ਲੱਖੇਵਾਲੀ ਦੇ ਬਸ਼ਿੰਦਿਆ ਨੂੰ ਪਾਣੀ ਦੇਣ ਲਈ ਨਵੀਂ ਟੈਂਕੀ ਦਾ ਐੱਸ. ਡੀ. ਐੱਮ. ਨੇ ਕੀਤਾ ਉਦਘਾਟਨ
Monday, Aug 06, 2018 - 03:05 PM (IST)

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਪਿੰਡ ਲੱਖੇਵਾਲੀ ਦੇ ਬਸ਼ਿੰਦੇ ਪਿਛਲੇਂ ਕਈ ਮਹੀਨਿਆਂ ਤੋਂ ਜਲਘਰ ਦੀਆਂ ਟੂਟੀਆਂ ਦਾ ਪਾਣੀ ਨਾ ਮਿਲਣ ਕਰਕੇ ਬੇਹੱਦ ਪ੍ਰੇਸ਼ਾਨ ਹੋ ਰਹੇ ਸਨ, ਕਿਉਂਕਿ ਪਿੰਡ 'ਚ ਧਰਤੀ ਹੇਠਲਾਂ ਪਾਣੀ ਪੀਣਯੋਗ ਨਹੀਂ ਹੈ। ਪਿੰਡ ਦੇ ਲੋਕਾਂ ਨੇ ਬੱਸ ਸਟੈਂਡ ਕੋਲ ਕਰੀਬ ਸਵਾ ਕਰੋੜ ਰੁਪਇਆ ਲਗਾ ਕੇ ਜਲਘਰ ਦੀ ਪਾਣੀ ਵਾਲੀ ਨਵੀਂ ਟੈਂਕੀ ਬਣਾਈ ਸੀ, ਜੋ ਪਿਛਲੇਂ 7 ਮਹੀਨਿਆਂ ਤੋਂ ਤਿਆਰ ਸੀ ਪਰ ਇਸ ਨੂੰ ਚਾਲੂ ਕਰਨ ਲਈ ਕੋਈ ਇਸ ਦਾ ਉਦਘਾਟਨ ਨਹੀਂ ਸੀ ਕਰ ਰਿਹਾ।
ਇਸ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਨੇ ਕਈ ਵਾਰ ਰੋਸ ਪ੍ਰਦਰਸ਼ਨ ਵੀ ਕੀਤੇ ਸਨ। ਆਖਰ ਐੱਸ. ਡੀ. ਐੱਮ. ਰਾਜਪਾਲ ਸਿੰਘ ਮਹਾਂਬੱਧਰ ਨੇ ਪਿੰਡ ਲੱਖੇਵਾਲੀ ਪੁੱਜ ਕੇ ਇਸ ਨਵੀਂ ਟੈਂਕੀ ਦਾ ਉਦਘਾਟਨ ਕੀਤਾ, ਜਿਸ ਨਾਲ ਪਿੰਡ ਵਾਲਿਆਂ ਨੂੰ ਜਲਘਰ ਦੀਆਂ ਟੂਟੀਆਂ ਦਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਖਾਸ ਕਰਕੇ ਗਰੀਬਾਂ ਦੇ ਵੇਹੜਿਆਂ ਦੇ ਲੋਕਾਂ ਨੂੰ ਇਸ ਦਾ ਜ਼ਿਆਦਾ ਲਾਭ ਹੋਵੇਗਾ। ਇਸ ਮੌਕੇ ਰਜਿੰਦਰਪਾਲ ਸਿੰਘ ਨਾਇਬ ਤਹਿਸੀਲਦਾਰ, ਗੁਰਮੀਤ ਸਿੰਘ ਐੱਸ. ਡੀ. ਓ. ਪਾਵਰਕਾਮ, ਸਰਪੰਚ ਆਦਿਪੁਰਖ ਸਿੰਘ, ਗੁਰਮੇਲ ਸਿੰਘ ਲੱਖੇਵਾਲੀ ਆਦਿ ਪਿੰਡ ਵਾਸੀ ਮੌਜੂਦ ਸਨ।