ਮਾਣੂੰਕੇ ਦੇ ਇਕ ਹੋਰ ਨੌਜਵਾਨ ਦੀ ਭੇਤਭਰੀ ਹਾਲਤ ''ਚ ਮੌਤ

02/24/2020 11:36:10 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਦੇ ਇਕ ਹੋਰ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ ਹੋਣ ਨਾਲ ਹਲਕੇ 'ਚ ਸਹਿਮ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਪਿਛਲੇ ਇਕ ਹਫਤੇ ਤੋਂ ਘਰੋਂ ਲਾਪਤਾ ਸੀ। ਉਸ ਦੀ ਲਾਸ਼ ਅੱਜ ਪਿੰਡ ਸੰਧਵਾਂ ਥਾਣਾ ਕੋਟਕਪੂਰਾ (ਫਰੀਦਕੋਟ) ਦੇ ਸੂਏ ਤੋਂ ਮਿਲੀ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਮ੍ਰਿਤਕ ਸਤਨਾਮ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਮਾਣੂੰਕੇ ਨਸ਼ਾ ਕਰਨ ਦਾ ਆਦੀ ਸੀ ਅਤੇ ਇਕ ਹਫਤੇ ਤੋਂ ਘਰੋਂ ਲਾਪਤਾ ਸੀ।

ਥਾਣਾ ਕੋਟਕਪੂਰਾ ਸਦਰ ਦੇ ਥਾਣਾ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਅਤੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਵੀ ਪਿੰਡ ਦਾ ਇਕ ਹੋਰ ਨੌਜਵਾਨ ਪਿੰਡ 'ਚੋਂ ਭੇਤਭਰੀ ਹਾਲਤ 'ਚ ਗੁੰਮ ਹੋ ਗਿਆ ਸੀ, ਜਿਸ ਦੀ ਤਿੰਨ ਦਿਨਾਂ ਬਾਅਦ ਖੇਤਾਂ 'ਚੋਂ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਸੀ।


Shyna

Content Editor

Related News