ਫਿਰੋਜ਼ਪੁਰ ਤੋਂ ਅੰਮ੍ਰਿਤਸਰ ਤੱਕ ਰੇਲਗੱਡੀ ਚਲਾਉਣ ਦੀ ਮੰਗ
Thursday, Jun 12, 2025 - 10:47 AM (IST)

ਫਿਰੋਜ਼ਪੁਰ (ਕੁਮਾਰ) : ਦੇਸ਼ ਨੂੰ ਆਜ਼ਾਦੀ ਮਿਲੇ 77 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅੱਜ ਤੱਕ ਫਿਰੋਜ਼ਪੁਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਸਿੱਧੀ ਰੇਲਵੇ ਲਾਈਨ ਨਹੀਂ ਵਿਛਾਈ ਜਾ ਸਕੀ। ਇਸ ਕਾਰਨ ਫਿਰੋਜ਼ਪੁਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਰੇਲ ਗੱਡੀ ਨਹੀਂ ਚੱਲ ਸਕੀ। ਇਹ ਜਾਣਕਾਰੀ ਦਿੰਦੇ ਹੋਏ ਜਾਗੋ ਪੇਰੈਂਟਸ ਜਾਗੋ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਜਗਨਦੀਪ ਜੋਨੀ, ਚੇਅਰਮੈਨ ਹਰੀਰਾਮ ਖਿੰਦੜੀ, ਸਕੱਤਰ ਪਰਵਿੰਦਰ ਕੁਮਾਰ, ਅਸ਼ਵਨੀ ਸ਼ਰਮਾ, ਪ੍ਰਤਾਪ ਫਿਰੋਜ਼ਪੁਰੀਆ ਅਤੇ ਵਿਨੋਦ ਕੁਮਾਰ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਲਗਭਗ 15 ਸਾਲ ਪਹਿਲਾਂ ਫਿਰੋਜ਼ਪੁਰ ਤੋਂ ਸ੍ਰੀ ਅੰਮ੍ਰਿਤਸਰ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਪਰ ਅੱਜ ਤੱਕ ਇਹ ਰੇਲਵੇ ਲਾਈਨ ਨਹੀਂ ਵਿਛਾਈ ਜਾ ਸਕੀ।
ਉਨ੍ਹਾਂ ਮੰਗ ਕੀਤੀ ਕਿ ਫਿਰੋਜ਼ਪੁਰ ਤੋਂ ਸ੍ਰੀ ਅੰਮ੍ਰਿਤਸਰ ਤੱਕ ਜਲਦੀ ਹੀ ਸਿੱਧੀ ਰੇਲਗੱਡੀ ਚਲਾਈ ਜਾਵੇ, ਤਾਂ ਜੋ ਆਮ ਲੋਕ ਆਸਾਨੀ ਨਾਲ ਸ੍ਰੀ ਅੰਮ੍ਰਿਤਸਰ ਜਾ ਸਕਣ ਅਤੇ ਉੱਥੋਂ ਦੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਸਕਣ ਅਤੇ ਕਾਰੋਬਾਰੀ ਆਪਣਾ ਕਾਰੋਬਾਰ ਆਸਾਨੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ, ਇਸ ਲਈ ਸਰਕਾਰ ਨੂੰ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਲਈ ਸਿੱਧੀ ਰੇਲਗੱਡੀ ਚਲਾਉਣ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ।