ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਚੌਕਸ, ਮਠਿਆਈਆਂ ਦੇ ਭਰੇ ਸੈਂਪਲ
Friday, Oct 25, 2019 - 12:13 PM (IST)
ਤਪਾ ਮੰਡੀ (ਸ਼ਾਮ, ਗਰਗ) : ਸਿਹਤ ਵਿਭਾਗ ਦੀ ਟੀਮ ਵੱਲੋਂ ਇੰਚਾਰਜ ਅਭਿਨਵ ਦੀ ਅਗਵਾਈ 'ਚ ਤਿਉਹਾਰਾਂ ਦੇ ਮੱਦੇਨਜ਼ਰ 4 ਹਲਵਾਈਆਂ ਦੀਆਂ ਦੁਕਾਨਾਂ ਤੋਂ ਮਠਿਆਈ ਦੇ ਸੈਂਪਲ ਭਰ ਕੇ ਰੰਗਦਾਰ ਮਠਿਆਈਆਂ ਬਾਹਰ ਸੁੱਟਵਾਈਆਂ ਗਈਆਂ।
ਗੱਲਬਾਤ ਦੌਰਾਨ ਫੂਡ ਇੰਸਪੈਕਟਰ ਅਭਿਨਵ ਨੇ ਦੱਸਿਆ ਕਿ ਅਕਸਰ ਹੀ ਹਲਵਾਈ ਤਿਉਹਾਰਾਂ ਦੇ ਦਿਨਾਂ 'ਚ ਕੁੱਝ ਲਾਲਚੀ ਬਣ ਜਾਂਦੇ ਹਨ। ਉਨ੍ਹਾਂ ਵੱਲੋਂ ਆਪਣੇ ਮੁਨਾਫੇ ਨੂੰ ਮੁੱਖ ਰੱਖਦੇ ਹੋਏ ਘਟੀਆ ਦਰਜੇ ਦੀਆਂ ਚੀਜ਼ਾਂ ਬਣਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਨ੍ਹਾਂ ਸ਼ਹਿਰ ਅੰਦਰੋਂ 4 ਦੁਕਾਨਾਂ ਤੋਂ ਮਠਿਆਈ ਦੇ ਸੈਂਪਲ ਭਰੇ ਅਤੇ ਇਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ। ਉਨ੍ਹਾਂ ਦੁਕਾਨਦਾਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਮਠਿਆਈਆਂ 'ਚ ਰੰਗ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਘਟੀਆ ਮਠਿਆਈਆਂ ਦੀ ਵਰਤੋਂ ਨਾ ਕੀਤੀ ਜਾਵੇ। ਜੇਕਰ ਕੋਈ ਵੀ ਦੁਕਾਨਦਾਰ ਨਕਲੀ ਮਠਿਆਈਆਂ ਬਣਾਉਂਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ਼ ਕਾਰਵਾਈ ਹੋਵੇਗੀ।