ਸਮਾਜ ਨੂੰ ਬੌਧਿਕ ਲੁੱਟ ਵੱਲ ਧੱਕ ਰਿਹਾ ਹੈ ‘ਦਮਨਕਾਰੀ ਤੰਤਰ’

Tuesday, May 05, 2020 - 12:20 PM (IST)

'ਵਿਚਾਰ' ਸਮਾਜਿਕ, ਆਰਥਿਕ, ਇਤਿਹਾਸਕ, ਪਦਾਰਥਕ, ਰਾਜਨੀਤਕ ਤੇ ਸੱਭਿਆਚਾਰਕ ਹਾਲਾਤ ਦੁਆਰਾ ਨਿਰਧਾਰਿਤ ਹੁੰਦੇ ਹਨ, ਜਿਸ ਵਿਚ ਇਨਸਾਨ ਦੀਆਂ ਬੌਧਿਕ ਸਮਰੱਥਾਵਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। 'ਵਿਚਾਰ' ਪੈਦਾ ਹੋਣ ਤੋਂ ਇਸ ਦੇ 'ਵਿਚਾਰਧਾਰਾ' ਵਿਚ ਵਟਣ ਤੱਕ ਇਸ ਨੂੰ ਬਹੁਤ ਸਾਰੇ ਵਿਚੋਲੀਏ ਤੱਥਾਂ ਵਿਚੋਂ ਗੁਜ਼ਰਨਾ ਪੈਂਦਾ ਹੈ, ਜਿਸ ਵਿਚ ਦਮਨਕਾਰੀ ਤੰਤਰ ਅਕਸਰ ਸਿੱਧੇ-ਅਸਿੱਧੇ ਰੂਪ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੋਇਆ ਸਾਡੀ ਵਿਚਾਰਯੋਗਤਾ ਨੂੰ ਅਪਾਹਜ ਬਣਾ ਦਿੰਦਾ ਹੈ। ਫਰਾਂਸੀਸੀ ਵਿਦਵਾਨ ਲੂਈਸ ਆਲਥੂਸਰ ਆਪਣੇ ਪ੍ਰਸਿੱਧ ਲੇਖ "Ideology and Ideological State Appratuses" ਵਿਚ ਲਿਖਦਾ ਹੈ ਕਿ ਵਿਚਾਰਧਾਰਾ ਰਾਹੀਂ ਮਨੁੱਖ ਦਾ ਆਪਣੀਆਂ ਜੀਵਨ ਹਾਲਤਾਂ ਨਾਲ ਕਲਪਿਤ ਰਿਸ਼ਤਾ ਬਣ ਜਾਂਦਾ ਹੈ, ਜਿਸ ਵਿਚ ਉਸ ਨੂੰ 'ਸਭ ਅੱਛਾ' ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਅਸੀਂ ਅਕਸਰ ਮਹਿਸੂਸ ਕਰਦੇ ਹਾਂ ਕਿ 'ਮੇਰੀ ਤਾਂ ਆਪਣੀ ਸੋਚ ਹੈ', 'ਆਪਣੀ ਵੱਖਰੀ ਵਿਚਾਰਧਾਰਾ ਹੈ', 'ਆਪਾਂ ਤਾਂ ਆਪਣੀ ਮਰਜ਼ੀ ਅਨੁਸਾਰ ਸੋਚਦੇ ਤੇ ਜਿਊਂਦੇ ਹਾਂ' ਆਦਿ। ਪਰ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋਏ ਤੇ ਵਿਵਹਾਰ ਕਰਦੇ ਹੋਏ ਅਕਸਰ ਬਹੁਤੀ ਵਾਰ ਦਮਨਕਾਰੀ ਤੰਤਰ ਦੀ ਹੀ ਪ੍ਰੌੜ੍ਹਤਾ ਕਰ ਰਹੇ ਹੁੰਦੇ ਹਾਂ। ਇਟਾਲਵੀ ਫਿਲਾਸਫਰ ਅੰਤੋਨੀਓ ਗਰਾਮਸ਼ੀ ਆਪਣੀਆਂ 'Prison Notebooks' ਵਿਚ ਲਿਖਦਾ ਹੈ ਕਿ ਇਹ ਦਮਨਕਾਰੀ ਤੰਤਰ 'ਸਿਵਲ ਸਮਾਜ' ਅਤੇ 'ਰਾਜਨੀਤਕ ਸਮਾਜ' ਰਾਹੀਂ ਆਪਣਾ ਸ਼ਾਸਨ ਚਲਾਉਂਦਾ ਹੈ।

