ਖੇਤਰੀ ਸਿਆਸਤ ਨੂੰ ਜਿੰਦਾ ਕਰਨਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ : ਗਿਆਨੀ ਹਰਪ੍ਰੀਤ ਸਿੰਘ

Friday, Oct 17, 2025 - 09:24 PM (IST)

ਖੇਤਰੀ ਸਿਆਸਤ ਨੂੰ ਜਿੰਦਾ ਕਰਨਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ : ਗਿਆਨੀ ਹਰਪ੍ਰੀਤ ਸਿੰਘ

ਬੇਗੋਵਾਲ (ਰਜਿੰਦਰ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਲੋਕ ਹਿੱਤ ਲਈ ਕਾਰਜ ਕਰਦੀ ਖੇਤਰੀ ਸਿਆਸਤ ਨੂੰ ਜਿੰਦਾ ਕਰਨਾ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ। ਜਿਹੜੀ ਡੂੰਘੀ ਜਮੀਨ ਅੰਦਰ ਦਫਨਾ ਦਿੱਤੀ ਗਈ ਹੈ, ਜੇ ਅਸੀਂ ਉਹਨੂੰ ਮੁੜ ਬਾਹਰ ਨਾ ਕੱਢ ਸਕੇ ਤਾਂ ਸਾਡੀਆਂ ਨਸਲਾਂ ਦਾ ਕਦੇ ਭਲਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਰਕੇ ਜੇ ਅਸੀਂ ਨਿਰਸਵਾਰਥ ਭਾਵਨਾ ਦੇ ਨਾਲ ਉਸ ਸਿਆਸੀ ਤਾਕਤ ਨੂੰ ਜਿੰਦਾ ਕਰਨ ਲਈ ਯਤਨ ਕਰ ਰਹੇ ਹਾਂ ਤੇ ਲੋਕ ਵੀ ਨਿਰਸਵਾਰਥ ਭਾਵਨਾ ਦੇ ਨਾਲ ਹੀ ਸਹਿਯੋਗ ਕਰਨ। ਕਿਉਂਕਿ ਲੀਡਰਸ਼ਿਪ ਇਕੱਲੀ ਕੁਝ ਨਹੀਂ ਕਰ ਸਕਦੀ, ਜਿੰਨਾ ਚਿਰ ਲੋਕ ਮੱਤ ਉਨ੍ਹਾਂ ਦੇ ਨਾਲ ਨਾ ਹੋਵੇ।

ਗਿਆਨੀ ਹਰਪ੍ਰੀਤ ਸਿੰਘ ਬੇਗੋਵਾਲ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ 143ਵੇਂ ਜਨਮ ਦਿਹਾੜੇ ਮੌਕੇ ਆਯੋਜਿਤ ਕੀਤੇ ਮਹਾਨ ਗੁਰਮਤਿ ਸਮਾਗਮ ਮੌਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੰਗਤਾਂ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆ ਅਤੇ ਕਿਹਾ ਕਿ ਸੰਤਾਂ ਨੇ ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਵਿਚਰਦਿਆਂ ਪੰਥ ਅਤੇ ਪੰਜਾਬ ਦੀ ਅਥਾਹ ਸੇਵਾ ਕੀਤੀ। ਜਿੱਥੇ ਸੰਤਾਂ ਨੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ, ਉੱਥੇ ਵਿੱਦਿਆ ਦੇ ਪਸਾਰ ਲਈ ਪੰਜਾਬ ਵੰਡ ਤੋਂ ਪਹਿਲਾਂ ਵੀ ਅਤੇ ਪੰਜਾਬ ਵੰਡ ਤੋਂ ਬਾਅਦ ਵੀ ਸਕੂਲ/ ਕਾਲਜ ਖੁਲ੍ਹਵਾਏ।

