ਸਿੱਖ ਸ਼ਰਧਾਲੂਆਂ ਲਈ ਆਨ-ਅਰਾਈਵਲ ਵੀਜ਼ੇ ਦੇ ਪਾਕਿ ਦੇ ਫੈਸਲੇ ਦੀ ਜਥੇਦਾਰ ਅਕਾਲ ਤਖਤ ਵਲੋਂ ਸ਼ਲਾਘਾ
Wednesday, Sep 04, 2019 - 04:37 PM (IST)
ਤਲਵੰਡੀ ਸਾਬੋ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਨਨਕਾਣਾ ਸਾਹਿਬ ਪੁੱਜਣ ਵਾਲੇ ਸ਼ਰਧਾਲੂਆਂ ਲਈ ਆਨ ਅਰਾਈਵਲ ਵੀਜ਼ੇ ਦੇਣ ਦੇ ਐਲਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਣਗੇ।
ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਸਿੱਖ ਭਾਈਚਾਰੇ ਲਈ ਕਰਤਾਰਪੁਰ 'ਮਦੀਨਾ' ਅਤੇ ਨਨਕਾਣਾ ਸਾਹਿਬ 'ਮੱਕਾ' ਹੈ। ਅਸੀਂ ਕਿਸੇ ਨੂੰ ਮੱਕਾ ਜਾਂ ਮਦੀਨਾ ਤੋਂ ਦੂਰ ਰੱਖਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 'ਮਲਟੀ-ਐਂਟਰੀ ਵੀਜ਼ਾ' ਅਤੇ 'ਆਨ ਐਰਾਈਵਲ' ਵੀਜ਼ਾ ਜਾਰੀ ਕਰੇਗੀ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ ਨੇ ਕਿਹਾ ਕਿ ਸਰਕਾਰ ਪਾਕਿਸਤਾਨ ਦੇ ਧਾਰਮਿਕ ਸਥਲਾਂ ਦੀ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸੰਭਵ ਸਹੂਲਤਾਂ ਉਪਲਬਧ ਕਰਵਾਏਗੀ।
