ਐਵਾਨ-ਏ-ਗ਼ਜ਼ਲ : ਵਾਰਿਆ ਸਭ ਕੁਝ ਜਿਹਦੀ ਮੁਸਕਾਨ ਤੋਂ...

07/25/2022 11:09:50 AM

ਸਤਵੰਜਾ 
ਸਮਝਿਆ ਜਿਸ ਨੂੰ ਪਿਆਰਾ ਜਾਨ ਤੋਂ, 
ਵਾਰਿਆ ਸਭ ਕੁਝ ਜਿਹਦੀ ਮੁਸਕਾਨ ਤੋਂ।

ਦੇ ਗਿਆ ਆਖ਼ਰ ਨੂੰ ਧੋਖਾ ਦੇ ਗਿਆ,
ਗ਼ਮ ਤੋਂ ਬਿਨਾ ਮਿਲਿਆ ਕੀ ਉਸ ਅਨਜਾਣ ਤੋਂ।

ਬਿਨਾ ਮੰਗਿਆ ਓਸ ਤੋਂ ਗ਼ਮ ਮਿਲ ਗਿਆ,
ਮੌਤ ਨਾ ਮੰਗਿਆਂ ਮਿਲੀ ਭਗਵਾਨ ਤੋਂ।

ਨਿਕਲਿਆ ਆਸ਼ਕ ਦਾ ਹੌਕਾ ਇਸ ਤਰ੍ਹਾਂ, 
ਟੁੱਟਦਾ ਤਾਰਾ ਜਿਵੇਂ ਅਸਮਾਨ ਤੋਂ।

ਤੱਕ ਜੇ ਤੱਕਣਾ ਸਹਾਰਾ ਓਸ ਦਾ,
ਆਸ ਕੀ ਰੱਖਦਾਂ ਕਿਸੇ ਨਾਦਾਨ ਤੋਂ।

ਸਮਝਦਾ ਸਭ ਤੋਂ ਪਵਿੱਤਰ ਆਪ ਨੂੰ,
ਖ਼ੁਦ ਗੁਜ਼ਾਰਾ ਕਰ ਰਿਹਾ ਜੋ ਦਾਨ ਤੋਂ।

ਉਹ ਨਹੀਂ ਇਨਸਾਨ ਬਸ ਹੈਵਾਨ ਹੈ,
ਬੰਦਾ ਜੋ ਨਫ਼ਰਤ ਕਰੇ ਇਨਸਾਨ ਤੋਂ।

ਵਿਹੰਦਾ ਰਹਿੰਦਾ'ਦਰਦੀ' ਖੜ ਕੇ ਦੂਰ ਤੋਂ,
ਉਠ ਰਿਹਾ ਧੂੰਆਂ ਤਿਰੇ ਸਮਸ਼ਾਨ ਤੋਂ।


ਅਠਵੰਜਾ
ਸ਼ੌਂਕ ਹੈ ਤੇਰਾ ਜੇ ਸਾਨੂੰ ਹਰ ਘੜੀ ਤੜਪਾਉਣ ਦਾ।
ਸ਼ੌਂਕ ਹੈ ਸਾਨੂੰ ਵੀ ਅਪਣੇ ਸਿਦਕ ਨੂੰ ਅਜ਼ਮਾਉਣ ਦਾ।

ਜੇ ਤਮੰਨਾ ਹੈ ਤਿਰੀ ਤਾਂ ਸੱਦ ਬੁਲਾਵਾ ਭੇਜ ਕੇ,
ਹੈ ਨਹੀਂ ਮੇਰਾ ਸੁਭਾੳੇ ਬਿਨ ਬੁਲਾਇਆਂ ਆਉਣ ਦਾ।

ਅੱਤਰ ਭਿੱਜੀ ਹਵਾ ਵਿਚ ਬੁਲਾ ਜਾ ਲੰਘਿਆ ਕੋਲ ਦੀ,
ਆਸ ਬੱਝੀ ਦਿਲ 'ਚ ਕਿ ਵਰ੍ਹਨਾ ਹੈ ਬੱਦਲ ਸਾਉਣ ਦਾ।

ਐ ਖ਼ੁਦਾ ਹਰ ਜਨਮ ਦੇ ਵਿਚ ਦੇਹ ਤੂੰ ਬੰਦੇ ਦੀ ਹੀ ਜੂਨ,
ਮੈਂ ਨਹੀਂ ਚਾਹੁੰਦਾ ਕਿ ਮੁੱਕੇ ਗੇੜ ਆਵਾ ਗਾਉਣ ਦਾ।

