ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਚਿੰਤਾ ਭਰੀ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ ''ਚ ਸਿੱਖਿਆ ਵਿਭਾਗ

Tuesday, Apr 16, 2024 - 06:37 PM (IST)

ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਚਿੰਤਾ ਭਰੀ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ ''ਚ ਸਿੱਖਿਆ ਵਿਭਾਗ

ਲੁਧਿਆਣਾ (ਵਿੱਕੀ) : ਲਗਭਗ 7 ਮਹੀਨੇ ਪਹਿਲਾਂ ਸਕੂਲ ਸਿੱਖਿਆ ਵਿਭਾਗ ਦੇ ਪੀ. ਐੱਫ. ਐੱਮ. ਐੱਸ. ਪੋਰਟਲ ’ਚ ਆਈ ਤਕਨੀਕੀ ਗੜਬੜੀ ਕਾਰਨ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐੱਸ. ਸੀ. ਐਂਡ ਅਦਰਜ਼ ਦੀ ਦੁੱਗਣੀ ਅਤੇ ਤਿੱਗਣੀ ਰਾਸ਼ੀ ਵਿਦਿਆਰਥੀਆਂ ਦੇ ਖਾਤੇ ’ਚ ਟਰਾਂਸਫਰ ਹੋਣ ਕਾਰਨ ਕਈ ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲ ਮੁਖੀਆਂ ਲਈ ਇਨ੍ਹਾਂ ਦਿਨਾਂ ’ਚ ਇਕ ਅਜੀਬੋ ਗਰੀਬ ਸਥਿਤੀ ਬਣੀ ਹੋਈ। ਵਜ੍ਹਾ ਇਹ ਹੈ ਕਿ ਇਕ ਤਾਂ ਵਿਭਾਗੀ ਅਧਿਕਾਰੀ ਸਕੂਲ ਪ੍ਰਮੁੱਖਾਂ ਨੂੰ ਵਿਦਿਆਰਥੀਆਂ ਨੂੰ ਫਾਲਤੂ ਟਰਾਂਸਫਰ ਹੋਈ ਪੇਮੈਂਟ ਦੀ ਰਿਕਵਰੀ ਕਰਨ ਦੇ ਨੋਟਿਸ ਕੱਢ ਕੇ ਵਿਭਾਗੀ ਕਾਰਵਾਈ ਕਰਨ ਦਾ ਡਰ ਦਿਖਾ ਰਹੇ ਹਨ, ਦੂਜੇ ਪਾਸੇ ਕਈ ਮਾਪੇ ਵੀ ਵਿਭਾਗ ਨੂੰ ਰਾਸ਼ੀ ਵਾਪਸ ਕਰਨ ਤੋਂ ਸਾਫ ਇਨਕਾਰ ਕਰ ਰਹੇ ਹਨ। ਇਸ ਦੌਰਾਨ ਹੁਣ ਸਕੂਲ ਮੁਖੀ ਦੱਬੀ ਜ਼ੁਬਾਨ ’ਚ ਕਹਿ ਰਹੇ ਹਨ ਕਿ ਜੋ ਗਲਤੀ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਸਟਾਫ ਨੇ ਕੀਤੀ ਹੀ ਨਹੀਂ, ਉਨ੍ਹਾਂ ਦੀ ਜ਼ਿੰਮੇਵਾਰੀ ਵੀ ਕਿਉਂ ਤੈਅ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਭਾਗੀ ਸਖ਼ਤੀ ਕਾਰਨ ਕਈ ਸਕੂਲ ਮੁਖੀਆਂ ਨੇ ਤਾਂ ਆਪਣੇ ਕੋਲੋਂ ਉਕਤ ਰਕਮ ਦਾ ਕੁਝ ਹਿੱਸਾ ਜਮ੍ਹਾਂ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

ਜਾਣਕਾਰੀ ਮੁਤਾਬਕ ਸਤੰਬਰ ਮਹੀਨੇ ’ਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 1579 ਵਿਦਿਆਰਥੀਆਂ ਦੇ ਖਾਤਿਆਂ ’ਚ ਪੀ. ਐੱਫ. ਐੱਮ. ਐੱਸ. ਪੋਰਟਲ ਵਿਚ ਤਕਨੀਕੀ ਗੜਬੜੀ ਕਾਰਨ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐੱਸ. ਸੀ. ਐਂਡ ਅਦਰਸ ਦੀ ਦੁੱਗਣੀ ਅਤੇ ਤਿੱਗਣੀ ਰਾਸ਼ੀ ਦੇ ਰੂਪ ’ਚ ਲਗਭਗ 22.65 ਲੱਖ ਰੁਪਏ ਦੀ ਰਕਮ ਟਰਾਂਸਫਰ ਹੋ ਗਈ। 1272 ਵਿਦਿਆਰਥੀਆਂ ਤੋਂ ਤਾਂ ਲਗਭਗ 18.19 ਲੱਖ ਦੀ ਰਿਕਵਰੀ ਹੋ ਚੁੱਕੀ ਹੈ ਪਰ 307 ਵਿਦਿਆਰਥੀਆਂ ਵੱਲੋਂ ਅਜੇ ਇਹ ਰਾਸ਼ੀ ਮੋੜੀ ਨਹੀਂ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

