਸਿੰਘ ਕਲੋਆ ਅਤੇ ਪਰਮਜੀਤ ਸਿੰਘ ਪੰਮਾ ਪੇਂਟਰ ਦੀਆਂ ਬਾਲ ਪੁਸਤਕਾਂ ਬੜੀਆਂ ਚਰਚਿਤ ਹੋਈਆਂ ਹਨ। ਅੱਜਕਲ ਪੰਮੀ ਖੁਸ਼ਹਾਲਪੁਰੀ ਆਪਣੀਆਂ ਬਾਲ ਰਚਨਾਵਾਂ ਨੂੰ ਸੁਰੀਲੀ ਅੰਦਾਜ਼ ਰਾਹੀਂ ਪ੍ਰਚਾਰ ਰਿਹਾ ਹੈ। ਬੱਗਾ ਸਿੰਘ ਆਰਟਿਸਟ ਨੇ ਬਾਲ ਮਨਾਂ ਦੇ ਹਾਣੀ ਚਿੱਤਰਾਂ ਨਾਲ਼ ਚੰਗੀ ਭੱਲ ਖੱਟੀ ਹੈ ਅਤੇ ਕਈ ਨਵਿਆਂ ਨੂੰ ਦੁਲਾਰਿਆ ਹੈ। ਰਾਓ ਕੈਂਡੋਵਾਲ ਦੀਆਂ ਪੁਸਤਕਾਂ ਨੂੰ ਵੀ ਪਾਠਕਾਂ ਨੂੰ ਵੀ ਭਰਪੂਰ ਹੁੰਗਾਰਾ ਦਿੱਤਾ ਹੈ। ਖਾਲਸਾ ਕਾਲਜ ਮਾਹਿਲਪਰ ਦਾ ਵਿਦਿਆਰਥੀ ਸੁਖਮਨ ਸਿੰਘ ਬਾਲ ਪੁਸਤਕਾਂ ਦੀ ਚਿੱਤਰਕਾਰੀ ਵਿਚ ਸਫ਼ਲ ਹੋ ਰਿਹਾ ਹੈ।

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

ਬਲਜਿੰਦਰ ਮਾਨ ਦੁਆਰਾ ਸਿਰਜੀਆਂ ਪੰਦਰਾਂ ਬਾਲ ਪੁਸਤਕਾਂ ਵਿਚੋਂ 'ਮੇਰਾ ਸੁਪਨਾ'ਨੂੰ 2012 ਵਿਚ ਮਾਤਾ ਜਸਵੰਤ ਕੌਰ ਸਰਵੋਤਮ ਬਾਲ ਪੁਸਤਕ ਪੁਰਸਕਾਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਲੋ ਦਿੱਤਾ ਜਾ ਚੁੱਕਾ ਹੈ। ਉਸਦੇ ਬਾਲ ਸਾਹਿਤਕ ਕਾਰਜਾਂ ਵਿਚ ਨੈਸਨਲ ਬੁੱਕ ਟਰਸਟ ਇੰਡੀਆ ਦਿੱਲੀ ਲਈ ਪੰਜ ਪੁਸਤਕਾਂ ਦਾ ਅਨੁਵਾਦ ਅਤੇ ਇੱਕੀ ਦਾ ਸੰਪਾਦਨ (1995 ਤੋਂ) ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਸਮੇਤ ਸ਼ਾਮਲ ਹੈ। ਪੰਝੀ ਬਾਲ ਸਾਹਿਤਕਾਰਾਂ ਨੂੰ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਪੁਰਸਕਾਰ ਅਤੇ ਬੱਚਿਆਂ ਦੇ ਸਾਹਿਤ ਸਿਰਜਣਾ ਮੁਕਾਬਲੇ ਕਰਵਾ ਕੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਰਸਾਲੇ ਦੇ ਚੌਵੀ ਵਿਸ਼ੇਸ਼ ਅੰਕ ਪੁਸਤਕਾਂ ਵਾਂਗ ਮੁੱਲਵਾਨ ਹਨ। ਰਸਾਲੇ ਨੇ ਕਈ ਨਵੇਂ ਬੱਚਿਆਂ ਅਤੇ ਵੱਡੇ ਸਾਹਿਤਕਾਰਾਂ ਨੂੰ ਇਕ ਮੰਚ ਪ੍ਰਦਾਨ ਕੀਤਾ ਹੈ, ਜਿਸ ਰਾਹੀਂ ਉਹ ਸਾਹਿਤ ਅਤੇ ਕਲਾ ਦੀਆਂ ਟੀਸੀਆਂ ’ਤੇ ਪੁੱਜ ਰਹੇ ਹਨ। ਉੱਘੇ ਸਾਹਿਤਕਾਰ ਐੱਸ.ਅਸ਼ੋਕ ਭੌਰਾ ਦੁਆਰਾ ਬਾਲਾਂ ਲਈ ਸਿਰਜੀ ਪੁਸਤਕ 'ਅਮਰੀਕਾ ਦੇ ਰਾਸ਼ਟਰਪਤੀ'ਦਾ ਰੋਜ਼ਾਨਾ ਅਜੀਤ ਦੇ ਬਾਲ ਜਗਤ ਪੰਨੇ ਤੇ ਲੜੀਵਾਰ ਪ੍ਰਕਾਸ਼ਨ ਹੋਇਆ। ਇਸ ਤਰ੍ਹਾਂ ਮਾਹਿਲਪੁਰ ਨੇ ਬਾਲ ਸਾਹਿਤ ਦੀ ਸਿਰਜਣਾ ਤੇ ਪ੍ਰਕਾਸ਼ਨ ਅਤੇ ਮੰਚਨ ਨਾਲ਼ ਪੂਰੇ ਪੰਜਾਬ ਵਿਚੋਂ ਨਿਵੇਕਲਾ ਸਥਾਨ ਹਾਸਿਲ ਕੀਤਾ ਹੋਇਆ ਹੈ। ਜਿਸ ਵਾਸਤੇ ਇਲਾਕੇ ਦੇ ਸਕੂਲ ਅਤੇ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਪਿੰਡ.ਪਰਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਨਰਸਰੀ ਦਾ ਕਾਰਜ ਕਰ ਰਹੇ ਹਨ। ਸਾਡੀ ਦੁਆ ਹੈ ਕਿ ਇਹ ਸੰਸਥਾ ਸਦਾ ਚੜ੍ਹਦੀ ਕਲਾ ਵਿਚ ਰਹੇ ਤਾਂ ਕਿ ਬਾਲ ਸਾਹਿਤ, ਸਾਹਿਤਕਾਰ, ਸਿੱਖਿਆ,ਕਲਾ ਅਤੇ ਸੱਭਿਆਚਾਰ ਨੂੰ ਪ੍ਰਫ਼ੁੱਲਤਾ ਹੋਣ ਦਾ ਮੌਕਾ ਮਿਲਦਾ ਰਹੇ।

PunjabKesari
   
ਸੰਪਾਦਕ ਨਿੱਕੀਆਂ ਕਰੂੰਬਲਾਂ,
ਕਰੂੰਬਲਾਂ ਭਵਨ ਮਾਹਿਲਪੁਰ,
ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ 146105
Email:karumblan1995@gmail.com

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...


rajwinder kaur

Content Editor

Related News