ਕੀ ਪਤਾ ਮਨ ਚੰਚਲਾ ਨਾ ਰੀਝ ਜਾਵੇ ਨਰਕ ਤੇ,
ਨ ਕਰੇ ਵਾਅਦਾ ਤੇਰੀ ਜਨੰਤ 'ਚ ਮੁੜ ਕੇ ਆਉਣ ਦਾ।

ਦੇਸ਼ ਦੀ ਸੇਵਾ ਦੇ ਨਾਂ ਤੇ ਲੈ ਗਏ ਓ ਪੁਰਸਕਾਰ,
ਕੰਮ ਜੋ ਕਰਦੇ ਰਹੇ ਲੋਕਾਂ 'ਚ ਅੱਗਾਂ ਲਾਉਣ ਦਾ।

ਇਸ ਤਰ੍ਹਾਂ ਵੱਧਦੀ ਰਹੀ ਜੇਕਰ ਅਬਾਦੀ ਦੇਸ਼ ਦੀ,
ਦਰਿਸ਼ ਬਣ ਜਾਵੇਗਾ ਇਕ ਦਿਨ ਕੀੜਿਆਂ ਦੇ ਭੌਣ ਦਾ।


ਉਨਾਹਟ
ਸਾਜਿਆ ਹੈ ਜਿਸ ਨੇ ਸਾਰੇ ਜਹਾਨ ਨੂੰ।
ਉਸ ਦੀ ਸਿਫ਼ਤ 'ਚ ਲਾਈਏ ਆਪਣੀ ਜ਼ੁਬਾਨ ਨੂੰ।

ਭੁੱਖਾ ਪਰੇਮ ਦਾ ਹੈ ਭੁੱਖਾ ਨਹੀਂ ਦੌਲਤਾਂ ਦਾ,
ਨਹੀਂ ਆਂਚ ਆਉਣ ਦਿੰਦਾ ਭਗਤਾ ਦੇ ਮਾਨ ਨੂੰ।

ਪਰਲਾਦ ਨੂੰ ਬਚਾਇਆ ਨਰ ਸਿੰਘ ਦਾ ਰੂਪ ਧਰ ਕੇ,
ਭਗਤਾਂ ਤੋਂ ਫੇਰਦਾ ਨਹੀਂ ਆਪਣੇ ਧਿਆਨ ਨੂੰ।

ਖਾਧੇ ਨੇ ਬੇਰ ਜੂਠੇ ਖੁਦ ਭੀਲਣੀ ਤੋਂ ਮੰਗ ਕੇ,
ਦਿੱਤਾ ਸੀ ਕੀ ਸੁਨੇਹਾ ਸਾਰੇ ਜਹਾਨ ਨੂੰ।

ਖਾਧਾ ਸੀ ਸਾਰਾ ਫਿੱਕਾ ਕੁੱਲੀ ਬਿਦਰ ਦੀ ਬਹਿ ਕੇ,
ਪੈਰਾਂ ਚਿ ਰੋਲਿਆ ਸੀ ਸ਼ਾਹਾਂ ਦੀ ਸ਼ਾਨ ਨੂੰ।

ਭਾਗੋ ਦੇ ਪੂੜਿਆਂ ਚੋਂ ਕੱਢ ਕੇ ਲਹੂ ਦਿਖਾਇਆ,
ਯੁੱਗਾਂ ਦਾ ਮਾਣ ਦਿਤਾ ਲਾਲੋ ਤਰਖਾਣ ਨੂੰ।

ਰੰਗ ਰੇਟੇ ਗੁਰੁ ਕੇ ਬੇਟੇ ਕਹਿ ਕੇ ਗਲੇ ਲਗਾਇਆ,
ਦੁਰਕਾਰਦਾ ਹਮੇਸ਼ਾ ਜਾਤੀ ਅਭਿਮਾਨ ਨੂੰ।

ਅੱਗਨੀ ਵੀ ਸਾੜਦੀ ਨਹੀਂ ਪਾਣੀ ਵੀ ਡੋਬਦਾ ਨਹੀਂ,
ਅਪਣੀ ਹੀ ਜਾਨ ਜਾਣੇ ਭਗਤਾਂ ਦੀ ਜਾਨ ਨੂੰ।

ਮਜ਼ਬਾਂ ਦੇ ਝਗੜਿਆਂ ਵਿਚ ਪੈਂਦਾ ਨਹੀਂ ਹੈ ਬਿਲਕੁਲ,
ਇਕੋ ਹੀ ਜਾਣਦਾ ਹੈ ਗੀਤਾ ਕੁਰਾਨ ਨੂੰ।

ਲੇਖਕ: ਸਤਨਾਮ ਸਿੰਘ ਦਰਦੀ
ਚਾਨੀਆਂ-ਜਲੰਧਰ
92569-73526


ਪੰਜਾਬ ਨਾਮਾ
ਉਠੋ ਜਾਗੋ ਮੇਰੇ ਪੰਜਾਬ ਦੇ ਓ-ਬੇਖ਼ਬਰ ਲੋਕੋ।
ਮੁਰਝਾਉਂਦੇ ਹੋਏ ਗ਼ੁਲਾਬ ਦੇ ਓ-ਬੇਖ਼ਬਰ ਲੋਕੋ।

