ਪਲਟ ਗਈ ਕਹਾਣੀ, ਭਾਜਪਾ ਦੀ ਰਣਨੀਤੀ ’ਤੇ ਫਿਰਿਆ ਪਾਣੀ
Tuesday, Feb 20, 2024 - 03:17 PM (IST)
ਚੰਡੀਗੜ੍ਹ (ਹਾਂਡਾ): ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਸਬੰਧੀ ਸੁਪਰੀਮ ਕੋਰਟ ਨੇ ਭਾਜਪਾ ਦੀ ਰਣਨੀਤੀ ’ਤੇ ਪਾਣੀ ਫੇਰਦਿਆਂ ਦੁਬਾਰਾ ਚੋਣਾਂ ਦੀ ਮੰਗ ਅਸਵੀਕਾਰ ਕਰ ਦਿੱਤੀ ਹੈ। ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਹੁਕਮ ਦਿੱਤੇ ਹਨ ਕਿ ਮੇਅਰ ਚੋਣਾਂ ਦਾ ਸਾਰਾ ਰਿਕਾਰਡ ਅਤੇ ਵੀਡੀਓ ਰਿਕਾਰਡਿੰਗ ਮੰਗਲਵਾਰ ਨੂੰ ਹਾਈਕੋਰਟ ਵਲੋਂ ਨਿਯੁਕਤ ਨਿਆਂਇਕ ਅਧਿਕਾਰੀ ਦੀ ਨਿਗਰਾਨੀ ਹੇਠ ਸੁਪਰੀਮ ਕੋਰਟ ਨੂੰ ਭੇਜੀ ਜਾਵੇ, ਜਿੱਥੇ ਮੰਗਲਵਾਰ ਦੁਪਹਿਰ 2 ਵਜੇ 30 ਜਨਵਰੀ ਨੂੰ ਹੋਈ ਵੋਟਿੰਗ ਦੀ ਦੁਬਾਰਾ ਅਦਾਲਤ ਦੀ ਨਿਗਰਾਨੀ ਹੇਠ ਸਮੀਖਿਆ ਹੋਵੇਗੀ। ਇਸ ਨਾਲ ਭਾਜਪਾ ਦੀ ਸਿਆਸੀ ਤਾਣੀ ਕਾਫ਼ੀ ਉਲਝ ਗਈ ਹੈ। ਜਿਨ੍ਹਾਂ 8 ਬੈਲਟ ਪੇਪਰਾਂ ਨਾਲ ਛੇੜਛਾੜ ਕਰ ਕੇ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਵਲੋਂ ਅਯੋਗ ਕਰਾਰ ਦਿੱਤੇ ਗਏ ਸਨ, ਉਨ੍ਹਾਂ ਨੂੰ ਵੀ ਗਿਣਤੀ ’ਚ ਸ਼ਾਮਲ ਕੀਤਾ ਜਾਵੇਗਾ। ਮਸੀਹ ਵਲੋਂ ਤੈਅ ਨਿਸ਼ਾਨ ਨੂੰ ਨਜ਼ਰਅੰਦਾਜ਼ ਕਰਦਿਆਂ ਕੌਂਸਲਰਾਂ ਵਲੋਂ ਤੈਅ ਨਿਸ਼ਾਨ ਅਧੀਨ ਫ਼ੈਸਲਾ ਕੀਤਾ ਜਾਵੇਗਾ। ਅਦਾਲਤ ਨੇ ਪੁਲਸ ਨੂੰ ਮੇਅਰ ਚੋਣ ਰਿਕਾਰਡ ਅਤੇ ਅਧਿਕਾਰੀਆਂ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਸਾਰਾ ਰਿਕਾਰਡ ਸੁਰੱਖਿਅਤ ਢੰਗ ਨਾਲ ਸੁਪਰੀਮ ਕੋਰਟ ਤੱਕ ਪਹੁੰਚ ਸਕੇ। ਅਦਾਲਤ ਨੇ ਕੌਂਸਲਰਾਂ ਦੀ ਖ਼ਰੀਦੋ ਫਰੋਖਤ ’ਤੇ ਵੀ ਚਿੰਤਾ ਪ੍ਰਗਟਾਈ। ਅਦਾਲਤ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਕੌਂਸਲਰਾਂ ਦੀ ਖ਼ਰੀਦੋ ਫਰੋਖ਼ਤ ਹੋ ਰਹੀ ਹੈ, ਜਿਸ ਦੀ ਲੋਕਤੰਤਰ ’ਚ ਇਜਾਜ਼ਤ ਨਹੀਂ ਹੈ। ਭਾਜਪਾ ਵਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਮੰਗ ਕੀਤੀ ਕਿ ਨਿਆਂਇਕ ਅਧਿਕਾਰੀ ਦੀ ਨਿਗਰਾਨੀ ਹੇਠ ਮੁੜ ਚੋਣਾਂ ਕਰਵਾਈਆਂ ਜਾਣ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਸਾਰਾ ਰਿਕਾਰਡ ਮੰਗਲਵਾਰ ਨੂੰ ਸਾਢੇ 10 ਵਜੇ ਤੱਕ ਸੁਪਰੀਮ ਕੋਰਟ ’ਚ ਲਿਆਉਣ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਦੁਪਹਿਰ 2 ਵਜੇ ਮਾਮਲੇ ਦੀ ਸੁਣਵਾਈ ਹੋਵੇਗੀ। ਚੀਫ ਜਸਟਿਸ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਹਾਰਸ ਟ੍ਰੇਡਿੰਗ ਚੱਲ ਰਹੀ ਹੈ, ਜਿਸ ਦੇ ਮੱਦੇਨਜ਼ਰ ਸੁਣਵਾਈ ਜਲਦੀ ਹੋਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 : ਕ੍ਰਿਕਟਰ ਸ਼ੁਭਮਨ ਗਿੱਲ ਨੂੰ ਬਣਾਇਆ ‘ਸਟੇਟ ਆਈਕੋਨ’
