ਟਰੱਕ ਚਾਲਕਾਂ ਦੀਆਂ ਮਨਮਾਨੀਆਂ ਸਬੰਧੀ ‘ਚੰਨੋਂ’ ਦੇ ਲੋਕਾਂ ਵੱਲੋਂ ਹੰਗਾਮਾ, ਪੁਲਸ ਨੇ ਕੀਤੇ ਸ਼ਾਂਤ

04/20/2022 10:50:55 AM

ਭਵਾਨੀਗੜ੍ਹ (ਵਿਕਾਸ) : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਚੰਨੋਂ ’ਚ ਬੀਤੀ ਸ਼ਾਮ ਇਕ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਲੋਕਾਂ ਨੇ ਮੁੱਖ ਸੜਕ ’ਤੇ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਭੜਕੇ ਲੋਕ ਹਾਈਵੇ ’ਤੇ ਜਾਮ ਕਰ ਕੇ ਧਰਨੇ ’ਤੇ ਬੈਠ ਗਏ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਮਿੰਟੂ ਨੇ ਦੱਸਿਆ ਕਿ ਇੱਥੇ ਸਥਿਤ ਇਕ ਵੱਡੀ ਨਿੱਜੀ ਕੰਪਨੀ ਦੇ ਅਧੀਨ ਚੱਲਦੇ ਟਰੱਕ ਅਤੇ ਵੱਡੇ ਕੰਨਟੇਨਰ ਵਗੈਰਾ ਪਿੰਡ ’ਚ ਮੁੱਖ ਸੜਕ ’ਤੇ ਬਣੇ ਕੱਟ ਤੋਂ ਯੂ-ਟਰਨ ਲੈਂਦੇ ਹਨ ਜਿਸ ਕਾਰਨ ਅਕਸਰ ਵੱਡੇ ਛੋਟੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਕਈ ਹਾਦਸਿਆਂ ’ਚ ਤਾਂ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਜਿਸ ਕਾਰਨ ਕੰਪਨੀ ਨੂੰ ਉਕਤ ਕੱਟ ਤੋਂ ਗੱਡੀਆਂ ਨਾ ਮੋੜ ਕੇ ਪਿੰਡ ਗੱਜੂਮਾਜਰਾ ਕੋਲ ਬਣੇ ਕੱਟ ਤੋਂ ਯੂ-ਟਰਨ ਲੈਣ ਸਬੰਧੀ ਪਹਿਲਾਂ ਵੀ ਕਈ ਵਾਰ ਸਮਝੌਤਾ ਹੋ ਚੁੱਕਿਆ ਹੈ ਪਰ ਟਰੱਕ ਚਾਲਕ ਸਮਾਂ ਤੇ ਤੇਲ ਬਚਾਉਣ ਦੇ ਚੱਕਰ ’ਚ ਜਾਣਬੁੱਝ ਇੱਥੋਂ ਹੀ ਯੂ-ਟਰਨ ਲੈ ਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਤੇ ਅੱਜ ਵੀ ਇਸੇ ਕੱਟ ਤੋਂ ਯੂ-ਟਰਨ ਲੈਂਦਿਆਂ ਇਕ ਟਰੱਕ ਦੇ ਚਾਲਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸਦੇ ਰੋਸ ਵਜੋਂ ਨੇੜਲੇ ਦੁਕਾਨਾਦਾਰਾਂ ਨੇ ਮੌਕੇ ’ਤੇ ਇਕੱਤਰ ਹੋਏ ਹੋਰ ਲੋਕਾਂ ਨੇ ਟਰੱਕ ਨੂੰ ਘੇਰਦਿਆਂ ਚਾਲਕਾਂ ਦੀਆਂ ਮਨਮਾਨੀਆਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਨੈਸ਼ਨਲ ਹਾਈਵੇ ’ਤੇ ਧਰਨਾ ਲਾ ਦਿੱਤਾ।

PunjabKesari

ਇਹ ਵੀ ਪੜ੍ਹੋ : SSP ਨੇ ਪੇਸ਼ ਕੀਤੀ ਅਨੋਖੀ ਮਿਸਾਲ, ਤੁਸੀਂ ਵੀ ਕਰੋਗੇ ਇਸ ਵੱਡੇ ਦਿਲਵਾਲੇ ਪੁਲਸ ਅਧਿਕਾਰੀ ਨੂੰ ਸਲਾਮ

ਪੁਲਸ ਪ੍ਰਸ਼ਾਸਨ ਨੂੰ ਹਾਈਵੇ ਜਾਮ ਹੋਣ ਦੀ ਸੂਚਨਾ ਮਿਲਦਿਆਂ ਹੱਥਾਂ-ਪੈਰਾਂ ਦੀ ਪੈ ਗਈ ਤੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਕਾਲਾਝਾੜ ਚੌਕੀ ਦੇ ਇੰਚਾਰਜ ਐੱਸ.ਆਈ. ਜਸਵਿੰਦਰ ਸਿੰਘ ਨੇ ਧਰਨੇ ’ਤੇ ਬੈਠੇ ਲੋਕਾਂ ਨੂੰ ਸ਼ਾਂਤ ਕਰ ਕੇ ਆਵਾਜਾਈ ਨੂੰ ਬਹਾਲ ਕੀਤਾ। ਇਸ ਮੌਕੇ ਪੁਲਸ ਅਧਿਕਾਰੀ ਨੇ ਕੰਪਨੀ ਮੈਨੇਜਮੈਂਟ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਵਾਉਣ ਦਾ ਯਕੀਨ ਦਿਵਾਇਆ। ਹਾਈਵੇ ’ਤੇ ਧਰਨੇ ਦੌਰਾਨ ਸੜਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਵਾਹਨ ਚਾਲਕਾਂ ਨੂੰ ਅੱਧਾ ਪੌਣਾ ਘੰਟਾ ਲੰਮੇ ਜਾਮ ’ਚ ਫਸ ਕੇ ਭਾਰੀ ਪ੍ਰੇਸ਼ਾਨੀ ਝੱਲਣੀ ਪਈ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News