ਸਿਵਲ ਸਮਾਜ ਵਿਚ ਸਾਡਾ ਪਰਿਵਾਰ, ਧਰਮ, ਵਿੱਦਿਅਕ ਸੰਸਥਾਵਾਂ, ਸੱਭਿਆਚਾਰ ਆਦਿ ਕਾਰਜਸ਼ੀਲ ਹਨ ਅਤੇ ਰਾਜਨੀਤਕ ਸਮਾਜ ਵਿਚ ਪ੍ਰਸ਼ਾਸਨਿਕ ਵਿਵਸਥਾ ਜਿਵੇਂ ਪੁਲਸ, ਫ਼ੌਜ, ਕਾਨੂੰਨ ਆਦਿ। ਸਿਵਲ ਸਮਾਜ ਵਿਚ ਅਸਿੱਧੇ ਰੂਪ ਵਿਚ ਸਾਡੀ ਬੌਧਿਕਤਾ ਨੂੰ ਖੁੰਢਾ ਕੀਤਾ ਜਾਂਦਾ ਹੈ। ਸਾਨੂੰ ਇਕ ਅਗਾਂਹਵਧੂ ਮਨੁੱਖ ਦੀ ਥਾਂ ਰੂੜ੍ਹੀਵਾਦੀ ਤੇ ਸੀਮਤ ਸਮਝ ਵਾਲਾ ਮਨੁੱਖ ਬਣਨ ਲਈ ਪ੍ਰੇਰਿਆ ਜਾਂਦਾ ਹੈ। ਰਾਜਨੀਤਕ ਸਮਾਜ ਵਿਚ ਸਿੱਧੇ ਦਮਨ ਰਾਹੀਂ ਬੌਧਿਕ ਤੇ ਸਰੀਰਕ ਗੁਲਾਮਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਇਥੇ ਇਨ੍ਹਾਂ ਦੋਵੇਂ ਦਮਨਕਾਰੀ ਸਾਧਨਾਂ ਵਿਚ ਇਕ ਵਖਰੇਵਾਂ ਹੈ : ਰਾਜਨੀਤਕ ਸਮਾਜ ਵਿਚ ਸਿੱਧੇ ਤੌਰ 'ਤੇ ਪ੍ਰਣਾਲੀ ਨੂੰ ਤੁਹਾਡੇ ਉੱਪਰ ਜ਼ਬਰਦਸਤੀ ਥੋਪਿਆ ਜਾਂਦਾ ਹੈ ਪਰ ਸਿਵਲ ਸਮਾਜ ਵਿਚ ਤੁਹਾਨੂੰ ਸਹਿਮਤ ਕਰਦਿਆਂ ਚਲਾਕੀ ਨਾਲ ਗੁਲਾਮ ਬਣਾਇਆ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

ਪੜ੍ਹੋ ਇਹ ਵੀ ਖਬਰ - 1186 ਕੋਰੋਨਾ ਫਰੰਟ 'ਤੇ ਲੜਨ ਵਾਲੇ ਪੇਂਡੂ ਫਾਰਮਾਸਿਸਟਾਂ ਨੂੰ ਪੱਕੇ ਕਰਨ ਦੀ ਪਹਿਲੀ ਚਿੱਠੀ ਆਈ 14 ਸਾਲ ਬਾਅਦ

