ਵਿਅਾਹੁਤਾ ਦੀ ਸਹੁਰੇ ਪਰਿਵਾਰ ਵੱਲੋਂ ਕੁੱਟ-ਮਾਰ
Thursday, Oct 25, 2018 - 03:20 AM (IST)

ਜਲਾਲਾਬਾਦ, (ਬੰਟੀ)- ਨਜ਼ਦੀਕੀ ਪਿੰਡ ਨਵਾਂ ਕਿੱਲਾ ’ਚ ਇਕ ਵਿਆਹੁਤਾ ਨਾਲ ਪਤੀ ਤੇ ਸਹੁਰੇ ਪਰਿਵਾਰ ਵੱਲੋਂ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਗਗਨਦੀਪ ਕੌਰ ਪਤਨੀ ਮੰਗਲ ਸਿੰਘ ਵਾਸੀ ਨਵਾਂ ਕਿੱਲਾ ਨੇ ਦੱਸਿਆ ਕਿ ੳੁਸ ਦਾ ਪਤੀ ਨਸ਼ੇ ਦਾ ਆਦੀ ਹੈ ਤੇ ਉਸ ਦੇ ਵਿਆਹ ਨੂੰ ਲਗਭਗ 5 ਸਾਲ ਹੋ ਗਏ ਹਨ ਤੇ ਇਕ ਪੁੁੱਤਰ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਆਏ ਦਿਨ ਉਸ ਦੀ ਕੁੱਟ-ਮਾਰ ਕਰਦਾ ਹੈ ਤੇ ਸਹੁਰਾ ਪਰਿਵਾਰ ਵੀ ਉਸ ਦਾ ਸਾਥ ਦਿੰਦਾ ਹੈ। ਬੀਤੀ ਕੱਲ ਸਵੇਰੇ ਤੋਂ ਹੀ ਉਸ ਦਾ ਪਤੀ, ਦਿਓਰ, ਪਤੀ ਦਾ ਚਾਚਾ, ਇਕ ਵਿਧਵਾ ਚਾਚੀ ਤੇ ਉਸ ਦਾ ਪੁੱਤਰ ਕੁੱਟ-ਮਾਰ ਕਰ ਰਹੇ ਸਨ, ਜਿਸ ਦੇ ਸਬੰਧ ’ਚ ਉਸ ਨੇ ਆਪਣੇ ਚਾਚਾ ਨਿਰਮਲ ਸਿੰਘ ਨੂੰ ਫੋਨ ’ਤੇ ਦੱਸਿਆ ਤੇ ਉਸ ਦੇ ਚਾਚਾ ਨੇ ਉਸ ਦੇ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਪਰ ਫਿਰ ਵੀ ਉਹ ਨਹੀਂ ਹਟੇ ਤੇ ਉਸ ਦੇ ਗਲੇ ’ਚ ਰੱਸੀ ਪਾ ਕੇ ਗਲਾ ਘੁਟਿਆ।
ਅਚਾਨਕ ਹੀ ਉਸ ਦਾ ਚਾਚਾ ਨਿਰਮਲ ਸਿੰਘ ਮੌਕੇ ’ਤੇ ਆ ਗਿਆ ਤੇ ਉਸ ਨੇ ਉਸ ਨੂੰ ਉਨ੍ਹਾਂ ਦੇ ਚੁੰਗਲ ’ਚੋਂ ਛੁਡਵਾਇਆ। ਪੀਡ਼ਤਾ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।