ਐਵਾਨ-ਏ-ਗ਼ਜ਼ਲ: ਮੇਰੀ ਜ਼ਿੰਦਗੀ ਉਦਾਸ ਰਹਿੰਦੀ ਏ।

04/06/2022 1:32:14 PM

ਲੇਖਕ: ਸਤਨਾਮ ਸਿੰਘ ਦਰਦੀ (ਚਾਨੀਆਂ-ਜਲੰਧਰ )
92569-73526

ਬਤਾਲੀ
ਜਿਸ ਤਾਈਂ ਮੇਰੇ ਖੂਨ ਦੀ ਪਿਆਸ ਰਹਿੰਦੀ ਏ।
ਉਹਦੇ ਬਿਨਾਂ ਮੇਰੀ ਜ਼ਿੰਦਗੀ ਉਦਾਸ ਰਹਿੰਦੀ ਏ।

ਭਾਂਵੇ ਆਪਣਾ ਨਹੀਂ ਕੋਈ ਬੇਵਫ਼ਾ ਜਹਾਨ ਤੇ,
ਤਾਂ ਵੀ ਅੱਖੀਆਂ ਨੂੰ ਕਿਸੇ ਦੀ ਤਲਾਸ਼ ਰਹਿੰਦੀ ਏ।

ਉਹ ਆਵੇ ਜਾਂ ਨਾ ਆਵੇ ਇਹ ਹੈ ਉਸ ਦੀ ਰਜ਼ਾ,
ਉਹਦੀ ਯਾਦ ਹਰ ਵੇਲੇ ਮੇਰੇ ਪਾਸ ਰਹਿੰਦੀ ਏ।

ਸੂਲੀ ਚੜ੍ਹ ਕੇ ਕੀ ਮਜ਼ਾ ਆਇਆ ਮਨਸੂਰ ਨੂੰ,
ਸੂਲੀ ਚੜ੍ਹ ਕੇ ਇਹ ਦੇਖਣ ਦੀ ਖਾਹਸ਼ ਰਹਿੰਦੀ ਏ।

ਮੈਂ ਵੀ ਆ ਰਿਹਾਂ ਹਾਂ ਠਹਿਰ ਜ਼ਰਾ ਜਾਣ ਵਾਲਿਆ,
ਐਂਵੇ ਜ਼ਿੰਦਗੀ ਦੀ ਥੋੜੀ ਜਿਹੀ ਰਾਸ ਰਹਿੰਦੀ ਏ।

ਤਰਤਾਲੀ
ਕਰ ਮਿਹਰ ਦੀ ਨਜ਼ਰ ਐ ਮਿਰੇ ਮੈਹਰਮਾਂ,
ਤੇਰੇ ਬਾਝੋਂ ਇਹ ਜੀਵਨ ਕਜ਼ਾ ਬਣ ਗਿਆ।

ਦਰ ਤੇ ਡਿਗਿਆਂ ਨੂੰ ਕਿਧਰੇ ਉਠਾ ਨਾ ਦਈਂ,
ਦਰ ਤੇਰਾ ਹੀ ਮੇਰਾ ਆਸਰਾ ਬਣ ਗਿਆ।

ਸ਼ੌਂਕ ਸੀ ਕੁਝ ਕੁ ਵੱਖਰਾ ਜਿਹਾ ਕਰਨ ਦਾ,
ਅੱਣਖ ਸੰਗ ਜੀਣ ਦਾ ਅੱਣਖ ਤੇ ਮਰਨ ਦਾ।

ਚਲੱਦੇ ਰਾਹਾਂ ਦੇ ਉਤੇ ਨਾ ਤੁਰਿਆ ਗਿਆ, 
ਲੰਘਿਆ ਜਿਧਰ ਦੀ ਮੈਂ ਰਾਸਤਾ ਬਣ ਗਿਆ।

ਬਾਲ ਰੋਟੀ ਦੇ ਤਾਈਂ ਵਿਲਕਦੇ ਰਹੇ,
