ਲੁਧਿਆਣਾ ''ਚ ਘੁੜਸਵਾਰੀ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ, ਘਰ ''ਚ ਵੜ ਕੇ ਨੌਜਵਾਨ ਦੀ ਕੁੱਟਮਾਰ
Friday, May 15, 2026 - 06:58 PM (IST)
ਲੁਧਿਆਣਾ (ਰਾਜ) : ਗਿੱਲ-ਮਲੇਰਕੋਟਲਾ ਰੋਡ 'ਤੇ ਸਥਿਤ ਸਟਾਰ ਐਨਕਲੇਵ ਵਿੱਚ ਘੁੜਸਵਾਰੀ ਨੂੰ ਲੈ ਕੇ ਹੋਇਆ ਇੱਕ ਮਾਮੂਲੀ ਵਿਵਾਦ ਵੱਡੀ ਹਿੰਸਕ ਵਾਰਦਾਤ ਵਿੱਚ ਬਦਲ ਗਿਆ। ਦੋਸ਼ ਹੈ ਕਿ ਕੁਝ ਨਿਹੰਗ ਨੌਜਵਾਨਾਂ ਨੇ ਨਾ ਸਿਰਫ਼ ਇੱਕ ਵਿਅਕਤੀ ਦੇ ਘਰ ਵਿੱਚ ਵੜ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਜਾਂਦੇ ਸਮੇਂ ਉਸ ਦੀ .32 ਬੋਰ ਦੀ ਲਾਇਸੰਸੀ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਲੁੱਟ ਕੇ ਲੈ ਗਏ। ਥਾਣਾ ਸਦਰ ਦੀ ਪੁਲਸ ਨੇ ਇਸ ਮਾਮਲੇ ਵਿੱਚ 7 ਨਾਮਜ਼ਦ ਮੁਲਜ਼ਮਾਂ ਸਮੇਤ ਹੋਰ ਅਣਪਛਾਤਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਤੇਜ਼ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਜਸਕਵਲਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਘੋੜਿਆਂ ਦਾ ਸ਼ੌਕੀਨ ਹੈ ਅਤੇ ਉਸ ਨੇ ਆਪਣੇ ਘਰ ਦੇ ਨੇੜੇ ਹੀ ਪਸ਼ੂਆਂ ਵਾਲੀ ਜਗ੍ਹਾ 'ਤੇ ਘੋੜੇ ਰੱਖੇ ਹੋਏ ਹਨ। ਵਿਵਾਦ ਦੀ ਸ਼ੁਰੂਆਤ 13 ਮਈ ਨੂੰ ਹੋਈ, ਜਦੋਂ ਮੁਲਜ਼ਮ ਰਮਣ ਨਿਹੰਗ ਆਪਣੇ ਕੁਝ ਸਾਥੀਆਂ ਨਾਲ ਉੱਥੇ ਪਹੁੰਚਿਆ ਅਤੇ ਜ਼ਬਰਦਸਤੀ ਘੋੜਿਆਂ ਦੀ ਸਵਾਰੀ ਕਰਨ ਦੀ ਜ਼ਿੱਦ ਕਰਨ ਲੱਗਾ। ਜਦੋਂ ਜਸਕਵਲਦੀਪ ਨੇ ਉਨ੍ਹਾਂ ਨੂੰ ਮਨ੍ਹਾ ਕੀਤਾ ਤਾਂ ਮੁਲਜ਼ਮਾਂ ਨੇ ਗਾਲੀ-ਗਲੋਚ ਅਤੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਪੀੜਤ ਆਪਣੀ ਜਾਨ ਬਚਾਉਣ ਲਈ ਆਪਣੇ ਘਰ ਦੇ ਅੰਦਰ ਚਲਾ ਗਿਆ, ਤਾਂ ਹਮਲਾਵਰ ਪਿੱਛੇ-ਪਿੱਛੇ ਘਰ ਦੇ ਅੰਦਰ ਵੜ ਗਏ।
ਘਰ 'ਚ ਵੜ ਕੇ ਕੀਤੀ ਕੁੱਟਮਾਰ ਤੇ ਲੁੱਟ
ਪੀੜਤ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਘਰ ਦੇ ਅੰਦਰ ਉਸ ਨੂੰ ਬੁਰੀ ਤਰ੍ਹਾਂ ਪਿੱਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਮੁਲਜ਼ਮ ਗੋਪੀ ਨਿਹੰਗ ਨੇ ਘਰ ਵਿੱਚ ਪਈ ਉਸ ਦੀ .32 ਬੋਰ ਦੀ ਲਾਇਸੰਸੀ ਪਿਸਤੌਲ, ਜਿਸ 'ਚ 7 ਜਿੰਦਾ ਕਾਰਤੂਸ ਸਨ, ਚੁੱਕ ਲਈ ਅਤੇ ਹਥਿਆਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਸ ਕਾਰਵਾਈ
ਪੁਲਸ ਨੇ ਇਸ ਮਾਮਲੇ 'ਚ ਪਿੰਡ ਗਿੱਲ ਦੇ ਸ਼ਿੰਗਾਰਾ ਸਿੰਘ, ਆਲਮਗੀਰ ਦੇ ਮਨੀ ਨਿਹੰਗ, ਲੋਹਾਰਾ ਦੇ ਗੋਪੀ, ਦਵਿੰਦਰ ਉਰਫ਼ ਲੱਖਾ ਤੇ ਮਨੂ, ਸ਼ਿਮਲਾਪੁਰੀ ਦੇ ਗੁਰਮੁਖ ਸਿੰਘ ਅਤੇ ਟ੍ਰਾਂਸਪੋਰਟ ਨਗਰ ਦੇ ਸਨਮਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
