ਕਿਚਲੂ ਨਗਰ ਦੇ ਰਾਮ ਮੰਦਰ ''ਚ ਵੱਡੀ ਚੋਰੀ, 1.5 ਕਿਲੋਂ ਦੇ ਕਰੀਬ ਚਾਂਦੀ ਦੀ ਮੂਰਤੀ ਤੇ ਹੋਰ ਸਾਮਾਨ ਲੈ ਗਏ ਚੋਰ

Friday, Jul 31, 2026 - 10:12 PM (IST)

ਕਿਚਲੂ ਨਗਰ ਦੇ ਰਾਮ ਮੰਦਰ ''ਚ ਵੱਡੀ ਚੋਰੀ, 1.5 ਕਿਲੋਂ ਦੇ ਕਰੀਬ ਚਾਂਦੀ ਦੀ ਮੂਰਤੀ ਤੇ ਹੋਰ ਸਾਮਾਨ ਲੈ ਗਏ ਚੋਰ

ਲੁਧਿਆਣਾ (ਰਾਜ) - ਕਿਚਲੂ ਨਗਰ ਇਲਾਕੇ ਵਿਚ ਸਥਿਤ ਪ੍ਰਸਿੱਧ ਰਾਮ ਦਰਬਾਰ ਮੰਦਰ ਨੂੰ ਨਿਸ਼ਾਨਾ ਬਣਾ ਕੇ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋ ਅਣਪਛਾਤੇ ਚੋਰਾਂ ਨੇ ਮੰਦਰ ਕੰਪਲੇਕਸ ਵਿਚ ਦਾਖਲ ਹੋ ਕੇ ਉਥੇ ਰੱਖੇ ਲਗਭਗ ਡੇਢ ਕਿਲੋ ਵਜ਼ਨ ਦੇ ਚਾਂਦੀ ਦੇ ਕੀਮਤੀ ਸਮਾਨ, ਮੂਰਤੀਆਂ ਅਤੇ ਗੋਲਕ ਵਿਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਮੰਦਰ ਪ੍ਰਬੰਧਕਾਂ ਦੀ ਸ਼ਿਕਾਇਤ ‘ਤੇ ਪੁਲਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਸਨੀ ਧਵਨ ਨੇ ਦੱਸਿਆ ਕਿ ਬੀਤੀ 30 ਜੁਲਾਈ ਨੂੰ ਰਾਮ ਦਰਬਾਰ ਮੰਦਰ, ਕਿਚਲੂ ਨਗਰ ਵਿਚ ਦੋ ਅਣਪਛਾਤੇ ਵਿਅਕਤੀ ਦਾਖਲ ਹੋਏ। ਚੋਰਾਂ ਨੇ ਮੰਦਰ ਦੇ ਸੇਵਾ ਸਥਾਨ ਤੋਂ ਚਾਂਦੀ ਦੇ ਕੀਮਤੀ ਸਮਾਨ ’ਤੇ ਹੱਥ ਸਾਫ ਕਰ ਦਿੱਤਾ। ਮੰਦਰ ਦੇ ਅੰਦਰੋਂ ਚਾਂਦੀ ਦਾ ਛਤਰ, ਚਾਂਦੀ ਦੀ ਬੰਸਰੀ, ਚਾਂਦੀ ਦੀ ਗਊ ਮਾਤਾ ਦੀ ਮੂਰਤੀ, ਚਾਂਦੀ ਦੀ ਮਾਤਾ ਲਕਸ਼ਮੀ ਜੀ ਅਤੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਜੋ ਕਿ ਲਗਭਗ 1.5 ਕਿਲੋ ਵਜ਼ਨ ਦੀਆਂ ਸਨ, ਚੋਰੀ ਕਰਕੇ ਲੈ ਗਏ। ਇਸ ਦੇ ਨਾਲ ਹੀ ਗੋਲਕ ਤੋੜ ਕੇ ਕਰੀਬ 25 ਹਜ਼ਾਰ ਰੁਪਏ ਨਕਦ ਵੀ ਲੈ ਗਏ। 

ਘਟਨਾ ਦਾ ਪਤਾ ਲਗਦੇ ਹੀ ਮੰਦਰ ਕਮੇਟੀ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋ ਅਣਪਛਾਤੇ ਚੋਰਾਂ ਖਿਲਾਫ ਚੋਰੀ ਅਤੇ ਧਾਰਮਿਕ ਸਥਾਨ ਦੀ ਮਰਿਆਦਾ ਭੰਗ ਕਰਨ, ਅਨਾਦਰ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੰਦਰ ਕੰਪਲੈਕਸ ਅਤੇ ਆਸ ਪਾਸ ਦੀਆਂ ਗਲੀਆਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ।
 


author

Inder Prajapati

Content Editor

Related News