ਮੀਂਹ ਨਾਲ ਨਰਮੇ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ

06/13/2019 5:20:52 PM

ਤਲਵੰਡੀ ਸਾਬੋ (ਮਨੀਸ਼) : ਕੱਲ ਬਾਅਦ ਦੁਪਹਿਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਤਲਵੰਡੀ ਸਾਬੋ ਅਤੇ ਆਸ-ਪਾਸ ਦੇ ਪਿੰਡਾਂ ਵਿਚ ਆਏ ਤੇਜ਼ ਮੀਂਹ ਨਾਲ, ਜਿੱਥੇ ਲੋਕਾਂ ਨੇ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ, ਉਥੇ ਕਿਸਾਨਾਂ ਦੀ ਬੀਜੀ ਹੋਈ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਹੋਣ ਕਾਰਨ ਕਿਸਾਨਾਂ ਦੀ ਮੌਸਮ ਠੰਡਾ ਹੋਣ ਵਾਲੀ ਸਾਰੀ ਖੁਸ਼ੀ 'ਤੇ ਪਾਣੀ ਫਿਰ ਗਿਆ। ਸਬ ਡਿਵੀਜਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ, ਬਾਘਾ, ਸੁਖਲੱਧੀ, ਲਹਿਰੀ ਅਤੇ ਕਮਾਲੂ ਪਿੰਡਾਂ ਵਿਚ ਗੜ੍ਹੇਮਾਰੀ ਨਾਲ ਕਿਸਾਨਾਂ ਦੇ ਨਰਮੇ ਦੀ ਫਸਲ ਨਾਲ ਹਰੇ ਭਰੇ ਖੜੇ ਖੇਤ ਬਿਲਕੁਲ ਖਾਲੀ ਹੋ ਗਏ ਹਨ, ਜਿਥੇ ਸਿਰਫ ਡੱਕੇ ਦਿਖਾਈ ਦੇ ਰਹੇ ਹਨ। ਇਥੋਂ ਤੱਕ ਕਿ ਖੇਤਾਂ ਵਿਚ ਪਸ਼ੂਆਂ ਲਈ ਹਰਾ ਚਾਰਾ ਵੀ ਬਿਲਕੁੱਲ ਖਤਮ ਹੋ ਗਿਆ। ਇਸ ਤੋਂ ਪਹਿਲਾਂ ਵੀ ਮੀਂਹ ਨਾਲ ਨਰਮੇ ਦੀ ਫਸਲ ਕਰੰਡ ਹੋ ਗਈ ਸੀ, ਜਿਸ ਕਰਕੇ ਕਿਸਾਨਾਂ ਨੇ ਹਜ਼ਾਰਾਂ ਰੁਪਏ ਦੀ ਬੀਜਾਂ ਨਾਲ ਦੁਬਾਰਾ ਤੋਂ ਨਰਮੇ ਦੀ ਬਿਜਾਈ ਕੀਤੀ ਸੀ।

PunjabKesari

ਕਿਸਾਨਾਂ ਨੇ ਦੱਸਿਆਂ ਕਿ ਨਰਮੇ ਦੀ ਫਸਲ ਦਾ ਇਸ ਕਦਰ ਨੁਕਸਾਨ ਹੋਇਆ ਹੈ ਕਿ ਜ਼ਮੀਨ ਵਿਚ ਨਰਮੇ, ਝੋਨੇ ਦੀ ਫੱਕ ਅਤੇ ਪਸ਼ੂਆਂ ਲਈ ਹਰਾ ਚਾਰਾ ਤੱਕ ਨਹੀਂ ਰਿਹਾ। ਪੀੜਤ ਕਿਸਾਨਾਂ ਨੇ ਬਰਬਾਦ ਹੋਈ ਫਸਲ ਦਿਖਾਉਂਦੇ ਹੋਏ ਕਿਹਾ ਕਿ ਨਰਮੇ ਦੀ ਫਸਲ ਦੀ ਬਿਜਾਈ 'ਤੇ ਉਨ੍ਹਾਂ ਦਾ 12 ਤੋਂ 15 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਹੋ ਚੁੱਕਾ ਹੈ ਤੇ ਕਈ ਕਿਸਾਨਾਂ ਨੇ 40 ਤੋਂ 55 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕੀਤੀ ਸੀ ਪਰ ਹੁਣ ਗੜ੍ਹੇਮਾਰੀ ਹੋਣ ਨਾਲ ਫਸਲ ਤਬਾਹ ਹੋ ਗਈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਫਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।

PunjabKesari

ਉਧਰ ਦੂਜੇ ਪਾਸੇ ਕਿਸਾਨਾਂ ਵੱਲੋਂ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਜਾਇਜ਼ਾ ਲੈਣ ਮਗਰੋਂ ਪੰਜਾਬ ਦੇ ਪਿੰਡਾਂ ਵਿਚ 100 ਪ੍ਰਤੀਸ਼ਤ ਨੁਕਸਾਨ ਹੋਣ ਦੀ ਗੱਲ ਮੰਨਦੇ ਹੋਏ ਰਿਪੋਰਟ ਸਰਕਾਰ ਨੂੰ ਭੇਜਣ ਦੀ ਗੱਲ ਕੀਤੀ।


cherry

Content Editor

Related News