ਅਸਥਾਨ ਦੀ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆ ਦਿੱਤੀਆ ਅਤੇ ਦਸਿਆ ਕਿ ਸੰਤਾਂ ਨੇ 1882 ਤੋਂ 1950 ਤੱਕ ਬਹੁਤ ਵੱਡੀ ਸੇਵਾ ਕੀਤੀ। ਧਰਮ ਦਾ ਪ੍ਰਚਾਰ ਤੇ ਸਮਾਜ ਦਾ ਸੁਧਾਰ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਜਿੱਥੇ ਘਰ-ਘਰ ਜਾ ਕੇ ਖੰਡੇ ਬਾਟੇ ਦੀ ਪਾਹੁਲ ਪਹੁੰਚਾਉਣ ਲਈ ਉਪਰਾਲੇ ਕੀਤੇ, ਉੱਥੇ ਵਿੱਦਿਆ ਦੇ ਪ੍ਰਸਾਰ ਲਈ ਸਕੂਲ ਵੀ ਖੋਲ੍ਹੇ। ਉਨ੍ਹਾਂ ਦਸਿਆ ਕਿ ਸੰਤ ਪ੍ਰੇਮ ਸਿੰਘ ਜੀ 1926 ਤੋਂ ਲੈ ਕੇ ਲਗਾਤਾਰ ਛੇ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਜਿਸ ਕਾਰਨ ਕੌਮ ਨੇ ਮਹਾਪੁਰਖਾਂ ਦੀਆਂ ਸੇਵਾਵਾਂ ਦੇਖ ਕੇ ਮਾਣ ਮਹਿਸੂਸ ਕੀਤਾ ਤੇ ਸੰਤਾਂ ਨੂੰ ਦੋ ਵਾਰ ਵਿਧਾਇਕ ਵੀ ਚੁਣਿਆ।

ਇਸ ਤੋਂ ਪਹਿਲਾਂ ਸਵੇਰੇ ਸਮਾਗਮ ਦੀ ਆਰੰਭਤਾ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਰਾਗੀ ਜਥੇ , ਢਾਡੀ ਜਥੇ ਅਤੇ ਕਥਾਵਾਚਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।

ਸਮਾਗਮ ਦੌਰਾਨ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ ਨੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ ਸਾਬਕਾ ਕੈਬਨਿਟ ਮੰਤਰੀ , ਸੁੱਚਾ ਸਿੰਘ ਛੋਟੇਪੁਰ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਮਨਜੀਤ ਸਿੰਘ ਦਸੂਹਾ, ਪਰਮਜੀਤ ਸਿੰਘ ਰਾਏਪੁਰ ਸ਼੍ਰੋਮਣੀ ਕਮੇਟੀ ਮੈਂਬਰ, ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੀਤਮ ਸਿੰਘ ਰੋਪੜ,ਸਿੱਖ ਕੌਮ ਦੇ ਪ੍ਰਚਾਰਕ ਭਗਵਾਨ ਸਿੰਘ ਜੌਹਲ ਤੇ ਹੋਰਨਾਂ ਸਖਸ਼ੀਅਤਾ ਦਾ ਸਨਮਾਨ ਕੀਤਾ।

ਇਸ ਮੌਕੇ ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਬੇਗੋਵਾਲ, ਲਖਵਿੰਦਰ ਸਿੰਘ ਵਿਜੋਲਾ ਸਾਬਕਾ ਚੇਅਰਮੈਨ, ਵਿਕਰਮਜੀਤ ਸਿੰਘ ਵਿੱਕੀ, ਡੀ.ਐੱਸ.ਪੀ. ਮਹਿੰਦਰ ਸਿੰਘ, ਜੋਗਿੰਦਰ ਸਿੰਘ ਅਜੈਬ,ਮਲਕੀਤ ਸਿੰਘ ਠੁਣੀਆ, ਸੇਵਾ ਸਿੰਘ ਭਦਾਸ, ਅਮਰੀਕ ਸਿੰਘ ਪੀ.ਏ., ਰਾਜਨ ਸਿੰਘ ਹਬੀਬਵਾਲ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News