42 ਮਾਪਿਆਂ ਨੇ ਪੇਮੈਂਟ ਵਾਪਸ ਕਰਨ ਤੋਂ ਕੀਤਾ ਸਾਫ ਇਨਕਾਰ

ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ 307 ’ਚੋਂ ਵੱਖ-ਵੱਖ ਸਕੂਲਾਂ ਦੇ 42 ਵਿਦਿਆਰਥੀਆਂ ਦੇ ਮਾਪਿਆਂ ਨੇ ਤਾਂ ਰਕਮ ਵਾਪਸ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ, ਜਦਕਿ 265 ਵਿਦਿਆਰਥੀਆਂ ਦੇ ਮਾਪੇ ਇਹ ਵੀ ਨਹੀਂ ਦੱਸ ਰਹੇ ਹਨ ਕਿ ਪੈਸੇ ਵਾਪਸ ਕਦੋਂ ਦੇਣੇ ਹਨ। ਹਾਲਾਤ ਤਾਂ ਇਹ ਹਨ ਕਿ ਸਕੂਲਾਂ ’ਚ ਪੜ੍ਹਾਉਣ ਆਉਣ ਵਾਲੇ ਅਧਿਆਪਕ ਪੇਮੈਂਟ ਰਿਕਵਰੀ ਲਈ ਬੱਚਿਆਂ ਦੇ ਘਰਾਂ ’ਚ ਚੱਕਰ ਤੱਕ ਲਗਾ ਰਹੇ ਹਨ।

ਇਹ ਵੀ ਪੜ੍ਹੋ : ਅਕਾਲੀ ਦਲ ਨੇ ਜਨਤਕ ਕੀਤਾ ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ

ਪਿੰਡਾਂ ਨੂੰ ਮੁੜ ਚੁੱਕੇ ਕਈ ਵਿਦਿਆਰਥੀ

ਇਸ ਵਿਚ ਸਭ ਤੋਂ ਰੌਚਕ ਪਹਿਲੂ ਇਹ ਹੈ ਕਿ ਕਈ ਵਿਦਿਆਰਥੀ ਤਾਂ ਇਸ ਤਰ੍ਹਾਂ ਦੇ ਹਨ, ਜੋ ਆਪਣੇ ਪਿੰਡਾਂ ਨੂੰ ਵਾਪਸ ਮੁੜ ਚੁੱਕੇ ਹਨ ਅਤੇ ਹੁਣ ਅਧਿਆਪਕਾਂ ਦਾ ਫੋਨ ਤੱਕ ਵੀ ਰਿਸੀਵ ਨਹੀਂ ਕਰ ਰਹੇ। ਉਕਤ ਬਾਰੇ ਡੀ. ਈ. ਓ. ਨੇ ਪਿਛਲੇ ਦਿਨੀਂ ਸਕੂਲ ਮੁਖੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ 15 ਅਪ੍ਰੈਲ ਤੱਕ ਸਾਰੇ ਵਿਦਿਆਰਥੀਆਂ ਤੋਂ ਰਾਸ਼ੀ ਦੀ ਰਿਕਵਰੀ ਕਰ ਕੇ ਵਿਭਾਗ ਨੂੰ ਜਮ੍ਹਾ ਨਾ ਕਰਵਾਈ ਗਈ ਤਾਂ ਇਸ ਤਰ੍ਹਾਂ ਦੇ ਸਕੂਲ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ ਉਨ੍ਹਾਂ ’ਤੇ ਅਨੁਸਾਸ਼ਨਾਤਮਕ ਕਾਰਵਾਈ ਕਰਨ ਲਈ ਹੈੱਡ ਆਫਿਸ ਨੂੰ ਲਿਖ ਕੇ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪਿਤਾ ਦੇ ਆਖਰੀ ਬੋਲ 'ਮੈਂ ਹੁਣ ਪਿੰਡ 'ਚ ਸਿਰ ਚੁੱਕ ਕੇ ਤੁਰਨ ਦੇ ਯੋਗ ਨਹੀਂ ਰਿਹਾ, ਲੋਕਾਂ ਦੇ ਤਾਅਨੇ ਨਹੀਂ ਸੁਣ ਸਕਦਾ'

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News