ਗਲਤੀ ਰੈਵੀਨਿਊ ਵਿਭਾਗ ਦੀ, ਖਮਿਆਜ਼ਾ ਭੁਗਤਣ ਦੁਕਾਨਦਾਰ

01/16/2020 5:16:31 PM

ਮੋਗਾ (ਸੰਜੀਵ): ਸ਼ਹਿਰ ਦੇ ਜੋਗਿੰਦਰ ਸਿੰਘ ਚੌਕ ਵਿਚ ਸਥਿਤ ਗੋਇਲ ਮਾਰਕੀਟ ਦੇ ਦੁਕਾਨਦਾਰਾਂ ਨਾਲ ਪਿਛਲੇ 40-50 ਸਾਲਾਂ ਤੋਂ ਪ੍ਰਸ਼ਾਸਨ ਦਾ ਰੈਵੀਨਿਊ ਵਿਭਾਗ ਹੇਰਾ-ਫੇਰੀ ਕਰਦਾ ਆ ਰਿਹਾ ਹੈ। ਇਨ੍ਹਾਂ ਦੁਕਾਨਦਾਰਾਂ ਦੀਆਂ ਰਜਿਸਟਰੀਆਂ ਕਿਸੇ ਹੋਰ ਖਸਰਾ ਨੰਬਰ ’ਚ ਕਰ ਦਿੱਤੀਆਂ ਗਈਆਂ ਹਨ। ਰਿਕਾਰਡ ’ਚ ਮਾਲਕ ਕਿਤੇ ਹੋਰ ਵਿਖਾ ਦਿੱਤੇ ਹਨ। ਰੈਵੀਨਿਊ ਵਿਭਾਗ ਦੀ ਇਸ ਹੇਰਾ-ਫੇਰੀ ਦਾ ਖਮਿਆਜ਼ਾ ਹੁਣ ਗੋਇਲ ਮਾਰਕੀਟ ਦੇ 31 ’ਚੋਂ 11 ਦੁਕਾਨਦਾਰਾਂ ਨੂੰ ਭੁਗਤਣਾ ਪਵੇਗਾ। ਹਾਈਵੇ ਦੀ ਉਸਾਰੀ ਲਈ ਮਾਰਕੀਟ ਦੀਆਂ 11 ਦੁਕਾਨਾਂ ਢਾਹੀਆਂ ਜਾਣਗੀਆਂ। ਇਸ ਲਈ ਰੈਵੀਨਿਊ ਵਿਭਾਗ ਦੇ ਪਟਵਾਰੀ ਤੋਂ ਲੈ ਕੇ ਅਧਿਕਾਰੀ ਤੱਕ ਦੁਕਾਨਦਾਰਾਂ ਨੂੰ ਮਲਬੇ ਦੀ ਰਾਸ਼ੀ ਲੈਣ ਲਈ ਦਬਾਅ ਬਣਾ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਢਾਹੀਆਂ ਜਾਣੀਆਂ ਹਨ, ਉਨ੍ਹਾਂ ਦੇ ਕੋਲ 40 ਤੋਂ 50 ਸਾਲ ਪੁਰਾਣੀਆਂ ਰਜਿਸਟਰੀਆਂ ਹਨ। ਉਨ੍ਹਾਂ ਦੀਆਂ ਦੁਕਾਨਾਂ ਦੀ ਵੈਲਿਊਏਸ਼ਨ ਬੈਂਕਾਂ ਨੇ ਕਰੋਡ਼ਾਂ ਰੁਪਏ ’ਚ ਕੀਤੀ ਹੈ ਅਤੇ ਉਸੇ ਆਧਾਰ ’ਤੇ ਉਨ੍ਹਾਂ ਨੂੰ ਲੋਨ ਦਿੱਤੇ ਗਏ ਹਨ ਜਦੋਂਕਿ ਰੈਵੀਨਿਊ ਵਿਭਾਗ ਸਿਰਫ 3 ਤੋਂ 4 ਲੱਖ ਦੀ ਰਾਸ਼ੀ ਦੇ ਕੇ ਦੁਕਾਨਦਾਰਾਂ ਦਾ ਰੋਜ਼ਗਾਰ ਉਜਾਡ਼ਨ ’ਤੇ ਤੁਲਿਆ ਹੋਇਆ ਹੈ। ਇਸ ਨੂੰ ਲੈ ਕੇ ਦੁਕਾਨਦਾਰਾਂ ’ਚ ਭਾਰੀ ਰੋਸ ਹੈ।

