ਨੌਜਵਾਨ ਭਾਰਤ ਸਭਾ ਨੇ ਫੂਕੀ ਮੋਦੀ ਸਰਕਾਰ ਦੀ ਅਰਥੀ
Monday, Nov 05, 2018 - 05:30 AM (IST)

ਸਾਦਿਕ, (ਪਰਮਜੀਤ)- ਪਿੰਡ ਦੀਪ ਸਿੰਘ ਵਾਲਾ ਵਿਖੇ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਨੌਜਵਾਨ ਭਾਰਤ ਸਭਾ ਦੇ ਜ਼ਿਲਾ ਪ੍ਰਧਾਨ ਨੌਨਿਹਾਲ ਸਿੰਘ ਤੇ ਜ਼ਿਲਾ ਆਗੂ ਨਗਿੰਦਰ ਸਿੰਘ ਨੇ ਕਿਹਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ 34 ਸਾਲ ਬੀਤਣ ਦੇ ਬਾਵਜੂਦ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਆਜ਼ਾਦ ਘੁੰਮ ਰਹੇ ਹਨ। 31 ਅਕਤੂਬਰ ਰਾਤ ਅਤੇ 1 ਤੋਂ 3 ਨਵੰਬਰ-1984 ਨੂੰ ਦਿੱਲੀ ਸਮੇਤ ਹੋਰ ਸੂਬਿਆਂ ’ਚ ਸਿੱਖ ਪਰਿਵਾਰਾਂ ਦੇ ਮੈਂਬਰਾਂ ਨੂੰ ਜਿਊਂਦਿਆਂ ਹੀ ਸਾਡ਼ਿਆ ਗਿਆ, ਜਿਸ ਦੀ ਸ਼ੁਰੂਆਤ ਅਪ੍ਰੈਲ 1984 ’ਚ ਹੀ ਸਿੱਖ ਪਰਿਵਾਰਾਂ ਦੀਆਂ ਵੋਟਰ ਸੂਚੀਆਂ ਬਣਾ ਕੇ ਕਰ ਦਿੱਤੀ ਗਈ ਸੀ ਤਾਂ ਕਿ ਸਿੱਖਾਂ ਦੇ ਪਰਿਵਾਰਾਂ ਦੇ ਨਾਵਾਂ ਦਾ ਪਤਾ ਲੱਗ ਸਕੇ। ਕਾਂਗਰਸ ਪਾਰਟੀ ਸਮੇਤ ਪਾਰਟੀ ਦੇ ਸੰਸਦ ਮੈਂਬਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐੱਚ. ਕੇ. ਐੱਲ. ਭਗਤ, ਧਰਮ ਦਾਸ, ਕੌਂਸਲਰਾਂ, ਅਫ਼ਸਰਸ਼ਾਹੀ, ਪੁਲਸ, ਫੌਜ, ਅਰਧ ਸੈਨਿਕ ਬਲ ਅਤੇ ਹੁਣ ਤੱਕ ਬਣੀਆਂ ਜਾਂਚ ਕਮੇਟੀਆਂ ਕਮਿਸ਼ਨ, ਸੀ. ਬੀ. ਆਈ. ਤੇ ਦੇਸ਼ ਦੀ ਸੁਪਰੀਮ ਕੋਰਟ, ਹਾਈ ਕੋਰਟਾਂ ਸਮੇਤ ਸਾਰੀਆਂ ਅਦਾਲਤਾਂ ਦੀ ਕਾਰਗੁਜ਼ਾਰੀ ਸਿੱਖਾਂ ਦਾ ਕਤਲ ਕਰਨ ਵਾਲਿਆਂ ਦੇ ਹੱਕਾਂ ’ਚ ਅਤੇ ਪੀਡ਼ਤ ਪਰਿਵਾਰਾਂ ਦੇ ਵਿਰੋਧ ’ਚ ਸਾਬਤ ਹੋਈ ਹੈ।
ਨੌਜਵਾਨ ਆਗੂ ਹਰਦੀਪ ਸਿੰਘ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਫਾਸੀਵਾਦੀ ਏਜੰਡੇ ਤਹਿਤ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਮੇਂ ਦੀਆਂ ਸਰਕਾਰ ਧਰਮ ਦੀ ਆਡ਼ ਹੇਠ ਰਜਨੀਤੀ ਕਰਕੇ ਮਨੁੱਖਤਾ ਦਾ ਘਾਣ ਕਰ ਰਹੀਆਂ ਹਨ। ਉਨਾਂ ਮੰਗ ਕੀਤੀ 1984 ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦੇ ਕੇ ਪੀਡ਼ਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਸਮੇਂ ਜੱਸ ਗਾਂਧੀ, ਸੁਖਵੀਰ, ਪਵਨਦੀਪ, ਜਸਵਿੰਦਰ ਸਿੰਘ, ਦੁਨੀ, ਮੰਗਾ ਤੇ ਜੱਸੀ ਹਾਜ਼ਰ ਸਨ।