ਪਾਪਾਂ ਪੁਨਾਂ ਦੇ ਸਾਨੂੰ ਭੁਲੇਖੇ ਰਹੇ ।

ਮੈਂ ੳਮੁਰ ਭਰ ਹੀ ਕਾਮੇ ਦਾ ਕਾਮਾ ਰਿਹਾ, 
ਘੜਿਆ ਪਥੱਰ ਮੈਂ ਜਿਹੜਾ ਖ਼ੁਦਾ ਬਣ ਗਿਆ।

ਮੇਰੀ ਆਦਤ ਹੈ ਆਦਤ ਤੋਂ ਮਜਬੂਰ ਹਾਂ, 
ਆ ਕੇ ਮੰਜ਼ਲ ’ਤੇ ਫਿਰ ਵੀ ਬੜੀ ਦੂਰ ਹਾਂ।

ਦਰ ’ਤੇ ਆਉਂਦਾ ਹਾਂ ਮੈਂ ਝਿੜਕ ਦੇਂਦਾ ਹੈਂ ਤੂੰ,
ਆਪਣਾ ਰੋਜ਼ ਦਾ ਸਿਲਸਲਾ ਬਣ ਗਿਆ।

ਗੁਜ਼ਰ ਚੁੱਕੀ ਹੈ ਕਿਨੀ ਦੁਆ ਕਰਦਿਆਂ, 
ਕੁਝ ਦਵਾ ਕਰਦਿਆਂ ਕੁਝ ਦੁਆ ਕਰਦਿਆਂ।

ਦਰਦ ਸੀਨੇ 'ਚ ਜਿਹੜਾ ਛਪਾਇਆ ਸੀ ਮੈਂ,
ਅਜੱ ੳਹੁ ਦਰਦੇ ਦਿਲ ਦੀ ਦੁਆ ਬਣ ਗਿਆ।

ਕੂੜ ਪਰਧਾਨ ਹੈ ਨਾ ਸਚਾਈ ਰਹੀ,
ਨਾ ਮੁੱਹਬਤ ਰਹੀ ਨਾ ਸਫ਼ਾਈ ਰਹੀ।

ਨਾ ਬਿਨਾ ਗਰਜ਼ ਤੋਂ ਕੋਈ ਰਿਸ਼ਤਾ ਰਿਹਾ,
ਤੇਰੀ ਦੁਨੀਆਂ ਦਾ ਕੈਸਾ ਸੁਭਾਅ ਬਣ ਗਿਆ।

ਖੂਨ ਡੁੱਲਦਾ ਰਿਹਾ ਧਰਮ ਦੇ ਨਾਮ ਤੇ,
ਨਾ ਭਰੋਸਾ ਰਿਹਾ ਅੱਲਾ ਤੇ ਰਾਮ ਤੇ।

ਲੋਕ ਮਰਦੇ ਰਹੇ ਘਰ ਉਜੜਦੇ ਰਹੇ, 
ਮੇਰਾ ਘਰ ਹੀ ਮਿਰੀ ਕਤਲ ਗਾਹ ਬਣ ਗਿਆ।

ਕਰ ਮਿਹਰ ਦੀ ਨਜ਼ਰ ਐ ਮਿਰੇ ਮੈਹਰਮਾਂ,
ਤੇਰੇ ਬਾਝੋਂ ਇਹ ਜੀਵਨ ਕਜ਼ਾ ਬਣ ਗਿਆ।

ਦਰ ਤੇ ਡਿਗਿਆਂ ਨੂੰ ਕਿਧਰੇ ਉਠਾ ਨਾ ਦਈਂ, 
ਦਰ ਤੇਰਾ ਹੀ ਮੇਰਾ ਆਸਰਾ ਬਣ ਗਿਆ।


ਚੁਤਾਲ਼ੀ
ਕਦੀ ਪਿਆਰ ਦੀਆਂ ਗੱਲਾਂ, ਕਦੀ ਖ਼ਾਰ ਦੀਆਂ ਗੱਲਾਂ।
ਸਾਰੇ ਜੱਗ ਤੋਂ ਅਜੀਬ, ਮੇਰੇ ਯਾਰ ਦੀਆਂ ਗੱਲਾਂ।