ਹੁਣ ਦੋ ਮੁੱਖ ਸਵਾਲ ਉੱਭਰਦੇ ਹਨ : ਪਹਿਲਾ, ਜੇਕਰ ਸਾਡੀ ਬੌਧਿਕਤਾ ਏਨੀ ਨਿਰਧਾਰਿਤ ਹੈ ਤਾਂ ਕੀ ਸਾਡੇ ਕੋਲ ਸੋਚਣ ਸਮਝਣ ਲਈ ਕੋਈ ਵਿੱਥ (ਸਪੇਸ) ਹੈ? ਦੂਸਰਾ, ਇਹ ਦਮਨਕਾਰੀ ਤੰਤਰ ਕੀ ਹੈ ਤੇ ਕੌਣ ਚਲਾਉਂਦਾ ਹੈ? ਪਹਿਲੇ ਸਵਾਲ ਦਾ ਜਵਾਬ ਤਦ ਹੀ ਮਿਲ ਜਾਂਦਾ ਹੈ ਜਦੋਂ ਅਸੀਂ ਆਪਣੀ ਹੀ ਸੋਚ, ਵਿਚਾਰਧਾਰਾ ਜਾਂ ਬੌਧਿਕਤਾ ਨੂੰ ਖ਼ੁਦ ਪ੍ਰਸ਼ਨ ਕਰਦੇ ਹਾਂ ਤੇ ਪੜਤਾਲਦੇ ਹਾਂ। ਭਾਵ ਅਸੀਂ ਦਮਨਕਾਰੀ ਹਾਲਤਾਂ ਵਿਚ ਵੀ ਇਸ ਦੀ ਮਾਰ ਤੋਂ ਬਚਦੇ ਹੋਏ ਇਕ ਵਿੱਥ 'ਤੇ ਖੜ੍ਹ ਕੇ ਇਸ ਦਾ ਵਿਸ਼ਲੇਸ਼ਣ ਕਰਦੇ ਹਾਂ (ਇਹ ਲੇਖ ਇਸ ਗੱਲ ਦੀ ਪ੍ਰੌੜ੍ਹਤਾ ਕਰਦਾ ਹੈ)। ਇਸ ਤਰ੍ਹਾਂ ਮਨੁੱਖ ਕੋਲ ਇਹ ਵੱਡੀ ਸਮਰੱਥਾ ਹੈ ਕਿ ਉਹ ਮਾੜੀਆਂ ਤੋਂ ਮਾੜੀਆਂ ਜੀਵਨ ਹਾਲਤਾਂ ਵਿਚ ਵੀ ਉਸਾਰੂ ਵਿੱਥ ਸਿਰਜ ਸਕਦਾ ਹੈ। ਦਮਨਕਾਰੀ ਤੰਤਰ ਬਾਰੇ ਗੱਲ ਕਰੀਏ ਤਾਂ ਸਾਨੂੰ ਇਹ ਹਮੇਸ਼ਾ ਇਕ ਅਦਿੱਖ ਭੂਤ ਦੇ ਰੂਪ ਵਿਚ ਟੱਕਰਦਾ ਹੈ ਜਾਂ ਕਹਿ ਲਵੋ ਕਿ ਅਸੀਂ ਅਕਸਰ ਇਸ ਦੀ ਪਛਾਣ ਕਰਨ ਵਿਚ ਧੋਖਾ ਖਾ ਜਾਂਦੇ ਹਾਂ। ਅਸੀਂ ਗ਼ਲਤਫ਼ਹਿਮੀ ਦਾ ਸ਼ਿਕਾਰ ਹੁੰਦੇ ਹੋਏ ਅਕਸਰ ਆਪਣਾ ਦੁਸ਼ਮਣ ਕਿਸੇ ਆਪਣੇ ਹੀ ਵਾਂਗ ਵਰਤੇ ਜਾ ਰਹੇ ਮਨੁੱਖ ਨੂੰ ਸਮਝਦੇ ਹੋਏ ਉਲਝੇ ਰਹਿੰਦੇ ਹਾਂ। ਜਿਵੇਂ ਸਾਨੂੰ ਅਕਸਰ ਪ੍ਰਤੀਤ ਹੁੰਦਾ ਹੈ ਕਿ ਛੋਟੀ ਜਿਹੀ ਦੁਕਾਨ ਵਾਲੇ ਨੇ ਸਾਨੂੰ ਲੋੜੀਂਦਾ ਸਾਮਾਨ ਮਹਿੰਗੇ ਮੁੱਲ 'ਤੇ ਵੇਚ ਕੇ ਲੁੱਟ ਲਿਆ ਹੈ ਪਰ ਅਸਲ ਵਿਚ ਤਾਂ ਮਿੱਥਕ ਸ਼ਾਹੂਕਾਰ ਦਾ ਜੀਵਨ ਜੀਅ ਰਿਹਾ ਉਹ ਛੋਟਾ ਦੁਕਾਨਦਾਰ ਤਾਂ ਖ਼ੁਦ ਸਰਮਾਏਦਾਰ ਉਤਪਾਦਕਾਂ ਦਾ ਗੁਲਾਮ ਹੈ। ਜਿਸ ਨੂੰ ਇਕ ਉਤਪਾਦ ਵੇਚਣ ਲਈ ਬਹੁਤ ਨਿਗੂਣਾ ਹਿੱਸਾ ਮਿਲਦਾ ਹੈ, ਜਦਕਿ ਮੋਟਾ ਧਨ ਅਦਿੱਖ ਸਰਮਾਏਦਾਰ ਦੇ ਹਿੱਸੇ ਆਉਂਦਾ ਹੈ ਪਰ ਸਾਡੇ ਸਾਹਮਣੇ ਸਾਡਾ ਦੁਸ਼ਮਣ ਉਹ ਛੋਟਾ ਦੁਕਾਨਦਾਰ ਹੁੰਦਾ ਹੈ।

