ਪਤਨੀ ਦੇ ਪ੍ਰੇਮ ਸਬੰਧਾਂ ਤੋਂ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Monday, Jun 16, 2025 - 06:07 PM (IST)

ਜ਼ੀਰਾ (ਰਾਜੇਸ਼ ਢੰਡ) : ਥਾਣਾ ਜ਼ੀਰਾ ਸਦਰ ਦੇ ਅਧੀਨ ਪੈਂਦੇ ਪਿੰਡ ਸੇਖਵਾਂ ਵਿਚ ਬੀਤੇ ਦਿਨ ਇਕ ਵਿਅਕਤੀ ਨੇ ਪਤਨੀ ਦੇ ਪ੍ਰੇਮ ਸਬੰਧਾਂ ਕਾਰਨ ਪ੍ਰੇਸ਼ਾਨ ਹੋ ਕੇ ਘਰ ਵਿਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਦੇ ਪ੍ਰੇਮੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਜ਼ੀਰਾ ਦੇ ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਸੇਖਵਾਂ ਨੇ ਬਿਆਨ ਦਿੱਤਾ ਕਿ ਉਸ ਦੇ ਪੁੱਤਰ ਜਸਵਿੰਦਰ ਸਿੰਘ ਦਾ ਵਿਆਹ ਲਗਭਗ 15 ਸਾਲ ਪਹਿਲਾਂ ਕਰਮਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਬੋਤੀਆਂ ਵਾਲਾ ਨਾਲ ਹੋਇਆ ਸੀ। ਉਸ ਦੀ ਨੂੰਹ ਕਰਮਜੀਤ ਕੌਰ ਦੇ ਪਿੰਡ ਦੇ ਹੀ ਇਕ ਨੌਜਵਾਨ ਵੀਰੂ ਪੁੱਤਰ ਜਸਵਿੰਦਰ ਸਿੰਘ ਨਾਲ ਲਗਭਗ ਇਕ ਸਾਲ ਤੋਂ ਨਾਜਾਇਜ਼ ਸਬੰਧ ਸਨ।
ਉਕਤ ਨੇ ਦੱਸਿਆ ਕਿ ਇਸ ਕਾਰਨ ਜਸਵਿੰਦਰ ਸਿੰਘ ਅਤੇ ਕਰਮਜੀਤ ਕੌਰ ਵਿਚ ਅਕਸਰ ਵਿਵਾਦ ਹੁੰਦਾ ਸੀ, ਜਿਸ ਕਾਰਨ ਜਸਵਿੰਦਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਦਰਸ਼ਨ ਸਿੰਘ ਨੇ ਦੱਸਿਆ ਕਿ ਇਸੇ ਮੁੱਦੇ ਨੂੰ ਲੈ ਕੇ ਜਸਵਿੰਦਰ ਸਿੰਘ ਨੇ ਬੀਤੇ ਦਿਨ ਘਰ ਦੇ ਕਮਰੇ ਵਿਚ ਲੱਗੇ ਪੱਖੇ ਨਾਲ ਫਾਹਾ ਲੈ ਲਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੀਰੂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।