PunjabKesari

ਪ੍ਰਸ਼ਾਸਨ ਅਤੇ ਐੱਨ. ਐੱਚ. 95 ਮਿਲ ਕੇ ਕਰ ਰਹੇ ਦੁਕਾਨਦਾਰਾਂ ਨਾਲ ਧੱਕੇਸ਼ਾਹੀ

ਗੋਇਲ ਮਾਰਕੀਟ ਦੇ ਦੁਕਾਨਦਾਰ ਮਮਤਾ ਗੁਪਤਾ, ਸੰਜੀਵ ਕੁਮਾਰ, ਸੰਦੀਪ ਮਦਾਨ, ਸੁਨੀਲ ਮਦਾਨ, ਪੰਕਜ ਗੁਪਤਾ, ਆਤਮਾ ਸਿੰਘ, ਗੁਰਮੀਤ ਸਿੰਘ, ਗੁਰਜਿੰਦਰ ਬਜਾਜ ਆਦਿ ਦਾ ਕਹਿਣਾ ਹੈ ਕਿ ਇਥੇ ਐੱਨ. ਐੱਚ. 95 ਨੇ 5 ਪੁਲ ਬਣਾਏ ਹਨ, ਜੋ ਹੁਣ ਤੱਕ ਪੂਰੀ ਤਰ੍ਹਾਂ ਤਿਆਰ ਵੀ ਨਹੀਂ ਹੋਏ ਕਿ ਐੱਨ. ਐੱਚ. 95 ਮੋਗਾ ਸ਼ਹਿਰ ਦੇ ਹਾਰਟ ਯਾਨੀ, ਦਿਲ ਵਾਲੇ ਮੇਨ ਬੱਸ ਅੱਡੇ ਚੌਕ ਤੋਂ ਅੰਮ੍ਰਿਤਸਰ ਰੋਡ ਨੂੰ ਫੋਰਲੇਨ ਸਡ਼ਕ ਬਣਾਉਣਾ ਚਾਹੁੰਦੇ ਹਨ, ਜਿਸ ਕਰ ਕੇ ਕਈ ਲੋਕਾਂ ਦੀਆਂ ਦੁਕਾਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਅਤੇ ਐੱਨ. ਐੱਚ. 95 ਦੁਆਰਾ ਮੋਗਾ ਸ਼ਹਿਰ ’ਚ ਸਥਿਤ ਗੋਇਲ ਮਾਰਕੀਟ ਦੀਆਂ 11 ਦੁਕਾਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਉਨ੍ਹਾਂ ਨੂੰ 2 ਤੋਂ 3 ਲੱਖ ਰੁਪਏ ਮੁਆਵਜ਼ੇ ਦੇ ਰੂਪ ’ਚ ਦਿੱਤੇ ਜਾ ਰਹੇ ਹਨ। ਜੇਕਰ ਮਾਰਕੀਟ ਰੇਟ ਵੇਖਿਆ ਜਾਵੇ ਤਾਂ ਕਿਸੇ ਦੁਕਾਨ ਦੀ ਕੀਮਤ ਦੋ ਤੋਂ ਢਾਈ ਕਰੋਡ਼ ਰੁਪਏ, ਡੇਢ ਤੋਂ ਦੋ ਕਰੋਡ਼ ਰੁਪਏ ਅਤੇ ਕਿਸੇ ਦੀ ਇਕ ਕਰੋਡ਼ ਰੁਪਏ ਦੇ ਕਰੀਬ ਬਣਦੀ ਹੈ ਜਦੋਂਕਿ ਐੱਨ. ਐੱਚ. 95 ਨੂੰ ਮਾਰਕੀਟ ਵੈਲਿਊ ਤੋਂ 3 ਤੋਂ 4 ਗੁਣਾ ਵਧਾ ਕੇ ਉਨ੍ਹਾਂ ਦੁਕਾਨਾਂ ਦੇ ਮਾਲਕਾਂ ਨੂੰ ਦੇਣਾ ਚਾਹੀਦਾ ਹੈ। ਦੁਕਾਨਦਾਰਾਂ ਨੂੰ ਇਥੇ ਰਹਿੰਦੇ ਹੋਏ ਕਰੀਬ 40 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ, ਫਿਰ ਵੀ ਇਨ੍ਹਾਂ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਆਰਡਰ ਮੁਤਾਬਕ 12 ਸਾਲ ਤੋਂ ਜ਼ਿਆਦਾ ਜ਼ਮੀਨ ’ਤੇ ਕਬਜ਼ਾ ਰੱਖਣ ਵਾਲੇ ਦਾ ਹੀ ਮਾਲਕੀ ਹੱਕ ਹੋ ਜਾਂਦਾ ਹੈ ਅਤੇ ਉਸ ਨੂੰ ਪੂਰੇ ਪੈਸੇ ਦੇਣ ਤੋਂ ਬਾਅਦ ਹੀ ਤੁਸੀਂ ਉਸ ਦੀ ਜਗ੍ਹਾ ’ਤੇ ਕਬਜ਼ਾ ਕਰ ਸਕਦੇ ਹੋ।

