ਨਸ਼ਿਆਂ ਦੇ ਜ਼ਖੀਰੇ ਸਣੇ ਸਪਲਾਇਰ ਕਾਬੂ

Wednesday, Apr 18, 2018 - 11:45 AM (IST)

ਸੰਗਰੂਰ (ਬੇਦੀ, ਬਾਵਾ, ਵਿਵੇਕ  ਸਿੰਧਵਾਨੀ, ਯਾਦਵਿੰਦਰ, ਰੂਪਕ)—ਪੁਲਸ ਨੇ ਹਰਿਆਣਾ ਤੋਂ ਪੰਜਾਬ ਵਿਖੇ ਸੁਲਫੇ ਦੀ ਸਪਲਾਈ ਕਰਨ ਵਾਲੇ ਸਪਲਾਇਰ ਸਣੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 4 ਕੁਇੰਟਲ ਸੁਲਫੇ (ਭੰਗ), ਨਸ਼ੇ ਵਾਲੀਆਂ 250 ਗੋਲੀਆਂ, ਸਾਢੇ 7 ਕਿਲੋ ਸ਼ਿਵਮ ਬੱਟੀ ਨਾਂ ਦੀ ਪੈਕੇਟਾਂ 'ਚ ਬੰਦ ਆਯੁਰਵੈਦਿਕ ਦਵਾਈ ਅਤੇ 17 ਲੱਖ ਰੁਪਏ ਬਰਾਮਦ ਕੀਤੇ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਸੰਤ ਸਿੰਘ ਸੀ. ਆਈ. ਏ. ਬਹਾਦਰ ਸਿੰਘ ਵਾਲਾ ਨੇ ਪੁਲਸ ਪਾਰਟੀ ਸਣੇ ਪ੍ਰਿਤਪਾਲ ਸਿੰਘ ਉਰਫ ਮਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਇੰਦਰਾ ਕਾਲੋਨੀ ਵਾਰਡ ਨੰਬਰ 23 ਟੋਹਾਣਾ ਜ਼ਿਲਾ ਫਤਿਆਬਾਦ (ਹਰਿਆਣਾ) ਅਤੇ ਸ਼ਾਮ ਲਾਲ ਉਰਫ ਕਾਲਾ ਪੁੱਤਰ ਮਦਨ ਲਾਲ ਵਾਸੀ ਗੋਬਿੰਦਪੁਰਾ ਕਾਲੋਨੀ ਸੰਗਰੂਰ ਨੂੰ ਪਿੰਡ ਮਾਨਾਵਾਲਾਂ ਤੋਂ ਇਕ ਟੈਂਪੂ (ਛੋਟਾ ਹਾਥੀ) ਸਣੇ ਕਾਬੂ ਕੀਤਾ।
ਟੈਂਪੂ 'ਚੋਂ ਪਲਾਸਟਿਕ ਦੀਆਂ ਬਾਲਟੀਆਂ ਵਿਚੋਂ 4 ਕੁਇੰਟਲ ਸੁਲਫਾ (ਭੰਗ), ਸ਼ਿਵਮ ਬੱਟੀ ਨਾਂ ਦੀ ਪੈਕਟਾਂ 'ਚ ਬੰਦ ਸਾਢੇ 7 ਕਿਲੋ ਆਯੁਰਵੈਦਿਕ ਦਵਾਈ ਅਤੇ 17 ਲੱਖ ਰੁਪਏ ਨਕਦ ਬਰਾਮਦ ਹੋਏ। ਤਲਾਸ਼ੀ ਦੌਰਾਨ ਪ੍ਰਿਤਪਾਲ ਸਿੰਘ ਦੀ ਜੇਬ 'ਚੋਂ ਨਸ਼ੇ ਵਾਲੀਆਂ 250 ਗੋਲੀਆਂ ਵੀ ਬਰਾਮਦ ਹੋਈਆਂ। 
ਬੀੜੀਆਂ-ਸਿਗਰਟਾਂ ਦੇ ਕੰਮ ਦੀ ਆੜ 'ਚ ਤਿਆਰ ਕੀਤਾ ਜਾਂਦਾ ਸੀ ਸੁਲਫਾ 
