ED ਦੀ ਵੱਡੀ ਕਾਰਵਾਈ, ਮੰਤਰੀ ਦੇ ਸਕੱਤਰ ਦੇ ਘਰੇਲੂ ਸਹਾਇਕ ਦੇ ਘਰੋਂ ਕਰੋੜਾਂ ਰੁਪਏ ਬਰਾਮਦ

05/06/2024 11:37:39 AM

ਰਾਂਚੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਝਾਰਖੰਡ ਦੇ ਇਕ ਮੰਤਰੀ ਦੇ ਸਕੱਤਰ ਦੇ ਘਰੇਲੂ ਸਹਾਇਕ ਦੇ ਕੰਪਲੈਕਸਾਂ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ 'ਚ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਵਲੋਂ ਸਾਂਝੇ ਕੀਤੇ ਗਏ 'ਵੀਡੀਓ' 'ਚ ਈ.ਡੀ. ਦੇ ਅਧਿਕਾਰੀਆਂ ਨੂੰ ਇਕ ਕਮਰੇ 'ਚੋਂ ਨੋਟਾਂ ਦੀਆਂ ਗੱਠੀਆਂ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਜਿਸ ਸਥਾਨ 'ਤੇ ਛਾਪਾ ਮਾਰਿਆ ਗਿਆ, ਉਹ ਕਥਿਤ ਤੌਰ 'ਤੇ ਰਾਜ ਦੇ ਗ੍ਰਾਮੀਣ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਘਰੇਲੂ ਸਹਾਇਕ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਈ.ਡੀ. ਦੇ ਸੂਤਰਾਂ ਨੇ ਕਿਹਾ ਕਿ ਕਿੰਨੀ ਰਾਸ਼ੀ ਬਰਾਮਦ ਕੀਤੀ ਗਈ ਹੈ, ਇਸ ਦਾ ਪਤਾ ਲਗਾਉਣ ਲਈ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਇਹ ਰਾਸ਼ੀ 20-30 ਕਰੋੜ ਰੁਪਏ ਦਰਮਿਆਨ ਹੋ ਸਕਦੀ ਹੈ।

ਸੂਤਰਾਂ ਨੇ ਕਿਹਾ ਕਿ ਬਰਾਮਦ ਕੀਤੀ ਗਈ ਨਕਦੀ 'ਚ ਮੁੱਖ ਰੂਪ ਨਾਲ 500 ਰੁਪਏ ਦੇ ਨੋਟ ਹਨ ਅਤੇ ਕੁਝ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਆਲਮ (70) ਕਾਂਗਰਸ ਨੇਤਾ ਹਨ ਅਤੇ ਝਾਰਖੰਡ ਵਿਧਾਨ ਸਭਾ 'ਚ ਪਾਕੁੜ ਸੀਟ ਦਾ ਪ੍ਰਤੀਨਿਧੀਤੱਵ ਕਰਦੇ ਹਨ। ਇਹ ਛਾਪੇਮਾਰੀ ਗ੍ਰਾਮੀਣ ਵਿਕਾਸ ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ ਵੀਰੇਂਦਰ ਕੁਮਾਰ ਰਾਮ ਖ਼ਿਲਾਫ਼ ਇਕ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਜੁੜੀ ਹੈ। ਵੀਰੇਂਦਰ ਰਾਮ ਨੂੰ ਪਿਛਲੇ ਸਾਲ ਈ.ਡੀ. ਨੇ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਪਿਛਲੇ ਸਾਲ ਅਪ੍ਰੈਲ 'ਚ ਜਾਰੀ ਇਕ ਬਿਆਨ 'ਚ ਦੋਸ਼ ਲਗਾਇਆ ਸੀ,''ਰਾਂਚੀ 'ਚ ਗ੍ਰਾਮੀਣ ਕਾਰਜ ਵਿਭਾਗ 'ਚ ਮੁੱਖ ਇੰਜੀਨੀਅਰ ਵਜੋਂ ਤਾਇਨਾਤ ਵੀਰੇਂਦਰ ਕੁਮਾਰ ਰਾਮ ਨੇ ਠੇਕੇਦਾਰਾਂ ਨੂੰ ਟੈਂਡਰ ਅਲਾਟ ਕਰਨ ਦੇ ਬਦਲੇ ਉਨ੍ਹਾਂ ਤੋਂ ਰਿਸ਼ਵਤ ਦੇ ਨਾਂ 'ਤੇ ਗੈਰ-ਕਾਨੂੰਨੀ ਕਮਾਈ ਕੀਤੀ ਸੀ।'' ਏਜੰਸੀ ਨੇ ਅਧਿਕਾਰੀ ਦੀ 39 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਸੀ। ਬਿਆਨ 'ਚ ਕਿਹਾ ਗਿਆ ਹੈ,''ਇਸ ਤਰ੍ਹਾਂ ਅਪਰਾਧ ਤੋਂ ਇਕੱਠੀ ਆਮਦਨ ਦਾ ਉਪਯੋਗ ਵੀਰੇਂਦਰ ਕੁਮਾਰ ਰਾਮ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵਲੋਂ 'ਆਲੀਸ਼ਾਨ' ਜੀਵਨਸ਼ੈਲੀ ਜਿਊਂਣ ਲਈ ਕੀਤਾ ਜਾਂਦਾ ਸੀ।'' ਰਾਮ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਝਾਰਖੰਡ ਭ੍ਰਿਸ਼ਟਾਚਾਰ ਰੋਕਥਾਮ ਬਿਊਰੋ (ਏ.ਸੀ.ਬੀ.) ਦੀ ਇਕ ਸ਼ਿਕਾਇਤ ਨਾਲ ਜੁੜਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News