ਕੀ ਹੈ ਮਾਮਲਾ

ਗੋਇਲ ਮਾਰਕੀਟ ਦੀਆਂ ਦੁਕਾਨਾਂ ਦੀ ਰਜਿਸਟਰੀ ਖਸਰਾ ਨੰਬਰ 411 ਮੁਤਾਬਕ ਹੋਈਆਂ ਹਨ ਅਤੇ ਐੱਨ. ਐੱਚ. 95 ਨੂੰ ਖਸਰਾ ਨੰਬਰ 412 ਅਕਵਾਇਰ ਕਰਨੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਗੋਇਲ ਮਾਰਕੀਟ ਜੋ ਖਸਰਾ ਨੰਬਰ 411 ’ਚ ਬਣੀ ਹੈ। ਅਸਲ ’ਚ ਉਹੀ ਖਸਰਾ ਨੰਬਰ 412 ਹੈ, ਜਿਸ ਕਾਰਣ ਉਨ੍ਹਾਂ ਦੁਕਾਨਦਾਰਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲ ਰਿਹਾ। ਦੁਕਾਨਦਾਰਾਂ ਦੀ ਰਜਿਸਟਰੀ ਵਿਚ ਲਿਖੀ। ਹੱਦੋਂ ਅਤੇ ਨਕਸ਼ੇ ਵਿਚ ਬਣੀ ਹੱਦੋਂ ਅਨੁਸਾਰ ਉਹ ਦੁਕਾਨਦਾਰ ਆਪਣੀ ਜਗ੍ਹਾ ’ਤੇ ਬਿਲਕੁਲ ਠੀਕ ਬੈਠੇ ਹਨ। ਰੈਵੀਨਿਊ ਦੀ ਗਲਤੀ ਕਾਰਣ ਦੁਕਾਨਦਾਰਾਂ ਦੀ ਰਜਿਸਟਰੀ ’ਤੇ ਖਸਰਾ ਨੰਬਰ ਗਲਤ ਚਡ਼੍ਹਿਆ ਹੈ, ਜਿਸ ਦਾ ਪ੍ਰਸ਼ਾਸਨ ਅਤੇ ਐੱਨ. ਐੱਚ. 95 ਮਿਲ ਕੇ ਫਾਇਦਾ ਚੁੱਕਣਾ ਚਾਹੁੰਦੇ ਹਨ ਤਾਂ ਕਿ ਇਨ੍ਹਾਂ ਦੁਕਾਨਦਾਰਾਂ ਵੱਲੋਂ ਇਨ੍ਹਾਂ ਦੀ ਰੋਜ਼ੀ-ਰੋਟੀ, ਇਨ੍ਹਾਂ ਦੇ ਹੱਕ ਦੇ ਪੈਸੇ ਸਭ ਕੁਝ ਖੋਹ ਲਿਆ ਜਾਵੇ।