ਗਿਰਝਾਂ ਵਾਂਗ ਆ ਬੈਠੇ ਨੇ ਤੇਰੇ ਜਾਨ ਸੀ ਯਾਰਾ।
ਤੇ ਬੈਠੇ ਘੇਰ ਚਾਰੇ ਪਾਸਿਓਂ ਕੋਨੋ-ਮਕੀਂ ਯਾਰਾ।

ਤੇਰੇ ਘਰ ਘਾਟ ਤੇ ਤੱਕ ਲੈ ਪੂਰਬ ਛਾ ਗਿਆ ਆਕੇ।
ਤੇਰੇ ਕੰਮ ਕਾਰ ਨੂੰ ਵੀ ਦੇਖ ਲੈ ਹੁਣ ਖਾ ਗਿਆ ਆਕੇ।

ਮੈਂ ਤੱਕਦੈਂ ਕਿ ਪੁੱਤ ਜੱਟਾਂ ਦੇ ਨੇ ਛੱਡ ਬੈਠੇ ਕਿਸਾਨੀ ਨੂੰ।
ਤੇ ਬੱਚੇ ਸਭ ਨਸ਼ੱਈ ਹੋ ਰਹੇ ਰੋਲਣ ਜਵਾਨੀ ਨੂੰ।

ਹਰ ਇਕ ਕਾਰ ਆ ਗਈ ਹੇਠ ਪੂਰਬ ਦੀ ਗ਼ੁਲਾਮੀ ਦੇ।
ਇਹ ਸਿੱਟੇ ਢੇਰ ਹੁੱਜਤਾਂ ਦੇ ਜਾਂ ਸਾਡੇ ਮਨ ਹਰਾਮੀ ਦੇ। 

ਤੂੰ ਛੱਡ ਕੇ ਵਤਨ ਆਪਣੇ ਨੂੰ ਪਰਾਏ ਦੇਸ਼ ਨੂੰ ਤੁਰਿਓਂ।
ਤੂੰ ਲਾਹ ਕੇ ਸ਼ਾਨ ਸਰਦਾਰੀ ਦੀ ਬਦਲਣ ਭੇਸ ਨੂੰ ਤੁਰਿਓਂ।

ਨਸਲ ਤੇਰੀ ਕਦੇ ਵੀ ਬਾਹਰ ਤੋਂ ਹੁਣ ਮੁੜਨਾ ਚਾਹੁੰਦੀ ਨੀ।
ਤੇਰੇ ਆਪਣੇ ਵਿਰਸੇ ਨਾਲ ਵੀ ਉਹ ਜੁੜਨਾ ਚਾਹੁੰਦੀ ਨੀ।

ਫ਼ਿਕਰ ਕਰਲੋ ਅਜੇ ਵੀ ਵਕ਼ਤ ਹੈ ਨ੍ਹੇਰੀ ਨੇ ਝੁੱਲ ਜਾਣੈ।
ਨਹੀਂ ਦਿਨ ਦੂਰ  ਜਦ ਪੰਜਾਬੀਅਤ ਤੇਰੀ ਨੇ ਰੁਲ਼ ਜਾਣੈ।

ਉਹੀ ਕੁੱਝ ਹੋਣ ਵਾਲਾ ਹੈ ਚਿਰਾਂ ਤੋਂ ਜਿਸ ਦਾ ਡਰ ਸੀ।
ਤੂੰ ਫਿਰ 'ਗੁਰਦੇਵ' ਆਖੇਗਾ ਕਿ ਇਸ ਥਾਂ ਤੇ ਮੇਰਾ ਘਰ ਸੀ।
ਤੂੰ ਫਿਰ ਗੁਰਦੇਵ ਆਖੇਂਗਾ - - -

PunjabKesari

ਲੇਖਕ: ਗੁਰਦੇਵ ਸਿੰਘ ਪੰਦੋਹਲ (ਲੁਧਿਆਣਾ)
ਬ ਜ਼ਰੀਆ: ਸਤਵੀਰ ਸਿੰਘ ਚਾਨੀਆਂ


rajwinder kaur

Content Editor

Related News