ਰੀਵਾ ਜਿਊਲਰਜ਼ ਤੋਂ ਚੋਰਾਂ ਨੇ ਉਡਾਏ ਲੱਖਾਂ ਦੇ ਹੀਰੇ ਤੇ ਗਹਿਣੇ, ਦੋ ਕਾਬੂ

06/16/2019 12:35:30 AM

ਚੰਡੀਗੜ (ਸੁਸ਼ੀਲ)-ਸੈਕਟਰ-23 ਸਥਿਤ ਰੀਵਾ ਜਿਊਲਰਜ਼ ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣਿਆਂ 'ਤੇ ਸ਼ੁੱਕਰਵਾਰ ਸਵੇਰੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ। ਚੋਰਾਂ ਨੇ ਸ਼ੋਅਰੂਮ ਦੇ ਤਾਲੇ ਤੋੜਨ ਦੀ ਬਜਾਏ ਚਾਬੀਆਂ ਨਾਲ ਖੋਲ੍ਹ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਾਤਿਰ ਚੋਰਾਂ ਨੇ ਦਸਤਾਨੇ ਪਾਏ ਹੋਏ ਸਨ, ਤਾਂ ਕਿ ਘਟਨਾ ਸਥਾਨ 'ਤੇ ਕੋਈ ਫਿੰਗਰ ਪ੍ਰਿੰਟ ਨਾ ਰਹਿ ਜਾਣ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਚੋਰ ਸੀ. ਸੀ. ਟੀ. ਵੀ. ਫੁਟੇਜ 'ਚ ਕੈਦ ਹੋ ਗਏ। ਪੁਲਸ ਦਾ ਸ਼ੱਕ ਸ਼ੋਅਰੂਮ 'ਚ ਕੰਮ ਕਰਨ ਵਾਲੇ ਨੌਕਰਾਂ 'ਤੇ ਗਿਆ। ਸੈਕਟਰ-17 ਥਾਣਾ ਪੁਲਸ ਨੇ ਪਟਿਆਲਾ ਨਿਵਾਸੀ ਮਾਲਕ ਪਿੰਟੂ ਮਿੱਡਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਦੋ ਕਾਰਿੰਦਿਆਂ ਨੂੰ ਹਿਰਾਸਤ 'ਚ ਲਿਆ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁੱਛਗਿੱਛ 'ਚ ਕਾਰਿੰਦਿਆਂ ਨੇ ਚੋਰੀ ਦੀ ਵਾਰਦਾਤ ਕਬੂਲ ਕੀਤੀ। ਉਨ੍ਹਾਂ ਦੱਸਿਆ ਕਿ ਚੋਰੀ ਕੀਤੇ ਗਏ ਸੋਨੇ ਅਤੇ ਹੀਰੇ ਦੇ ਗਹਿਣੇ ਫਰਾਰ ਤੀਸਰੇ ਮੁਲਜ਼ਮ ਕੋਲ ਹਨ। ਸੈਕਟਰ-17 ਥਾਣਾ ਪੁਲਸ ਹੁਣ ਦੋਵਾਂ ਦੀ ਨਿਸ਼ਾਨਦੇਹੀ 'ਤੇ ਤੀਸਰੇ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਸਵੇਰੇ ਸ਼ੋਅਰੂਮ ਪੁੱਜੇ ਤਾਂ ਖੁੱਲ੍ਹੇ ਸਨ ਤਾਲੇ
ਪਿੰਟੂ ਮਿੱਡਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਸੈਕਟਰ-23 'ਚ ਰੀਵਾ ਜਿਊਲਰਸ ਨਾਂ ਦੀ ਦੁਕਾਨ ਹੈ। ਵੀਰਵਾਰ ਰਾਤ ਉਹ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ ਸੀ। ਸ਼ੁੱਕਰਵਾਰ ਸਵੇਰੇ ਸਾਢੇ ਦਸ ਵਜੇ ਸ਼ੋਅਰੂਮ 'ਤੇ ਪਹੁੰਚਿਆ ਤਾਂ ਸ਼ਟਰ ਖੁੱਲ੍ਹਾ ਸੀ ਅਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਅਲਮਾਰੀ ਖੋਲ੍ਹੀ ਤਾਂ ਸੋਨੇ ਤੇ ਹੀਰੇ ਦੇ ਲੱਖਾਂ ਰੁਪਏ ਦੇ ਗਹਿਣੇ ਗਾਇਬ ਸਨ। ਉਨ੍ਹਾਂ ਨੇ ਸੂਚਨਾ ਪੁਲਸ ਨੂੰ ਦਿੱਤੀ। ਡੀ. ਐੱਸ. ਪੀ. ਸੈਂਟਰਲ ਕ੍ਰਿਸ਼ਨ ਕੁਮਾਰ, ਥਾਣਾ ਇੰਚਾਰਜ-17 ਇੰਸਪੈਕਟਰ ਜਸਪਾਲ ਸਿੰਘ ਭੁੱਲਰ, ਸੈਕਟਰ-22 ਚੌਕੀ ਇੰਚਾਰਜ ਸਬ ਇੰਸਪੈਕਟਰ ਸਤਨਾਮ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਫਿੰਗਰ ਪ੍ਰਿੰਟ ਲੈਣ ਲਈ ਸੀ. ਐੱਫ. ਐੱਸ. ਐੱਲ. ਟੀਮ ਨੂੰ ਬੁਲਾਇਆ ਪਰ ਪੁਲਸ ਨੂੰ ਕੋਈ ਫਿੰਗਰ ਪ੍ਰਿੰਟ ਨਹੀਂ ਮਿਲੇ। ਪੁਲਸ ਨੂੰ ਘਟਨਾ ਸਥਾਨ ਤੋਂ ਪਲਾਸਟਿਕ ਦੇ ਦਸਤਾਨੇ ਮਿਲੇ ਹਨ, ਜਿਨ੍ਹਾਂ ਨੂੰ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਇਸਤੇਮਾਲ ਕੀਤਾ ਸੀ।
ਆਟੋ 'ਚ ਆਏ, 15 ਮਿੰਟਾਂ 'ਚ ਵਾਰਦਾਤ ਨੂੰ ਦਿੱਤਾ ਅੰਜਾਮ
ਸ਼ੋਅਰੂਮ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਪੁਲਸ ਨੇ ਦੇਖੇ ਤਾਂ ਜਿਊਲਰੀ ਦੀ ਦੁਕਾਨ 'ਚ ਕੰਮ ਕਰਨ ਵਾਲੇ ਤਿੰਨ ਨੌਜਵਾਨ ਸ਼ੁੱਕਰਵਾਰ ਸਵੇਰੇ 5:18 ਵਜੇ ਸੈਕਟਰ-22/23 ਲਾਈਟ ਪੁਆਇੰਟ ਵਲੋਂ ਆਟੋ 'ਚ ਆਏ। ਉਨ੍ਹਾਂ ਨੇ ਆਟੋ ਸ਼ੋਅਰੂਮ ਤੋਂ 100 ਮੀਟਰ ਦੂਰ ਖੜ੍ਹਾ ਕੀਤਾ। ਆਟੋ 'ਚੋਂ ਇਕ ਨੌਜਵਾਨ ਹੈਲਮੇਟ ਪਾ ਕੇ ਅਤੇ ਦੂਜਾ ਚਾਦਰ ਲੈ ਕੇ ਜਿਊਲਰੀ ਦੀ ਦੁਕਾਨ ਵੱਲ ਆਇਆ। ਹੈਲਮੇਟ ਪਾਈ ਨੌਜਵਾਨ ਨੇ ਸ਼ੋਅਰੂਮ ਦੀਆਂ ਪੌੜੀਆਂ ਕੋਲ ਬਿਜਲੀ ਦਾ ਮੇਨ ਸਵਿੱਚ ਬੰਦ ਕੀਤਾ। ਇਸ ਤੋਂ ਬਾਅਦ ਸ਼ੋਅਰੂਮ ਦਾ ਤਾਲਾ ਖੋਲ੍ਹ ਕੇ ਅੰਦਰ ਵੜ ਗਿਆ, ਜਦਕਿ ਚਾਦਰ ਵਾਲਾ ਨੌਜਵਾਨ ਸ਼ੋਅਰੂਮ ਦੇ ਬਾਹਰ ਬੈਠ ਕੇ ਆਉਣ-ਜਾਣ ਵਾਲਿਆਂ 'ਤੇ ਨਜ਼ਰ ਰੱਖਦਾ ਰਿਹਾ। ਫੁਟੇਜ 'ਚ ਦਿਖਿਆ ਕਿ ਨੌਜਵਾਨ ਅਲਮਾਰੀ 'ਚ ਰੱਖੇ ਸੋਨੇ ਅਤੇ ਹੀਰੇ ਦੇ ਗਹਿਣੇ ਬੈਗ 'ਚ ਪਾ ਕੇ ਬਾਹਰ ਆਏ ਅਤੇ ਆਪਣੇ ਸਾਥੀਆਂ ਨਾਲ ਆਟੋ 'ਚ ਫਰਾਰ ਹੋ ਗਏ। ਸੀ. ਸੀ. ਟੀ. ਵੀ. ਫੁਟੇਜ 'ਚ ਆਟੋ ਦਾ ਨੰਬਰ ਵੀ ਨੋਟ ਹੋ ਗਿਆ।


satpal klair

Content Editor

Related News