ਕਿਤਾਬ ਘਰ-1 : ਜਸਬੀਰ ਮੰਡ ਦਾ ਨਾਵਲ ''ਆਖ਼ਰੀ ਬਾਬੇ''
Saturday, Jun 13, 2020 - 02:23 PM (IST)
ਜਸਵੀਰ ਮੰਡ 1962 ਵਿੱਚ ਹਿਰਦੇਪੁਰ, ਜ਼ਿਲ੍ਹਾ ਰੋਪੜ ਵਿੱਚ ਜਨਮਿਆ। ਆਖਰੀ ਬਾਬੇ (ਆੱਟਮ ਆਰਟ-2019) ਜਸਵੀਰ ਮੰਡ ਦਾ ਪੰਜਵਾਂ ਨਾਵਲ ਹੈ। ਇਸ ਤੋਂ ਪਹਿਲਾਂ ਔੜ ਦੇ ਬੀਜ (1986), ਆਖ਼ਰੀ ਪਿੰਡ ਦੀ ਕਥਾ (1992), ਖਾਜ (2010), ਬੋਲ ਮਰਦਾਨਿਆਂ (2015) ਨਾਵਲ ਪ੍ਰਕਾਸ਼ਤ ਹੋ ਚੁੱਕੇ ਹਨ। ਆਖ਼ਰੀ ਬਾਬੇ ਨਾਵਲ ਪੰਜਾਬੀ ਨਾਵਲ ਪਰੰਪਰਾ ਵਿੱਚ ਅਸਲੋਂ ਨਵਾਂ, ਮੌਲਿਕ, ਵਿਲੱਖਣ ਲਿਖਣ ਵਿਧੀ ਸਿਰਜਣ ਵਾਲਾ ਨਾਵਲ ਹੈ। ਇਹ ਨਾਵਲ ਜੇ ਭੂਮਿਕਾ ਅਤੇ ਕ੍ਰੈਡਿਟ ਪੰਨੇ ਦੇ ਗਿਆਰਾਂ ਪੰਨੇ ਕੱਢ ਦੇਈਏ ਤਾਂ ਦੋ ਸੌ ਇਕਾਹਟ ਪੰਨਿਆਂ ’ਤੇ ਫੈਲਿਆ ਉਣੱਤੀ ਕਾਂਡਾਂ ਵਿੱਚ ਵੰਡਿਆ ਨਾਵਲ ਹੈ। ਇਸ ਵਿੱਚ ਜਾਣੇ ਪਛਾਣੇ ਢੰਗ ਨਾਲ ਕਹੀ ਜਾਣ ਵਾਲੀ ਕੋਈ ਕਥਾ ਬਿਰਤਾਂਤ ਜਾਂ ਕਹਾਣੀ ਨਹੀਂ ਹੈ। ਇਹ ਨਾਵਲ ਅਸਲ ਵਿੱਚ ਪੰਜਾਬ ਦੇ ਕਿਸਾਨੀ ਪ੍ਰਧਾਨ ਪਿੰਡ ਦੀਆਂ ਤਿੰਨ ਪੀੜ੍ਹੀਆਂ ਦੀ ਗਾਥਾ ਹੈ, ਜਿਸ ਨੇ ਪੂਰਵ ਹਰੇ ਇਨਕਲਾਬ, ਹਰੇ ਇਨਕਲਾਬ ਅਤੇ ਉੱਤਰ ਹਰੇ ਇਨਕਲਾਬ ਦੀਆਂ ਥੁੜ੍ਹਾਂ, ਆਸਾਂ, ਉਮੰਗਾਂ, ਖਿਆਲਾਂ, ਕਲਪਨਾਵਾਂ ਅਤੇ ਸਮੱਸਿਆਵਾਂ ਨੂੰ ਫੜ੍ਹਿਆ ਹੈ।
