ਸ਼ਰਮਨਾਕ ! ਦਰਦ ਨਾਲ ਤੜਫ ਰਹੀ ਔਰਤ ਦੀ ਡਿਲਿਵਰੀ ਕਰਨ ਤੋਂ ਸਰਕਾਰੀ ਹਸਪਤਾਲ ਨੇ ਕੀਤਾ ਇਨਕਾਰ
Thursday, Aug 12, 2021 - 05:56 PM (IST)
ਗੁਰੂਹਰਸਹਾਏ (ਸੁਨੀਲ ਆਵਲਾ)-ਇਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਸਰਕਾਰੀ ਹਸਪਤਾਲਾਂ ’ਚ ਗਰਭਵਤੀ ਔਰਤਾਂ ਆਪਣੀ ਡਿਲਿਵਰੀ ਬਿਲਕੁਲ ਮੁਫ਼ਤ ਕਰਵਾਉਣ ਪਰ ਇਸ ਦੇ ਉਲਟ ਸ਼ਹਿਰ ਦੇ ਸੀ. ਐੱਚ. ਸੀ. ਹਸਪਤਾਲ ਵਿਖੇ ਬੀਤੇ ਦਿਨੀਂ ਇੱਕ ਗ਼ਰੀਬ ਗਰਭਵਤੀ ਔਰਤ ਆਪਣੇ ਪਰਿਵਾਰ ਸਮੇਤ ਹਸਪਤਾਲ ’ਚ ਡਿਲਿਵਰੀ ਕਰਵਾਉਣ ਲਈ ਗਈ। ਸਰਕਾਰੀ ਅਧਿਕਾਰੀਆਂ ਨੇ ਉਸ ਦਾ ਚੈੱਕਅਪ ਕੀਤਾ ਅਤੇ ਉਸ ਨੂੰ ਕਿਹਾ ਕਿ ਉਸ ’ਚ ਖੂਨ ਦੀ ਕਮੀ ਹੈ। ਇਹ ਕੇਸ ਇਥੇ ਨਹੀਂ ਹੋ ਸਕਦਾ, ਤੁਸੀਂ ਫ਼ਰੀਦਕੋਟ ਜਾਂ ਫ਼ਿਰੋਜ਼ਪੁਰ ਜਾ ਕੇ ਡਿਲਿਵਰੀ ਕਰਵਾ ਲਓ। ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਹੀ ਸ਼ਹਿਰ ਦੇ ਕਿਸੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਔਰਤ ਦੀ ਨਾਰਮਲ ਡਿਲਿਵਰੀ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਦਿੰਦਿਆਂ ਪੀੜਤ ਔਰਤ ਗੁਰਪ੍ਰੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਪਿੰਡ ਸ਼ਰੀਹ ਵਾਲਾ ਬਰਾੜ ਤੋਂ ਸ਼ਹਿਰ ਦੇ ਸੀ. ਐੱਚ. ਸੀ. ਹਸਪਤਾਲ ’ਚ ਡਿਲਿਵਰੀ ਕਰਾਉਣ ਲਈ ਆਏ ਸਨ ਤਾਂ ਹਸਪਤਾਲ ਦੇ ਅਧਿਕਾਰੀਆਂ ਨੇ ਉਸ ਦਾ ਚੈੱਕਅੱਪ ਕੀਤਾ ਅਤੇ ਕਿਹਾ ਕਿ ਉਸ ’ਚ ਖੂਨ ਦੀ ਕਮੀ ਹੈ, ਇਹ ਕੇਸ ਇਥੇ ਨਹੀਂ ਹੋ ਸਕਦਾ, ਤੁਸੀਂ ਫਰੀਦਕੋਟ ਜਾਂ ਫਿਰੋਜ਼ਪੁਰ ਜਾ ਕੇ ਡਿਲਿਵਰੀ ਕਰਵਾ ਲਓ ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ਦੇ ਸਰਕਾਰੀ ਸਕੂਲ ਦਾ ਵਿਦਿਆਰਥੀ ਆਇਆ ਕੋਰੋਨਾ ਪਾਜ਼ੇਟਿਵ, ਕੀਤਾ ਇਕਾਂਤਵਾਸ
ਪੀੜਤ ਔਰਤ ਅਤੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਅਧਿਕਾਰੀਆਂ ਦੇ ਹੱਥ ਜੋੜੇ ਤੇ ਮਿੰਨਤਾਂ ਕੀਤੀਆਂ ਕਿ ਅਸੀਂ ਬਹੁਤ ਹੀ ਗ਼ਰੀਬ ਹਾਂ ਡਿਲਿਵਰੀ ਇਥੇ ਹੀ ਕਰ ਦਿਓ ਪਰ ਉਹ ਨਹੀਂ ਮੰਨੇ, ਜਿਸ ’ਤੇ ਪੀੜਤ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਸ਼ਹਿਰ ਦੇ ਕਿਸੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਔਰਤ ਦੀ ਨਾਰਮਲ ਡਿਲਿਵਰੀ ਹੋਈ ਤੇ ਮੁੰਡੇ ਨੂੰ ਜਨਮ ਦਿੱਤਾ। ਪੀੜਤ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸੀ. ਐੱਚ. ਸੀ. ਹਸਪਤਾਲ ’ਚ ਕੰਮ ਕਰਦੇ ਸਰਕਾਰੀ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਉਸ ਦੀ ਡਲਿਵਰੀ ਸੀ. ਐੱਚ. ਸੀ. ਹਸਪਤਾਲ ’ਚ ਬਿਲਕੁਲ ਮੁਫ਼ਤ ਹੋਣੀ ਸੀ ਪਰ ਉਨ੍ਹਾਂ ਦੇ ਪ੍ਰਾਈਵੇਟ ਹਸਪਤਾਲ ’ਚ ਹਜ਼ਾਰਾਂ ਰੁਪਏ ਲੱਗ ਗਏ ਹਨ। ਇਸ ਦੌਰਾਨ ਜਦ ਸਿਵਲ ਸਰਜਨ ਰਾਜਿੰਦਰ ਅਰੋੜਾ ਫ਼ਿਰੋਜ਼ਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਸਰਕਾਰੀ ਅਧਿਕਾਰੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।