ਵਿਆਹ ਤੋਂ ਪਰਤ ਰਹੇ ਲੋਕਾਂ ਦੀ ਕਾਰ ਕੰਬਾਈਲ ਨਾਲ ਟਕਰਾਈ, ਉਡ ਗਏ ਪਰਖੱਚੇ

Thursday, Oct 16, 2025 - 05:24 PM (IST)

ਵਿਆਹ ਤੋਂ ਪਰਤ ਰਹੇ ਲੋਕਾਂ ਦੀ ਕਾਰ ਕੰਬਾਈਲ ਨਾਲ ਟਕਰਾਈ, ਉਡ ਗਏ ਪਰਖੱਚੇ

ਔੜ/ਚੱਕਦਾਨਾ (ਛਿੰਜੀ ਲੜੋਆ) : ਇੱਥੋਂ ਥੋੜੀ ਦੂਰ ਫਿਲੌਰ ਤੋਂ ਨਵਾਂਸ਼ਹਿਰ ਹਾਈਵੇਅ ’ਤੇ ਸਥਿਤ ਪਿੰਡ ਥਲਾ ਅਤੇ ਬੰਸੀਆਂ ਦੇ ਵਿਚਕਾਰ ਇਕ ਪੈਟਰੋਲ ਪੰਪ ਦੇ ਸਾਹਮਣੇ ਕਾਰ ਅਤੇ ਕੰਬਾਈਨ ਦੀ ਟੱਕਰ ਵਿਚ 2 ਕਾਰ ਸਵਾਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ, ਜਦਕਿ ਬਾਕੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਭਿਆਨਕ ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਵਾਸੀ ਪਿੰਡ ਗਰਚਾ (ਨੇੜੇ ਔੜ) ਨੇ ਦੱਸਿਆ ਕਿ ਕੰਬਾਈਨ ਦੇ ਡਰਾਈਵਰ ਨੇ ਕੰਬਾਈਨ ਨੂੰ ਖੇਤਾਂ ਵਿਚੋਂ ਬਿਨਾਂ ਕਿਸੇ ਪਾਸੇ ਦੇਖਿਆਂ ਹੀ ਔੜ-ਫਿਲੌਰ ਮੁੱਖ ਸੜਕ ’ਤੇ ਚੜ੍ਹਾ ਦਿੱਤਾ ਜਿਸ ਕਾਰਨ ਸਾਡੀ ਕਾਰ ਕੰਬਾਈਨ ਨਾਲ ਟਕਰਾ ਗਈ, ਕਾਰ ’ਚ ਪੰਜ ਜਣੇ ਸਵਾਰ ਸੀ ਤੇ ਅਸੀਂ ਰਾਤ 7 ਵਜੇ ਦੇ ਕਰੀਬ ਇਕ ਵਿਆਹ ਸਮਾਗਮ ਤੋਂ ਆਪਣੇ ਪਿੰਡ ਗਰਚਾ ਨੂੰ ਵਾਪਸ ਜਾ ਰਹੇ ਸੀ।

ਉਨ੍ਹਾਂ ਦੱਸਿਆ ਕਿ ਕੰਬਾਈਨ ਚਾਲਕ ਨੇ ਕੰਬਾਈਨ ਨੂੰ ਕਟਰ ਸਮੇਤ ਹੀ ਮੁੱਖ ਮਾਰਗ ’ਤੇ ਚੜ੍ਹਾ ਦਿੱਤਾ ਜਿਸ ਕਾਰਨ ਸਾਡੀ ਕਾਰ ਕਟਰ ਵਿਚ ਆ ਕੇ ਫਸ ਗਈ ਤੇ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਦੀ ਸਾਰੀ ਛੱਤ ਵੱਢੀ ਗਈ। ਉਸਨੇ ਦੱਸਿਆ ਕਿ ਸਾਨੂੰ ਰਾਹਗੀਰਾਂ ਵੱਲੋਂ ਫਿਲੌਰ ਦੇ ਹਸਪਤਾਲ ਵਿਖੇ ਲਿਆਂਦਾ ਗਿਆ। ਇਸ ਸਬੰਧੀ ਪੁਲਸ ਚੌਕੀ ਇੰਚਾਰਜ ਲਸਾੜਾ ਰਜਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ ਪਰ ਕੰਬਾਈਨ ਚਾਲਕ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ।


author

Gurminder Singh

Content Editor

Related News