ਨੌਜਵਾਨ ਨੇ ਮੰਦਰ ਤੋਂ ਪੈਸਿਆਂ ਨਾਲ ਭਰੀ ਗੋਲਕ ਕੀਤੀ ਚੋਰੀ, ਫਿਰ ਪੀਤੀ ਸ਼ਰਾਬ
Monday, May 19, 2025 - 06:00 PM (IST)

ਅਬੋਹਰ (ਸੁਨੀਲ) : ਸੋਮਵਾਰ ਸਵੇਰੇ ਇਕ ਚੋਰ ਨੇ ਅਬੋਹਰ ਸੀਤੋ ਗੁੰਨੋ ਰੋਡ ’ਤੇ ਸਥਿਤ ਮਨੋਕਾਮਨਾ ਬਾਬਾ ਖੇਤਰਪਾਲ ਜੰਡ ਮੰਦਰ ’ਚ ਰੱਖੀ ਗੋਲਕ ਚੋਰੀ ਕਰ ਲਈ। ਮੰਦਰ ਦੇ ਸੇਵਕਾਂ ਨੇ ਉਸ ਨੂੰ ਬੱਸ ਸਟੈਂਡ ਦੇ ਪਿੱਛੇ ਤੋਂ ਨਕਦੀ ਸਮੇਤ ਫੜ ਲਿਆ ਅਤੇ ਬਾਅਦ ’ਚ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਮੰਦਰ ਦੇ ਸੇਵਕ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਜਦੋਂ ਉਹ ਸੋਮਵਾਰ ਸਵੇਰੇ ਲਗਭਗ 6:15 ਵਜੇ ਮੰਦਰ ਆਏ ਤਾਂ ਉਨ੍ਹਾਂ ਦੇਖਿਆ ਕਿ ਉਥੇ ਰੱਖੀ ਹੋਈ ਗੋਲਕ ਗਾਇਬ ਸੀ। ਜਦੋਂ ਉਨ੍ਹਾਂ ਨੇ ਕੈਮਰਾ ਚਾਲੂ ਕੀਤਾ ਤਾਂ ਉਨ੍ਹਾਂ ਦੇਖਿਆ ਕਿ ਇਕ ਨੌਜਵਾਨ ਗੋਲਕ ਚੋਰੀ ਕਰਦਾ ਦਿਖਾਈ ਦਿੱਤਾ। ਜਦੋਂ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਨੌਜਵਾਨ ਬੱਸ ਸਟੈਂਡ ਦੇ ਪਿੱਛੇ ਸਟੇਡੀਅਮ ’ਚ ਮਿਲ ਸਕਦਾ ਹੈ। ਉਨ੍ਹਾਂ ਨੇ ਉਸ ਜਗ੍ਹਾਂ ’ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ ਉਕਤ ਨੌਜਵਾਨ ਨੂੰ ਉਥੇ ਗੋਲਕ ਸਮੇਤ ਕਾਬੂ ਕਰ ਲਿਆ। ਜਿਸ ਦੀ ਪਛਾਣ ਸੋਨੂੰ ਵਜੋਂ ਹੋਈ। ਜਿਸ ਨੇ ਮੰਨਿਆ ਕਿ ਉਸ ਨੇ ਸ਼ਰਾਬ ਦੇ ਨਸ਼ੇ ’ਚ ਇਹ ਚੋਰੀ ਕੀਤੀ ਸੀ ਅਤੇ ਇਸ ’ਚੋਂ 180 ਰੁਪਏ ਕੱਢ ਕੇ ਖਰਚ ਕੀਤੇ ਸਨ। ਬਾਕੀ ਬਚੇ ਪੈਸੇ ਸੇਵਾਦਾਰਾਂ ਨੇ ਗੋਲਕ ’ਚੋਂ ਬਰਾਮਦ ਕਰ ਲਏ। ਸੇਵਾਦਾਰਾਂ ਨੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।