''ਲੂ'' ਤੋਂ ਬਚਣ ਲਈ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਘਰੋਂ ਨਿਕਲਣ ਤੋਂ ਕਰੋ ਪਰਹੇਜ਼

Monday, Jun 09, 2025 - 03:46 PM (IST)

''ਲੂ'' ਤੋਂ ਬਚਣ ਲਈ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਘਰੋਂ ਨਿਕਲਣ ਤੋਂ ਕਰੋ ਪਰਹੇਜ਼

ਫਾਜਿਲਕਾ (ਨਾਗਪਾਲ) : ਪਿਛਲੇ 3 ਦਿਨਾਂ ਤੋਂ ਤਾਪਮਾਨ ’ਚ ਵਾਧਾ ਦਰਜ ਹੋਇਆ ਹੈ। ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਰਾਜ ਕੁਮਾਰ ਵੱਲੋਂ ਜ਼ਿਲ੍ਹਾ ਨਵਾਸੀਆਂ ਨੂੰ 'ਲੂ' ਤੋਂ ਬਚਣ ਲਈ ਫਿਰ ਤੋਂ ਹਦਾਇਤ ਜਾਰੀ ਕੀਤੀ ਹੈ। ਬਜ਼ੁਰਗ ਅਤੇ ਬੱਚੇ ਦੁਪਹਿਰ 11 ਵਜੇ ਤੋਂ 4 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ। ਕੋਈ ਜ਼ਰੂਰੀ ਕੰਮ ਹੈ, ਉਸ ਨੂੰ ਸਵੇਰ ਵੇਲੇ ਹੀ ਨਿਪਟਾ ਲੈਣ। ਉਨ੍ਹਾਂ ਦੱਸਿਆ ਕਿ ਹੁਣ ਦੁਬਾਰਾ ਗਰਮੀ ਵੱਧ ਰਹੀ ਹੈ ਅਤੇ ਸਵੇਰ ਦੇ ਸਮੇਂ ’ਚ ਹੀ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ।

ਜਿਸ ਨਾਲ ਸਾਵਧਾਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੇ ਸਾਹਮਣੇ ਹਨ੍ਹੇਰਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ ਅਤੇ ਘਬਰਾਹਟ, ਹਲਕਾ ਜਾਂ ਤੇਜ਼ ਬੁਖ਼ਾਰ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ’ਚ ਤੇਜ਼ ਦਰਦ ਅਤੇ ਉਲਟੀਆਂ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਮਾਸ਼ ਪੇਸ਼ੀਆਂ ’ਚ ਦਰਦ ਆਦਿ 'ਲੂ' ਲੱਗਣ ਦੇ ਲੱਛਣ ਹਨ। ਜੇਕਰ ਅਜਿਹੇ ਲੱਛਣ ਨਜ਼ਰ ਆਉਣ ਤਾਂ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਵਿਅਕਤੀ ਦੇ ਕੱਪੜੇ ਢਿੱਲੇ ਕਰੋ, ਪੀਣ ਲਈ ਕੁੱਝ ਤਰਲ ਪਦਾਰਥ ਦਿਓ, ਠੰਡੇ ਪਾਣੀ ਦੀਆਂ ਪੱਟੀਆਂ ਕਰੋ, ਠੰਡੇ ਪਾਣੀ ਨਾਲ ਭਰੇ ਬਾਥਟੱਬ ’ਚ ਮਰੀਜ਼ ਨੂੰ ਲਿਟਾਓ। ਓ. ਆਰ. ਐੱਸ. ਦਾ ਘੋਲ ਬਣਾ ਕੇ ਪਿਲਾਓ।
 


author

Babita

Content Editor

Related News