ਇਸ ਵਿੱਚ ਪਹਿਲੀ ਬਾਬਾ ਪੀੜ੍ਹੀ ਦੇ ਬਿਰਸਾ ਅਤੇ ਪ੍ਰਸਿੰਨੀ, ਦੂਜੀ ਪੁੱਤ ਪੀੜ੍ਹੀ ਦੇ ਬਲਕਾਰ ਤੇ ਬਲਜੀਤ ਅਤੇ ਤੀਜੀ ਪੋਤਾ ਪੀੜ੍ਹੀ ਦੇ ਹਰਜੀਤ ਤੇ ਉਸ ਦੀ ਗਰਲਫਰੈਂਡ ਤੋਂ ਨੂੰਹ ਬਣੀ ਕੁੜੀ ਅਤੇ ਪੋਤੀ ਪ੍ਰਭਜੀਤ ਅਤੇ ਉਸ ਦੇ ਸੱਪ ਲੜ ਕੇ ਮਰ ਜਾਣ ਵਾਲਾ ਪਤੀ, ਜਿਸ ਨੂੰ ਪੋਤੀ ਨੇ ਛੱਡ ਦਿੱਤਾ ਸੀ, ਪ੍ਰਧਾਨ ਪਾਤਰ ਹਨ। ਪਿਛੋਕੜ ਵਜੋਂ ਬਾਬੇ ਤੋਂ ਵੀ ਪਹਿਲੀ ਪੀੜ੍ਹੀ ਦਾ ਬਿਰਸੇ ਦਾ ਪਿਓ ਅਤੇ ਮਾਂ ਜਲ ਕੌਰ ਹੈ ਅਤੇ ਚੌਥੀ ਪੀੜ੍ਹੀ ਵਜੋਂ ਪ੍ਰਭਜੀਤ ਦੇ ਬੱਚੇ ਆਉਂਦੇ ਹਨ। ਗੁਆਂਢੀ ਅਮਲੀ ਕਬੂਤਰਬਾਜ਼ ਗਿੰਦੀ ਦੀ ਖ਼ੁਦਕੁਸ਼ੀ ਦੀ ਘਟਨਾ ਵਿਸ਼ੇਸ਼ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਹੀ ਇੱਕ ਬਾਬੇ ਪੀੜ੍ਹੀ ਦੇ ਵਿਅਕਤੀ ਦੇ ਪਾਗਲ ਹੋਣ ਦੀ ਘਟਨਾ ਹੈ। ਨਾਵਲ ਵਿੱਚ ਘਟਨਾਵਾਂ ਬਹੁਤ ਘੱਟ ਘਟਦੀਆਂ ਹਨ। ਇੰਜ ਕਹਿ ਸਕਦੇ ਹਾਂ ਕਿ ਨਾਵਲਕਾਰ ਦਾ ਮੁੱਖ ਜ਼ੋਰ ਘਟਨਾਵਾਂ ਚਿੱਤਰਣ ’ਤੇ ਨਹੀਂ ਸਗੋਂ ਘਟਨਾਵਾਂ ਦੇ ਪ੍ਰਭਾਵ ਚਿੱਤਰਣ ’ਤੇ ਹੈ।
ਇਹ ਨਾਵਲ ਮੁੱਖ ਤੌਰ ’ਤੇ ਕਿਸਾਨੀ ਦੇ ਆਧੁਨਿਕ ਮਸ਼ੀਨੀਕਰਨ ਨਾਲ ਖਰਾਬ ਹੋਏ ਵਾਤਾਵਰਨ ਅਤੇ ਟੁੱਟਦੇ ਰਿਸ਼ਤਿਆਂ ਦੀ ਕਥਾ ਹੈ। ਪੇਂਡੂ ਜ਼ਿੰਦਗੀ ਦੀਆਂ ਬਦਲੀਆਂ ਪ੍ਰਸਥਿਤੀਆਂ ਮੰਡੀ ਨੇ ਕਾਬੂ ਕਰ ਲਈਆਂ ਹਨ, ਇਸ ਨਾਲ ਪੁਰਾਣੀ ਪੀੜ੍ਹੀ ਹਾਜ਼ਰ ਹੁੰਦੀ ਹੋਈ ਵੀ ਗ਼ੈਰ ਪ੍ਰਸੰਗਿਕ ਹੋ ਗਈ ਹੈ। ਇਹ ਨਾਵਲ ਗ਼ੈਰ ਪ੍ਰਸੰਗਿਕ ਹੋਈ ਪੀੜ੍ਹੀ ਦੀ ਮਾਰਮਿਕ ਕਥਾ ਹੈ। ਇਸ ਵਿੱਚ ਪੀੜ੍ਹੀਆਂ ਦਾ ਟਕਰਾਓ ਬੜਬੋਲਾ ਨਹੀਂ ਬਣਦਾ ਸਗੋਂ ਡਰਾਉਣੀ ਚੁੱਪ ਵਿੱਚ ਬਦਲ ਜਾਂਦਾ ਹੈ। ਸੰਵਾਦ ਦਾ ਖਾਤਮਾ ਪਾਠਕ ਨੂੰ ਵੀ ਡਰਾ ਦਿੰਦਾ ਹੈ। ਜਸਵੀਰ ਮੰਡ ਦੀ ਇੱਕ ਖ਼ੂਬਸੂਰਤੀ ਹੈ ਕਿ ਉਹ ਕਿਸਾਨ ਦੇ ਖੇਤ (ਮਿੱਟੀ ,ਧਰਤੀ), ਪਾਣੀ( ਜਲ, ਮੀਂਹ), ਹਵਾ (ਪੁਰਾ,ਪੱਛੋਂ, ਪਹਾੜ),ਅੱਗ ਅਤੇ ਅਸਮਾਨ ਪੰਜ ਮੂਲਭੂਤ ਤੱਤਾਂ ਨਾਲ ਬੜਾ ਨੇੜਿਓਂ ਸੰਵੇਦਨਾ ਸਹਿਤ ਰਿਸ਼ਤਿਆਂ ਨੂੰ ਪ੍ਰਗਟ ਕਰਦਾ ਹੈ ।ਇਸ ਨਾਵਲ ਵਿੱਚ ਠੇਠ ਪੇਂਡੂ ਪੰਜਾਬੀ ਭਾਸ਼ਾ ਖ਼ਾਸ ਕਰਕੇ ਬਹੁਤੇ ਸ਼ਬਦ ਆਪਣੀਆਂ ਸਾਰੀਆਂ ਸੰਵੇਦਨਾਵਾਂ ਅਤੇ ਸਮਰੱਥਾਵਾਂ ਨਾਲ ਹਾਜ਼ਰ ਹੁੰਦੇ ਹਨ।
ਲੇਖਕ ਅਸਿੱਧੇ ਤੌਰ ’ਤੇ ਇਹ ਸਿੱਧ ਕਰਦਾ ਹੈ ਕਿ ਸ਼ਬਦਾਂ ਦਾ ਗੁਆਚਣਾ ਇੱਕ ਜੀਵਨ ਜਾਚ ਦਾ ਚਲੇ ਜਾਣਾ ਹੈ, ਇਹ ਇੱਕ ਸੱਭਿਆਚਾਰਕ ਰੁਖ਼ਸਤੀ ਹੈ। ਨਾਵਲ ਜ਼ਿਆਦਾਤਰ ਬਿਰਸੇ ਦੀਆਂ ਸੋਚਾਂ, ਕਲਪਨਾਵਾਂ, ਕਿਰਿਆਵਾਂ ਦੁਆਰਾ ਹੀ ਘੁੰਮਦਾ ਹੈ ਪਰ ਇਹ ਏਕਾਲਾਪ ਵੀ ਨਹੀਂ, ਕਿਉਂਕਿ ਨਾਵਲ ਸੰਵਾਦਾਂ ਦੀ ਥਾਂ ਸ਼ਬਦਾਂ ਤੋਂ ਪਹਿਲਾਂ ਮਨ ਦੀ ਸਥਿਤੀ ਨੂੰ ਪਕੜਨ ਦੇ ਆਹਰ ਵਿੱਚ ਹੈ। ਇਸ ਵਿੱਚ ਪੁਆਧੀ ਅਤੇ ਖੇਤੀ ਨਾਲ ਸਬੰਧਤ ਅਜਿਹੇ ਸ਼ਬਦ ਹਨ ਜਿਵੇਂ ਡੌਲ਼, ਘੌਢਲੀਆ, ਖਲਪਾੜ ਆਦਿ। ਇਸ ਨਾਵਲ ਦੀ ਇਕ ਖ਼ੂਬਸੂਰਤੀ ਇਹ ਹੈ ਕਿ ਇਸ ਵਿੱਚ ਘਟਨਾਵਾਂ ਅਤੇ ਸੰਵਾਦ ਬਹੁਤ ਘੱਟ ਹਨ ਪਰ ਜਦੋਂ ਵੀ ਘਟਨਾਵਾਂ ਜਾਂ ਸੰਵਾਦ ਆਉਂਦੇ ਹਨ ਤਾਂ ਉਹ ਮੂਲ ਕਥਾ ਨੂੰ ਗਤੀ ਤਾਂ ਬਹੁਤ ਘੱਟ ਦਿੰਦੀਆਂ ਹਨ ਪਰ ਆਪਣੇ ਆਪ ਵਿੱਚ ਕਥਾ ਦਾ ਉਹ ਟੁਕੜਾ ਵੱਡੇ ਅਰਥ ਸਮਾਈ ਬੈਠਾ ਹੁੰਦਾ ਹੈ। ਮਿਸਾਲ ਵਜੋਂ:-
ਕੁਝ ਗੱਲਾਂ ਹੁਣ ਬਹਿਸ ਤੋਂ ਬਿਨਾਂ ਸ਼ੁਰੂ ਹੀ ਨਹੀਂ ਸੀ ਹੁੰਦੀਆਂ। ਕੱਲ੍ਹ ਉਹਨੇ ਘਰ ਐਨਾ ਹੀ ਪੁੱਛਿਆ ਸੀ:
“ਐਹ ਮ੍ਹੈਸ ਦੀਆਂ ਨਾਸ੍ਹਾਂ ਉੱਪਰ ਧਾਰਾਂ ਕੀਹਨੇ ਮਾਰੀਆਂ?”
“ਉਹ ਤਾਂ ਮੱਛਰਾਂ ਦੀ ਸਪਰੇਅ ਕਰੀ ਤੀ... ਤਿਨੂੰ ਕਿਆ ਬਾਪੂ ਬੇਵਕਤ ਦੁੱਧ ਏ ਦਿਖੀ ਜਾਂਦਾ...।” ਬਲਕਾਰ ਨੇ ਬਹੁਤ ਹੀ ਰੁੱਖਾ ਬੋਲਿਆ ਸੀ।(ਪੰਨਾ 249)
ਇਹ ਨਾਵਲ ਕਥਾ ਰਸ ਦੀ ਭਾਲ ਕਰਨ ਵਾਲੇ ਪਾਠਕਾਂ ਨੂੰ ਨਿਰਾਸ਼ ਕਰੇਗਾ। ਇਹ ਨਾਵਲ ਅਮੂਰਤ ਖੁੱਲ੍ਹੀ ਕਵਿਤਾ ਵਰਗਾ ਹੈ। ਇਸ ਨਾਵਲ ਦੇ ਸ਼ਬਦ, ਵਾਕ, ਬਿੰਬ, ਪ੍ਰਤੀਕ ਅਤੇ ਪ੍ਰਸਥਿਤੀਆਂ ਵਿੱਚ ਦੁਹਰਾਓ ਹੈ। ਇਹ ਦਹਰਾਓ ਲੇਖਕ ਨੇ ਸ਼ਾਇਦ ਅਕੇਵੇਂ ਭਰੀ ਖੜ੍ਹੀ ਖੜੋਤੀ ਜ਼ਿੰਦਗੀ ਨੂੰ ਚਿੱਤਰਨ ਲਈ ਜਾਣ ਬੁੱਝ ਕੇ ਛੱਡਿਆ ਹੋਵੇ ਪਰ ਇਹ ਨਾਵਲ ਵਿੱਚ ਅਕੇਵਾਂ ਪੈਦਾ ਕਰਦਾ ਹੈ। ਇਸ ਨਾਵਲ ਦਾ ਮੁੱਖ ਸਰੋਕਾਰ ਖੇਤੀ ਪ੍ਰਧਾਨ ਕੁਦਰਤ ਨਾਲ ਇੱਕ ਮਿੱਕ ਹੋ ਕੇ ਜੀਣ ਵਾਲੇ ਪਿੰਡ ਅਤੇ ਪਿੰਡ ਦੇ ਬੰਦਿਆਂ ਦਾ ਮੰਡੀ ਦੇ ਮੁਨਾਫ਼ੇ ਨਾਲ ਜੁੜ ਕੇ ਪੈਸੇ ਦੇ ਪੁੱਤਾਂ ਵਿੱਚ ਰੂਪਾਂਤਰਣ ਹੋਣ ਦਾ ਵਰਣਨ ਹੈ। ਨਾਵਲ ਵਿਸ਼ੇਸ਼ ਕਰਕੇ ਬਿਰਸੇ ਰਾਹੀਂ ਅੱਤ ਸਾਧਾਰਨ ਘਟਨਾਵਾਂ ਨੂੰ ਮਹੀਨਤਾ ਨਾਲ ਵੇਖ ਕੇ ਵੱਡੇ ਅਰਥ ਸਿਰਜਣ ਦੀ ਸਮਰੱਥਾ ਰੱਖਦਾ ਹੈ। ਇਹ ਨਾਵਲਕਾਰ ਉੱਪਰ ਪਏ ਜਾਪਾਨੀ ਅਚੇਤ ਜਾਂ ਸੁਚੇਤ ਪ੍ਰਭਾਵ ਵੀ ਹੋ ਸਕਦੇ ਹਨ, ਉਹ ਜੈਨ ਕਥਾਵਾਂ ਦੇ ਸਾਧੂਆਂ ਵਾਂਗ ਸਾਧਾਰਨ ਘਟਨਾਵਾਂ ਨੂੰ ਵਿਸ਼ੇਸ਼ ਅਰਥ ਦਿੰਦਾ ਹੈ। ਵਿਚਾਰਧਾਰਕ ਤੌਰ ’ਤੇ ਇਹ ਨਾਵਲ ਕੁਦਰਤ ਨਾਲੋਂ ਇਕਮਿਕਤਾ ਟੁੱਟਣ ਤੇ ਰੁਦਨ ਪੇਸ਼ ਕਰਦਾ ਹੈ ਪਰ ਇਹ ਕੁਝ ਬਦਲ ਸਿਰਜਣ ਦੀ ਥਾਵੇਂ ਸਾਰੇ ਨਾਵਲ ਨੂੰ ਉਦਾਸੀ ਅਤੇ ਬੇਬੱਸੀ ਨਾਲ ਭਰ ਦਿੰਦਾ ਹੈ। ਕੁੱਲ ਮਿਲਾ ਕੇ ਬਿਰਸੇ ਦਾ ਆਪਣੇ ਖੇਤਾਂ ਵਿੱਚ ਖੜ੍ਹੀ, ਬਾਪ ਦੀ ਮਰਜੀ ਦੇ ਉਲਟ ਪੋਤੇ ਵੱਲੋਂ ਆਪ ਵਿਆਹ ਕੇ ਲਿਆਂਦੀ ਨੂੰਹ ਦੇ ਸਿਰ ’ਤੇ ਹੱਥ ਧਰਨ ਤੋਂ ਬਿਨਾਂ ਕੋਈ ਹਾਂ ਪੱਖੀ ਚਿੰਨ੍ਹ ਨਾਵਲ ਵਿੱਚ ਵਿਖਾਈ ਨਹੀਂ ਦਿੰਦਾ। ਨਾਵਲਕਾਰ ਇਸ ਨਾਲ ਨਵੇਂ-ਪੁਰਾਣੇ ਦੇ ਸੰਗਮ ਦਾ ਸੰਕੇਤ ਦਿੰਦਾ ਜਾਪਦਾ ਹੈ।
ਰਾਜਿੰਦਰ ਪਾਲ ਸਿੰਘ ਬਰਾੜ
ਕਿਤਾਬ : 'ਆਖ਼ਰੀ ਬਾਬੇ'
ਲਿਖਾਰੀ : ਜਸਬੀਰ ਮੰਡ
ਕਿਤਾਬ ਘਾੜਾ :ਆੱਟਮ ਆਰਟ,ਪਟਿਆਲਾ
ਭਾਅ : 250 ਪੈਪਰਬੈਕ, 300 ਹਾਰਡ ਕਵਰ
ਨੰਬਰ :9115872450