ਘਰ ਦੀ ਸਫ਼ਾਈ ਲਈ ਰੱਖਣੀ ਨੌਕਰਾਣੀ ਨੇ ਕੀਤੀ ਚੋਰੀ
Thursday, Apr 09, 2026 - 02:06 PM (IST)
ਲੁਧਿਆਣਾ (ਰਾਜ): ਹੈਬੋਵਾਲ ਦੇ ਨਿਊ ਅਮਨ ਵਿਹਾਰ ਇਲਾਕੇ ਵਿਚ ਇਕ ਘਰ ਦੇ ਅੰਦਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਚੋਰੀ ਦੇ ਖੇਡ ਦਾ ਆਖ਼ਰਕਾਰ ਪਰਦਾਫਾਸ਼ ਹੋ ਗਿਆ ਹੈ। ਘਰ ਵਿਚ ਚੋਰੀ ਕਰਨ ਵਾਲੀ ਕੋਈ ਹੋਰ ਨਹੀਂ, ਬਲਕਿ ਉਹੀ ਨੌਕਰਾਨੀ ਨਿਕਲੀ ਜਿਸ 'ਤੇ ਪਰਿਵਾਰ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਸੀ। ਮਾਲਕ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਹੱਥ ਸਾਫ਼ ਕਰਦੇ ਹੋਏ ਨੌਕਰਾਨੀ ਨੂੰ ਰੰਗੇ ਹੱਥੀਂ ਦਬੋਚ ਲਿਆ, ਜਿਸ ਤੋਂ ਬਾਅਦ ਉਸ ਨੂੰ ਥਾਣਾ ਹੈਬੋਵਾਲ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਨਿਊ ਅਮਨ ਵਿਹਾਰ (ਪ੍ਰੀਤਮ ਨਗਰ) ਦੇ ਨਿਵਾਸੀ ਨਰੇਸ਼ ਕੁਮਾਰ ਪਿਛਲੇ ਕਾਫ਼ੀ ਸਮੇਂ ਤੋਂ ਘਰੋਂ ਗਾਇਬ ਹੋ ਰਹੀ ਨਕਦੀ ਨੂੰ ਲੈ ਕੇ ਪਰੇਸ਼ਾਨ ਸਨ। ਉਨ੍ਹਾਂ ਨੂੰ ਸ਼ੱਕ ਤਾਂ ਸੀ, ਪਰ ਸਬੂਤ ਦੀ ਘਾਟ ਕਾਰਨ ਉਹ ਚੁੱਪ ਸਨ। ਬੁੱਧਵਾਰ 8 ਅਪ੍ਰੈਲ ਨੂੰ ਜਦੋਂ ਨੌਕਰਾਨੀ ਮੋਹਿਨੀ ਕੰਮ 'ਤੇ ਪਹੁੰਚੀ, ਤਾਂ ਨਰੇਸ਼ ਕੁਮਾਰ ਨੇ ਉਸ ਨੂੰ ਬਿਨਾਂ ਦੱਸੇ ਉਸ 'ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਮੋਹਿਨੀ ਨੇ ਮੌਕਾ ਪਾ ਕੇ ਕਮਰੇ ਵਿਚ ਕਿੱਲੀ 'ਤੇ ਟੰਗੀ ਨਰੇਸ਼ ਦੀ ਪੈਂਟ ਦੇ ਪਰਸ ਵਿਚੋਂ 3000 ਰੁਪਏ ਕੱਢੇ, ਉਵੇਂ ਹੀ ਨਰੇਸ਼ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਨਰੇਸ਼ ਦੀ ਪਤਨੀ ਕਿਰਨ ਨੇ ਮਹਿਲਾ ਦੀ ਤਲਾਸ਼ੀ ਲਈ, ਤਾਂ ਚੋਰੀ ਕੀਤੇ ਗਏ 3000 ਰੁਪਏ ਬਰਾਮਦ ਹੋ ਗਏ।
ਫੜੇ ਜਾਣ ਤੋਂ ਬਾਅਦ ਜਦੋਂ ਪਰਿਵਾਰ ਨੇ ਮੋਹਿਨੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਜੋ ਸੱਚ ਉਗਲਿਆ ਉਸ ਨੂੰ ਸੁਣ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਮੋਹਿਨੀ ਨੇ ਕਬੂਲ ਕੀਤਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਇਸੇ ਤਰ੍ਹਾਂ ਛੋਟੀ-ਮੋਟੀ ਰਕਮ ਚੋਰੀ ਕਰ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਇਸ ਘਰ ਵਿਚ ਸਾਫ਼-ਸਫ਼ਾਈ ਦਾ ਕੰਮ ਕਰ ਰਹੀ ਸੀ ਅਤੇ ਪਰਿਵਾਰ ਦਾ ਉਸ 'ਤੇ ਅਟੁੱਟ ਵਿਸ਼ਵਾਸ ਸੀ। ਫਿਲਹਾਲ ਪੀੜਤ ਦੀ ਸ਼ਿਕਾਇਤ 'ਤੇ ਥਾਣਾ ਹੈਬੋਵਾਲ ਦੀ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਮੁਲਜ਼ਮ ਮਹਿਲਾ ਮੋਹਿਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਮਹਿਲਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
