ਮਜ਼ਦੂਰਾਂ ਨੇ ਧਾਗਾ ਫੈਕਟਰੀ ਦੇ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਗਾ ਕੀਤਾ ਰੋਸ ਪ੍ਰਗਟਾਵਾ

03/25/2022 3:36:10 PM

ਮਾਛੀਵਾੜਾ ਸਾਹਿਬ (ਟੱਕਰ) : ਕੁਹਾੜਾ ਰੋਡ ’ਤੇ ਸਥਿਤ ਇੱਕ ਧਾਗਾ ਫੈਕਟਰੀ ਦੇ ਬਾਹਰ ਅੱਜ ਮਜ਼ਦੂਰਾਂ ਵਲੋਂ ਰੋਸ ਪ੍ਰਗਟਾਵਾ ਕਰਦਿਆਂ 2 ਅਧਿਕਾਰੀਆਂ ’ਤੇ ਦੋਸ਼ ਲਗਾਏ ਕਿ ਉਹ ਕੰਮ ਕਰਦੀਆਂ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਹਨ, ਇਸ ਲਈ ਨਹੀਂ ਕਰਨੀ ਅਜਿਹੀ ਜ਼ਲਾਲਤ ਭਰੀ ਨੌਕਰੀ, ਸਾਡੀ ਬਣਦੀ ਸਾਰੀ ਤਨਖਾਹ ਦੇ ਦਿੱਤੀ ਜਾਵੇ। ਫੈਕਟਰੀ ਦੇ ਬਾਹਰ ਕਰੀਬ 60 ਤੋਂ ਵੱਧ ਮਜ਼ਦੂਰ ਜਿਨ੍ਹਾਂ ’ਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮਿੱਲ ਦੇ ਮਾਲਕਾਂ ਵਲੋਂ ਇੱਥੇ 2 ਅਧਿਕਾਰੀ ਨਿਯੁਕਤ ਕੀਤੇ ਹਨ ਜੋ ਮਿੱਲ ਅੰਦਰ ਕੰਮ ਕਰਦੀਆਂ ਔਰਤਾਂ ਨਾਲ ਦੁਰਵਿਵਹਾਰ ਤੇ ਅਸ਼ਲੀਲ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ।

ਇਹ ਵੀ ਪੜ੍ਹੋ : ਤਪਾ ਮੰਡੀ ਵਿਖੇ ਔਰਤਾਂ ਨੂੰ ਬੰਦੀ ਬਣਾ ਸਕਾਰਪੀਓ ਲੁੱਟਣ ਵਾਲੇ ਨਕਾਬਪੋਸ਼ ਲੁਟੇਰੇ ਚੜ੍ਹੇ ਪੁਲਸ ਹੱਥੇ

ਮਜ਼ਦੂਰਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਮਿੱਲ ਮਾਲਕਾਂ ਨੂੰ ਵੀ ਸੂਚਿਤ ਕੀਤਾ ਪਰ ਸਾਡੀ ਕੋਈ ਸੁਣਵਾਈ ਨਾ ਹੋਈ, ਇਸ ਕਰਕੇ ਉਨ੍ਹਾਂ ਫੈਸਲਾ ਕੀਤਾ ਕਿ ਉਹ ਇੱਥੋਂ ਨੌਕਰੀ ਛੱਡ ਕਿਤੇ ਹੋਰ ਕਰ ਲੈਣਗੇ। ਮਜ਼ਦੂਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮਿੱਲ ਦੇ ਪ੍ਰਬੰਧਕਾਂ ਨੂੰ ਦੋ ਦਿਨ ਤੋਂ ਗੁਹਾਰ ਲਗਾ ਰਹੇ ਹਨ ਕਿ ਜਾਂ ਤਾਂ ਨਵੇਂ ਰੱਖੇ 2 ਅਧਿਕਾਰੀਆਂ ਜੋ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਹਨ ਉਨ੍ਹਾਂ ਨੂੰ ਬਾਹਰ ਕੱਢ ਦੇਣ ਜਾਂ ਫਿਰ ਸਾਡੀ ਬਣਦੀ ਤਨਖਾਹ ਦੇ ਦੇਣ ਤਾਂ ਜੋ ਕਿਤੇ ਹੋਰ ਨੌਕਰੀ ਲੱਗ ਸਕਣ। ਮਜ਼ਦੂਰਾਂ ਅਨੁਸਾਰ ਉਨ੍ਹਾਂ ਫੈਸਲਾ ਕੀਤਾ ਕਿ ਉਹ ਇਹ ਨੌਕਰੀ ਛੱਡ ਦੇਣਗੇ ਤੇ ਜਦੋਂ ਆਪਣੀ ਤਨਖਾਹ ਦੇ ਪੈਸੇ ਮੰਗਣ ਲੱਗੇ ਤਾਂ ਮਿੱਲ ਪ੍ਰਬੰਧਕਾਂ ਵਲੋਂ ਉਹ ਵੀ ਦੇਣ ਤੋਂ ਇੰਨਕਾਰ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਨੌਕਰੀ ਤੋਂ ਅਸਤੀਫ਼ਾ ਦੇ ਦਿਓ ਤੇ ਬਣਦੀ ਤਨਖਾਹ ਤੁਹਾਡੇ ਖਾਤਿਆਂ ਵਿਚ ਆ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ

ਮਜ਼ਦੂਰ ਇਸ ਗੱਲ ’ਤੇ ਅੜੇ ਰਹੇ ਕਿ ਜੇਕਰ ਉਹ ਨੌਕਰੀ ਅੱਜ ਛੱਡ ਰਹੇ ਹਨ ਤਾਂ ਤਨਖਾਹ ਵੀ ਉਨ੍ਹਾਂ ਨੂੰ ਤੁਰੰਤ ਦਿੱਤੀ ਜਾਵੇ ਜਿਸ ਕਾਰਨ ਅੱਜ ਮਿੱਲ ਦੇ ਬਾਹਰ ਇਕੱਠੇ ਹੇ ਕੇ ਰੋਸ ਮੁਜ਼ਾਹਰਾ ਕੀਤਾ। ਮਿੱਲ ਦੇ ਬਾਹਰ ਹੰਗਾਮਾ ਹੁੰਦਾ ਦੇਖ ਮਾਛੀਵਾੜਾ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਬੀਤੀ ਰਾਤ ਜਿਹੜੇ ਮਜ਼ਦੂਰ ਨੌਕਰੀ ਨਹੀਂ ਕਰਨਾ ਚਾਹੁੰਦੇ ਸਨ ਉਨ੍ਹਾਂ ਨੂੰ ਬਣਦੀ ਤਨਖਾਹ ਦੇ ਚੈੱਕ ਦਵਾ ਦਿੱਤੇ ਗਏ ਸਨ ਅਤੇ ਜੋ ਵੀ ਮਜ਼ਦੂਰ ਨੌਕਰੀ ਛੱਡ ਕੇ ਜਾਣਾ ਚਾਹੁੰਦੇ ਹਨ ਉਹ ਮਿੱਲ ਪ੍ਰਬੰਧਕਾਂ ਨੂੰ ਕਹਿਣਗੇ ਕਿ ਉਨ੍ਹਾਂ ਦੇ ਚੈੱਕ ਵੀ ਦੇ ਦਿੱਤੇ ਜਾਣ। ਥਾਣਾ ਮੁਖੀ ਨੇ ਕਿਹਾ ਕਿ ਜੇਕਰ ਮਿੱਲ ਪ੍ਰਬੰਧਕ ਉਨ੍ਹਾਂ ਦੀ ਤਨਖਾਹ ਨਹੀਂ ਦਿੰਦੇ ਤਾਂ ਸਾਰੇ ਮਜ਼ਦੂਰ ਆਪਣੀ ਸੂਚੀ ਬਣਾ ਪੁਲਸ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਉਣ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਮਿੱਲ ਪ੍ਰਬੰਧਕਾਂ ਖਿਲਾਫ਼ ਕੀਤੀ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News