ਮੰਡੀ ''ਚ ਆੜ੍ਹਤੀਆਂ ਨੇ ਦੂਸਰੇ ਦਿਨ ਵੀ ਰੱਖੀ ਹੜਤਾਲ, ਨਹੀਂ ਹੋਈ ਬੋਲੀ

10/03/2019 3:51:41 PM

ਖੰਨਾ (ਸੁਖਵਿੰਦਰ ਕੌਰ) : ਕੇਂਦਰ ਸਰਕਾਰ ਦੇ ਆੜ੍ਹਤੀ ਅਤੇ ਕਿਸਾਨ ਵਿਰੋਧੀ ਫੈਸਲੇ ਖਿਲਾਫ਼ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਦੂਸਰੇ ਦਿਨ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਸੱਦੇ 'ਤੇ ਸਮੂਹ ਆੜ੍ਹਤੀ ਹੜਤਾਲ 'ਤੇ ਰਹੇ, ਜਿਸ ਕਰ ਕੇ ਖੰਨਾ ਮੰਡੀ 'ਚ ਝੋਨੇ ਦੀ ਖਰੀਦ ਨਹੀਂ ਹੋ ਸਕੀ। ਇਸ ਦੌਰਾਨ ਕਿਸਾਨ ਆਗੂ ਨੇਤਰ ਸਿੰਘ ਨਾਗਰਾ ਅਤੇ ਆਰ. ਐੱਸ. ਪੀ. ਆਗੂ ਕਰਨੈਲ ਸਿੰਘ ਇਕੋਲਾਹਾ ਸਮੇਤ ਹੋਰਨਾਂ ਨੇ ਵੀ ਆੜ੍ਹਤੀਆਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਦੇ ਨਹੁੰ ਮਾਸ ਵਾਲੇ ਰਿਸ਼ਤੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਖੁਰਾਕ ਸਪਲਾਈ ਵਿਭਾਗ ਵੱਲੋਂ ਉਨ੍ਹਾਂ ਤੋਂ ਕਿਸਾਨਾਂ ਦੇ ਬੈਂਕ ਖ਼ਾਤਿਆਂ ਦੇ ਨੰਬਰ 'ਤੇ ਹੋਰ ਜਾਣਕਾਰੀ ਮੰਗੀ ਜਾ ਰਹੀ ਹੈ। ਆੜ੍ਹਤੀ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜੇਕਰ ਉਹ ਪੋਰਟਲ ਸਿਸਟਮ ਰਾਹੀਂ ਕਿਸਾਨ ਦੇ ਖਾਤਿਆਂ ਦੀ ਜਾਣਕਾਰੀ ਨਹੀਂ ਦੇਣਗੇ ਤਾਂ ਆੜ੍ਹਤੀਆਂ ਦੀ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਫਸਲ ਦਾ ਬਣਦਾ ਕਮਿਸ਼ਨ ਦਿੱਤਾ ਜਾਵੇਗਾ, ਜੋ ਧੱਕੇਸ਼ਾਹੀ ਹੈ।

ਆੜ੍ਹਤੀ ਐਸੋਸੀਏਸ਼ਨ ਦੇ ਸੁਬਾਈ ਕਮੇਟੀ ਵੱਲੋਂ 5 ਅਕਤੂਬਰ ਤੱਕ ਸਰਕਾਰੀ ਖ਼ਰੀਦ ਦਾ ਮੁਕੰਮਲ ਬਾਈਕਾਟ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜ ਕੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੇ ਜਾਣ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਦੌਰਾਨ ਦੂਸਰੇ ਦਿਨ ਆੜ੍ਹਤੀਆਂ ਦੀ ਹੜਤਾਲ ਕਾਰਨ ਸਰਕਾਰੀ ਬੋਲੀ ਨਹੀਂ ਹੋ ਸਕੀ। ਭਾਵੇਂ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਪਣੀ ਫਸਲ ਮੰਡੀ 'ਚ ਲਿਆ ਰਹੇ ਹਨ, ਮਾਰਕੀਟ ਕਮੇਟੀ ਦੇ ਬੁਲਾਰੇ ਅਨੁਸਾਰ ਹੁਣ ਤੱਕ ਮੰਡੀ ਵਿਚ ਕਰੀਬ 10 ਹਜ਼ਾਰ ਕੁਇੰਟਲ ਝੋਨਾ ਪੁੱਜ ਚੁੱਕਾ ਹੈ, ਜਿਸ 'ਚੋਂ ਇਕ ਅਕਤੂਬਰ ਨੂੰ ਹੀ ਸਿਰਫ 50 ਕੁਇੰਟਲ ਝੋਨਾ ਪਨਗ੍ਰੇਨ ਏਜੰਸੀ ਵੱਲੋਂ ਖਰੀਦਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਦੂਜੇ ਦਿਨ ਕਿਸੇ ਵੀ ਖਰੀਦ ਏਜੰਸੀ ਨੇ ਝੋਨੇ ਦੀ ਖਰੀਦ ਨਹੀਂ ਕੀਤੀ।


Anuradha

Content Editor

Related News