ਸਰਹੱਦੀ ਵਿਵਾਦ ’ਤੇ ਭਾਰਤ-ਚੀਨ ਦੀ ਬੈਠਕ, ਐੱਲ. ਏ. ਸੀ. ਤੋਂ ਫੌਜਾਂ ਹਟਾਉਣ ’ਤੇ ਹੋਈ ਚਰਚਾ
Thursday, Mar 28, 2024 - 06:31 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ਸਲਾਹ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 29ਵੀਂ ਮੀਟਿੰਗ ਹੋਈ ਅਤੇ ਦੋਵਾਂ ਧਿਰਾਂ ਨੇ ਇਸ ’ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਤੋਂ ਫੌਜੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਅਤੇ ਬਾਕੀ ਮੁੱਦਿਆਂ ਨੂੰ ਹੱਲ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ।
ਬਿਆਨ ’ਚ ਕਿਹਾ ਗਿਆ ਹੈ ਕਿ ਇਹ ਮਹੱਤਵਪੂਰਨ ਬੈਠਕ ਬੀਜਿੰਗ ’ਚ ਹੋਈ। ਮੰਤਰਾਲਾ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਇਸ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਕਿ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਸੈਕਟਰ ’ਚ ਐੱਲ. ਏ. ਸੀ. ਤੋਂ ਪੂਰੀ ਤਰ੍ਹਾਂ ਫੌਜੀਆਂ ਦੀ ਵਾਪਸੀ ਕਿਵੇਂ ਹੋਵੇ ਅਤੇ ਬਕਾਇਆ ਮੁੱਦਿਆਂ ਨੂੰ ਹੱਲ ਕੀਤਾ ਜਾਵੇ।
ਵਿਦੇਸ਼ ਮੰਤਰਾਲਾ ਦੇ ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਨੇ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਬਿਆਨ ’ਚ ਕਿਹਾ ਗਿਆ ਹੈ ਕਿ ਚੀਨੀ ਵਫਦ ਦੀ ਅਗਵਾਈ ਚੀਨੀ ਵਿਦੇਸ਼ ਮੰਤਰਾਲਾ ਦੇ ਸਰਹੱਦਾਂ ਅਤੇ ਸਮੁੰਦਰ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕੀਤੀ।