ਜ਼ਮੀਨ ਵੇਚਣ ਦੇ ਨਾਂ ''ਤੇ ਮਾਰੀ ਕਰੋੜਾਂ ਦੀ ਠੱਗੀ

12/20/2019 12:35:49 AM

ਮਲੋਟ, (ਜੁਨੇਜਾ)- ਥਾਣਾ ਸਦਰ ਮਲੋਟ ਦੀ ਪੁਲਸ ਨੇ 25 ਏਕੜ ਦੇ ਕਰੀਬ ਜ਼ਮੀਨ ਵੇਚਣ ਲਈ ਆਪਣੇ ਲੜਕੇ ਦੀ ਥਾਂ ਹੋਰ ਵਿਅਕਤੀ ਨੂੰ ਖੜਾ ਕਰ ਕੇ ਕਰੋੜਾਂ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ਤਹਿਤ ਦੋ ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸਦਰ ਮਲੋਟ ਦੇ ਐੱਸ. ਐੱਸ .ਓ. ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਜਲਾਲਾਬਾਦ ਜ਼ਿਲਾ ਫਾਜ਼ਿਲਕਾ ਨੇ ਜ਼ਿਲਾ ਪੁਲਸ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਦੀ ਜ਼ਮੀਨ ਪਿੰਡ ਸ਼ਤੀਰਵਾਲਾ ਵਿਖੇ ਵੇਚਣ ਤੋਂ ਬਾਅਦ ਨਿਰਮਲ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਦਸਮੇਸ਼ ਨਗਰ ਮਲੋਟ ਨਾਲ ਉਸ ਦੇ ਪੁੱਤਰ ਸਤਨਾਮ ਸਿੰਘ ਨਾਲ ਕਰੀਬ 25 ਏਕੜ ਜ਼ਮੀਨ ਦਾ ਸੌਦਾ ਕੀਤਾ। ਇਸ ਦੀ ਰਜਿਸਟਰੀ ਪਿੱਛੋਂ ਇੰਤਕਾਲ ਵੀ ਉਨ੍ਹਾਂ ਦੇ ਨਾਂ ਹੋ ਗਿਆ ਪਰ ਹੁਣ ਨਿਰਮਲ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈਕੇ ਉਨ੍ਹਾਂ ਨੂੰ ਜ਼ਮੀਨ ’ਚੋਂ ਧੱਕੇ ਨਾਲ ਬਾਹਰ ਕੱਢਣਾ ਚਾਹੁੰਦਾ ਹੈ। ਇਸ ਸਬੰਧੀ ਸ਼ਿਕਾਇਤ ਉਪਰੰਤ ਪੁਲਸ ਨੇ ਕੀਤੀ ਪੜਤਾਲ ਵਿਚ ਪਾਇਆ ਕਿ ਸ਼ਿਕਾਇਤ ਕਰਤਾ ਦਾ ਸੌਦਾ ਨਿਰਮਲ ਸਿੰਘ ਅਤੇ ਉਸ ਦੇ ਪੁੱਤਰ ਸਤਨਾਮ ਸਿੰਘ ਦੇ ਨਾਂ ਪਿੰਡ ਭਗਵਾਨਪੁਰਾ ਤਹਿਸੀਲ ਮਲੋਟ ਵਿਖੇ ਕਰੀਬ 25 ਏਕੜ ਜ਼ਮੀਨ ਦਾ ਸੌਦਾ 14 ਲੱਖ 41 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਕੇ ਕਰੀਬ 3 ਕਰੋੜ 60 ਲੱਖ ਰੁਪਏ ਦੇਕੇ ਆਪਣੇ ਨਾਂ ਰਜਿਸਟਰੀ ਕਰਾਈ ਅਤੇ ਇੰਤਕਾਲ ਵੀ ਕਰਾ ਲਿਆ। ਪੁਲਸ ਨੇ ਜਾਂਚ ਵਿਚ ਪਾਇਆ ਕਿ ਨਿਰਮਲ ਸਿੰਘ ਨੇ ਆਪਣੇ ਲੜਕੇ ਦਾ ਜਾਅਲੀ ਅਧਾਰ ਕਾਰਡ ਬਣਾ ਕੇ ਉਸ ਦੀ ਜਗਾ ਕਿਸੇ ਹੋਰ ਨੂੰ ਖੜਾ ਕਰ ਕੇ ਇਹ ਰਜਿਸਟਰੀ ਕਰਾਈ ਹੈ, ਜਿਸ ਤੋਂ ਬਾਅਦ ਮਲੋਟ ਪੁਲਸ ਨੇ ਨਿਰਮਲ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।


Bharat Thapa

Content Editor

Related News