ਮਸੀਹ ਨੂੰ ਪਾਈ ਝਾੜ, ਕਿਹਾ ਹੋਣੀ ਚਾਹੀਦੀ ਹੈ ਉਸ ਖ਼ਿਲਾਫ਼ ਕਾਰਵਾਈ
ਅਦਾਲਤ ਨੇ ਅਨਿਲ ਮਸੀਹ ਨੂੰ ਵੀ ਸਵਾਲ ਕੀਤੇ ਅਤੇ ਕਿਹਾ ਕਿ ਉਹ ਅਸਲੀਅਤ ਨੂੰ ਛੁਪਾਉਣ ਦੀ ਕੋਸਿ਼ਸ਼ ਨਾ ਕਰਨ ਕਿਉਂਕਿ ਵੀਡੀਓ ’ਚ ਸਭ ਕੁਝ ਦਿਖਾਈ ਦੇ ਰਿਹਾ ਹੈ। ਅਦਾਲਤ ਨੇ ਮਸੀਹ ਨੂੰ ਪੁੱਛਿਆ ਕਿ ਕੀ ਉਸ ਨੇ ਬੈਲਟ ਪੇਪਰਾਂ ’ਤੇ ਨਿਸ਼ਾਨ ਲਾਏ ਸਨ? ਮਸੀਹ ਨੇ ਹਾਂ ’ਚ ਜਵਾਬ ਦਿੱਤਾ। ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਮਸੀਹ ਤੋਂ ਪੁੱਛਿਆ ਕਿ ਤੁਸੀਂ ਕਿੰਨੇ ਬੈਲਟ ਪੇਪਰਾਂ ’ਤੇ ਨਿਸ਼ਾਨ ਲਾਏ ਸਨ? ਮਸੀਹ ਨੇ ਜਵਾਬ ਦਿੱਤਾ ਕਿ 8 ’ਚ ਲਾਏ ਸਨ ਐਕਸ ਦੇ ਨਿਸ਼ਾਨ। ਅਦਾਲਤ ਨੇ ਕਿਹਾ ਕੀ ਇਸ ਦੀ ਜ਼ਰੂਰਤ ਕਿਉਂ ਪਈ ਤਾਂ ਮਸੀਹ ਨੇ ਜਵਾਬ ’ਚ ਕਿਹਾ ਕਿ ਕੁਝ ਕੌਂਸਲਰ ਵੋਟ ਪੱਤਰ ਖੋਹਣਾ ਚਾਹੁੰਦੇ ਸਨ, ਇਸ ਲਈ ਐਕਸ ਦੀ ਨਿਸ਼ਾਨਦੇਹੀ ਕੀਤੀ ਗਈ। ਅਦਾਲਤ ਨੇ ਪੁੱਛਿਆ ਕਿ ਉਹ ਮਾਰਕ ਕਰਦੇ ਸਮੇਂ ਕੈਮਰੇ ਵੱਲ ਕਿਉਂ ਦੇਖ ਰਹੇ ਸੀ ਤਾਂ ਮਸੀਹ ਨੇ ਜਵਾਬ ਦਿੱਤਾ ਕਿ ਉੱਥੇ ਇਕੱਠੇ ਹੋਏ ਲੋਕ ਕੈਮਰਾ-ਕੈਮਰਾ ਦਾ ਰੌਲਾ ਪਾ ਰਹੇ ਸਨ, ਇਸ ਲਈ ਉਹ ਕੈਮਰੇ ਵੱਲ ਦੇਖ ਰਿਹਾ ਸੀ। ਅਦਾਲਤ ਨੇ ਮਸੀਹ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਹਾਨੂੰ ਸਿਰਫ਼ ਦਸਤਖ਼ਤ ਕਰਨ ਦਾ ਅਧਿਕਾਰ ਸੀ, ਫਿਰ ਤੁਸੀਂ ਐਕਸ ਦਾ ਨਿਸ਼ਾਨ ਕਿਉਂ ਲਾਇਆ? ਮਸੀਹ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ। ਅਦਾਲਤ ਨੇ ਕਿਹਾ ਕਿ ਅਨਿਲ ਮਸੀਹ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅਦਾਲਤ ਨੇ ਸੁਣਵਾਈ ਦੌਰਾਨ ਮੌਜੂਦ ਸਾਲਿਸਟਰ ਜਨਰਲ ਨੂੰ ਇਹ ਵੀ ਕਿਹਾ ਕਿ ਅਨਿਲ ਮਸੀਹ ਵਿਰੁੱਧ ਕੇਸ ਚਲਾਉਣਾ ਹੋਵੇਗਾ।
ਇਹ ਵੀ ਪੜ੍ਹੋ : ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਨੂੰ ਵਾਅਦੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦੇਣਾ ਚਾਹੀਦਾ : ਬਾਜਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e