ਪੁੱਛ-ਗਿੱਛ ਦੌਰਾਨ ਖੁਲਾਸਾ ਹੋਇਆ ਕਿ ਪ੍ਰਿਤਪਾਲ ਸਿੰਘ ਟੋਹਾਣਾ ਵਿਖੇ ਬੀੜੀਆਂ ਅਤੇ ਸਿਗਰਟਾਂ ਆਦਿ ਦੀ ਸਪਲਾਈ ਦਾ ਕੰਮ ਕਰਦਾ ਸੀ, ਜਿਸ ਦੀ ਆੜ 'ਚ ਸੁਲਫਾ (ਭੰਗ) ਤਿਆਰ ਕਰਦਾ ਸੀ।
ਸੰਗਰੂਰ ਅਤੇ ਬਰਨਾਲਾ 'ਚ ਵੇਚਿਆ ਜਾਣਾ ਸੀ ਨਸ਼ਾ
ਪ੍ਰਿਤਪਾਲ ਸਿੰਘ ਸੰਗਰੂਰ ਵਿਖੇ ਕਰੀਬ 800 ਰੁਪਏ ਤੋਲੇ ਦੇ ਹਿਸਾਬ ਨਾਲ ਸੁਲਫਾ ਸ਼ਾਮ ਲਾਲ ਉਰਫ ਕਾਲਾ ਪੁੱਤਰ ਮਦਨ ਲਾਲ ਵਾਸੀ ਗੋਬਿੰਦਪੁਰਾ ਕਾਲੋਨੀ ਸੰਗਰੂਰ ਨੂੰ ਸਪਲਾਈ ਕਰਦਾ ਸੀ। ਸ਼ਾਮ ਲਾਲ ਅੱਗੇ ਕਰੀਬ 1200 ਰੁਪਏ ਦੇ ਹਿਸਾਬ ਨਾਲ ਇਸ ਨੂੰ ਵੇਚ ਦਿੰਦਾ ਸੀ। ਸ਼ਾਮ ਲਾਲ ਉਰਫ ਕਾਲਾ ਨੇ ਇਹ ਸੁਲਫਾ ਅੱਗੇ ਸੰਗਰੂਰ ਅਤੇ ਬਰਨਾਲਾ ਵਿਖੇ ਵੇਚਣਾ ਸੀ। ਇਹ ਪਹਿਲਾਂ ਵੀ 1/2 ਗੇੜੇ ਲਾ ਚੁੱਕੇ ਸਨ। 
ਆਯੁਰਵੈਦਿਕ ਦਵਾਈ ਦੀ ਆੜ 'ਚ ਨਸ਼ਾ ਸਪਲਾਈ ਦਾ ਨਵਾਂ ਤਰੀਕਾ
ਸਿੱਧੂ ਨੇ ਦੱਸਿਆ ਕਿ ਦੋਸ਼ੀ ਟੈਂਪੂ ਨੂੰ ਕਿਰਾਏ 'ਤੇ ਟੋਹਾਣਾ ਤੋਂ 1200 ਰੁਪਏ ਵਿਚ ਸੰਗਰੂਰ ਲਈ ਲੈ ਕੇ ਆਏ ਸਨ। ਸੁਲਫੇ ਤੋਂ ਇਲਾਵਾ ਟੈਂਪੂ ਵਿਚੋਂ 1 ਬੈਗ ਬਰਾਮਦ ਹੋਇਆ ਹੈ, ਜਿਸ ਉੱਪਰ ਡਾਇਆ ਡੰਮ ਡਰੱਗ ਇੰਦੌਰ ਦਾ ਐਡਰੈੱਸ ਲਿਖਿਆ ਹੋਇਆ ਹੈ। ਇਸ ਵਿਚੋਂ ਸ਼ਿਵਮ ਬੱਟੀ ਨਾਂ ਦੀ ਆਯੁਰਵੈਦਿਕ ਦਵਾਈ, ਜੋ ਪੈਕਟਾਂ ਵਿਚ ਪੈਕ ਹੈ ਅਤੇ ਜਿਸ ਦਾ ਕੁੱਲ ਵਜ਼ਨ ਸਾਢੇ 7 ਕਿਲੋ ਹੈ, ਬਰਾਮਦ ਹੋਈ ਹੈ। ਪੰਜਾਬ ਵਿਚ ਸਖਤੀ ਹੋਣ ਕਾਰਨ ਰਵਾਇਤੀ ਅਤੇ ਮੈਡੀਕਲ ਨਸ਼ੇ ਦੀ ਥਾਂ ਆਯਰਵੈਦਿਕ ਦਵਾਈ ਦੀ ਆੜ ਵਿਚ ਨਸ਼ਾ ਸਪਲਾਈ ਕਰਨ ਦਾ ਇਕ ਨਵਾਂ ਤਰੀਕਾ ਸਾਹਮਣੇ ਆਇਆ ਹੈ।


Related News