 

ਕੀ ਕਹਿਣਾ ਹੈ ਦੁਕਾਨਦਾਰਾਂ ਦਾ

ਦੁਕਾਨਦਾਰਾਂ ਵੱਲੋਂ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਡੀ. ਸੀ. ਸੰਦੀਪ ਹੰਸ ਨੂੰ ਵੀ ਕੀਤੀ ਹੈ ਕਿ ਇਹ ਦੁਕਾਨਦਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਦੇ ਜੋ ਖਸਰਾ ਨੰਬਰ ਗਲਤ ਚਡ਼੍ਹੇ ਹਨ, ਉਸ ਦਾ ਹੱਲ ਵੀ ਖੋਜ ਕਰ ਕੇ ਡੀ. ਸੀ. ਸਾਹਿਬ ਨੂੰ ਦੱਸ ਦਿੱਤਾ ਹੈ, ਜਿਸ ਨਾਲ ਇਨ੍ਹਾਂ ਦੁਕਾਨਦਾਰਾਂ ਨੂੰ ਉਨ੍ਹਾਂ ਦਾ ਹੱਕ ਮਿਲ ਸਕਦਾ ਹੈ ਕਿ 411 ਅਤੇ 412 ਦਾ ਇਸਤਰਾਕ ਕਰ ਕੇ ਦੋਵੇਂ ਖਸਰਾ ਨੰਬਰ ਨੂੰ ਇਕ ਕਰ ਦਿੱਤਾ ਜਾਵੇ, ਜੋ ਲੈਂਡ ਰਿਕਾਰਡ ਮੈਨੂਅਲ ਅਤੇ ਰੈਵੀਨਿਊ ਐਕਟ ਅਧੀਨ ਪ੍ਰੋਵੀਜ਼ਨ ਹੈ ਅਤੇ ਇਨ੍ਹਾਂ ਦੁਕਾਨਦਾਰਾਂ ਨੂੰ ਇਨ੍ਹਾਂ ਦੀ ਪੂਰੀ ਕੀਮਤ ਜੋ ਕਿ ਹਰ ਦੁਕਾਨਦਾਰ ਨੂੰ ਕਰੋਡ਼ਾਂ ਰੁਪਏ ਦੇ ਕਰੀਬ ਬਣ ਰਹੀ ਹੈ, ਉਹ ਦਿੱਤੀ ਜਾਵੇ।

ਕੀ ਕਹਿੰਦੇ ਨੇ ਐੱਸ. ਡੀ. ਐੱਮ.

ਉਕਤ ਮਾਮਲੇ ਸਬੰਧੀ ਜਦੋਂ ਐੱਸ. ਡੀ. ਐੱਮ. ਮੋਗਾ ਸਤਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨਾਲ ਬੇਇਨਸਾਫੀ ਨਹੀਂ ਹੋਵੇਗੀ। ਸਾਰਿਆਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਜਾਵੇਗਾ। ਇਸ ਸਬੰਧੀ ਇਕ ਤਿੰਨ ਮੈਂਬਰਾਂ ’ਤੇ ਆਧਾਰਿਤ ਕਮੇਟੀ ਬਣਾਈ ਗਈ। ਕਮੇਟੀ ਦਾ ਫੈਸਲਾ ਆਉਣ ’ਤੇ ਹੀ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ।


Shyna

Content Editor

Related News