ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਵੱਲੋਂ ਬੱਸਾਂ ਦੀ ਚੈਕਿੰਗ

02/10/2020 5:23:14 PM

ਸੰਗਰੂਰ (ਜ.ਬ., ਹਰਜਿੰਦਰ, ਵਿਵੇਕ ਸਿੰਧਵਾਨੀ, ਸਿੰਗਲਾ) : ਪੰਜਾਬ ਸਰਕਾਰ ਵੱਲੋਂ ਸਵਾਰੀਆਂ ਖ਼ਾਸ ਕਰ ਔਰਤਾਂ ਨੂੰ ਬੱਸਾਂ ਵਿਚ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਤਹਿਤ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਕਰਨਬੀਰ ਸਿੰਘ ਛੀਨਾਂ ਵੱਲੋਂ ਅੱਜ ਪਟਿਆਲਾ-ਸੰਗਰੂਰ ਸੜਕ 'ਤੇ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸਕੱਤਰ ਵੱਲੋਂ ਬੱਸਾਂ 'ਚ ਚੱਲ ਰਹੇ ਗਾਣਿਆਂ ਦੀ ਵੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਗੀਤਾਂ ਸਬੰਧੀ ਔਰਤਾਂ ਤੋਂ ਫੀਡਬੈਕ ਵੀ ਲਈ ਗਈ।

ਕਰਨਬੀਰ ਸਿੰਘ ਛੀਨਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਥੋਰੀ ਦੀਆਂ ਹਦਾਇਤਾਂ 'ਤੇ ਕੀਤੀ ਗਈ ਇਸ ਜਾਂਚ ਦਾ ਮੁੱਖ ਮਕਸਦ ਬੱਸਾਂ 'ਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਸਾਫ਼-ਸੁਥਰਾ ਮਾਹੌਲ ਪ੍ਰਦਾਨ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਟਰਾਂਸਪੋਰਟਰ ਨੂੰ ਬੱਸਾਂ 'ਚ ਅਸ਼ਲੀਲ ਗੀਤ ਨਹੀਂ ਚਲਾਉਣ ਦਿੱਤੇ ਜਾਣਗੇ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਚੈਕਿੰਗ ਦੌਰਾਨ ਬੱਸਾਂ 'ਚ ਚੱਲ ਰਹੇ ਅਤੇ ਪੈਨਡਰਾਈਵ ਜਾਂ ਸੀ. ਡੀ. ਵਿਚ ਸਟੋਰ ਕੀਤੇ ਗਾਣਿਆਂ ਦੀ ਜਾਂਚ ਕੀਤੀ ਗਈ ਜਿਸ ਵਿਚ ਕੋਈ ਵੀ ਅਸ਼ਲੀਲ ਜਾਂ ਇਤਰਾਜ਼ਯੋਗ ਗਾਣਾ ਸਾਹਮਣੇ ਨਹੀਂ ਆਇਆ।

ਸਕੱਤਰ ਨੇ ਦੱਸਿਆ ਕਿ ਇਹ ਟਰਾਂਸਪੋਰਟਰਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਬੱਸਾਂ 'ਚ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਨਾ ਚੱਲਣ ਦੇਣ ਅਤੇ ਜੇਕਰ ਕੋਈ ਸਵਾਰੀ ਕਿਸੇ ਵੀ ਗੀਤ 'ਤੇ ਇਤਰਾਜ਼ ਕਰਦੀ ਹੈ ਤਾਂ ਨਾ ਸਿਰਫ਼ ਉਸਨੂੰ ਉਸੇ ਵੇਲੇ ਬੰਦ ਕਰਨ ਸਗੋਂ ਉਸਨੂੰ ਭਵਿੱਖ 'ਚ ਵੀ ਆਪਣੇ ਸਿਸਟਮ 'ਚੋਂ ਹਮੇਸ਼ਾ ਲਈ ਕੱਢ ਦੇਣ। ਉਨ੍ਹਾਂ ਸਵਾਰੀਆਂ ਨੂੰ ਵੀ ਅਪੀਲ ਕੀਤੀ ਕਿ ਸੰਗਰੂਰ ਜ਼ਿਲੇ 'ਚ ਜੇਕਰ ਕੋਈ ਵੀ ਟਰਾਂਸਪੋਰਟਰ ਬੱਸਾਂ 'ਚ ਅਸ਼ਲੀਲ ਜਾਂ ਇਤਰਾਜ਼ਯੋਗ ਗੀਤ ਚਲਾਉਂਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਉਨ੍ਹਾਂ ਦੇ ਦਫ਼ਤਰ ਜਾਂ ਪੁਲਸ ਕੋਲ ਦਰਜ ਕਰਵਾ ਸਕਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਿਕਾਇਤ ਸਹੀ ਪਾਈ ਜਾਣ 'ਤੇ ਸਬੰਧਤ ਟਰਾਂਸਪੋਰਟਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਣੀ ਜ਼ਰੂਰ ਯਕੀਨੀ ਬਣਾਈ ਜਾਵੇਗੀ।


cherry

Content Editor

Related News