ਕਦੀ ਮੌਜ ਵਿਚ ਆ ਕੇ, ਤੇਰਾਂ ਤੇਰਾਂ ਤੋਲਣਾ,
ਕਦੀ ਨਿੱਕੀ ਨਿੱਕੀ ਗੱਲ, ਉੱਤੇ ਵਿਸ਼ ਘੋਲਣਾ।

ਦੋਸ਼ ਹੁੰਦਿਆਂ ਵੀ ਕਦੀ, ਕੋਈ ਗੱਲ ਨਹੀ ਸਹਿਣੀ,
ਸਾਡੀ ਸਮਝ 'ਚ ਹੋਈਆਂ, ਵੱਸੋਂ ਬਾਹਰ ਦੀਆਂ ਗੱਲਾਂ।

ਕਦੀ ਅੜੀ ਕਰ ਬਹਿਣਾ, ਕਦੀ ਹਾਰ ਮੰਨ ਲੈਣੀ,
ਕਦੀ ਜਿੱਤ ਦੀਆਂ ਗੱਲਾਂ, ਵਿਚੇ ਹਾਰ ਦੀਆਂ ਗੱਲਾਂ।

ਕਈ ਵਾਰ ਕੀਤਾ ਹੋਇਆ, ਇਕਰਾਰ ਨਹੀਂ ਨਭੌਣਾ,
ਸਾਰੇ ਜੱਗ ਤੋਂ ਅਜੀਬ, ਮੇਰੇ ਯਾਰ ਦੀਆਂ ਗੱਲਾਂ।

ਕਈ ਬਾਰ ਬਿਨਾਂ ਸੱਦਿਓਂ, ਬਹਾਰ ਬਣ ਆਉਣਾ,
ਕਦੀ ਸੁਣਦਾ ਨਹੀਂ ਦਿਲੇ, ਬੇਕਰਾਰ ਦੀਆਂ ਗੱਲਾਂ।

ਮੰਨ ਆਪਣੇ ਨੂੰ ਉਹਦੇ, ਰੰਗ ਵਿਚ ਰੰਗਣਾ,
ਸਾਰੇ ਜੱਗ ਤੋਂ ਅਜੀਬ, ਮੇਰੇ ਯਾਰ ਦੀਆ ਗੱਲਾਂ।

ਉਹਦੀ ਰਜਾ ਵਿਚ ਰਹਿਣਾ, ਉਹਦੀ ਖ਼ੈਰ ਮੰਗਣਾ,
ਰਬ ਕਰੇ ਨਾ ਹੀ ਹੋਣ, ਤਕਰਾਰ ਦੀਆਂ ਗੱਲਾਂ।

ਮੰਗਾ ਰੱਬ ਤੋਂ ਦੁਆਵਾਂ, ਰਹੇ ਯਾਰ ਵੱਸਦਾ,
ਸਾਰੇ ਜੱਗ ਤੋਂ ਅਜੀਬ, ਮੇਰੇ ਯਾਰ ਦੀਆ ਗੱਲਾਂ।

ਯਾਰ ਨਾਲ ਹੀ ਸਾਡਾ, ਸੰਸਾਰ ਵੱਸਦਾ,
ਕੀ ਕੀ 'ਦਰਦੀ' ਸੁਣਾਵੇ, ਸਰਕਾਰ ਦੀਆ ਗੱਲਾਂ।

ਕਦੀ ਪਿਆਰ ਦੀਆਂ ਗੱਲਾਂ, ਕਦੀ ਖ਼ਾਰ ਦੀਆਂ ਗੱਲਾਂ।
ਸਾਰੇ ਜੱਗ ਤੋਂ ਅਜੀਬ, ਮੇਰੇ ਯਾਰ ਦੀਆਂ ਗੱਲਾਂ।


rajwinder kaur

Content Editor

Related News