PunjabKesari

ਇਸ ਗੱਲ ਨੂੰ ਸਮਝਣ ਲਈ ਮਨੁੱਖੀ ਇਤਿਹਾਸ ਦਾ ਅਧਿਐਨ ਜ਼ਰੂਰੀ ਹੈ। ਇਤਿਹਾਸ ਦੱਸਦਾ ਹੈ ਕਿ ਬਹੁਤ ਸਾਰੀਆਂ ਜੀਵ ਪ੍ਰਜਾਤੀਆਂ, ਜੋ ਵਾਤਾਵਰਨ ਦੇ ਅਨੁਕੂਲ ਹੋ ਗਈਆਂ, ਉਨ੍ਹਾਂ ਦਾ ਵਿਕਾਸ ਸੀਮਤ ਹੁੰਦਾ ਗਿਆ ਤੇ ਉਹ ਸਮੇਂ ਦੇ ਨਾਲ ਅਲੋਪ ਹੋ ਗਈਆਂ। ਪਰ ਜੋ ਘੱਟ ਅਨੁਕੂਲ ਹੋਈਆਂ ਉਨ੍ਹਾਂ ਦਾ ਜੀਵਨ ਬਣਿਆ ਰਿਹਾ ਤੇ ਉਨ੍ਹਾਂ ਵਿਚ ਗੁਣਾਤਮਕ ਤੇ ਗਿਣਾਤਮਕ ਵਾਧਾ ਹੋਇਆ। ਇਨ੍ਹਾਂ ਵਿਚੋਂ ਮਨੁੱਖ ਪ੍ਰਮੁੱਖ ਹੈ। ਮਨੁੱਖ ਦਾ ਸਰੀਰਕ ਤੇ ਬੌਧਿਕ ਵਿਕਾਸ ਉਸ ਨੂੰ ਹੋਰ ਕੁਦਰਤੀ ਜੀਵਾਂ ਤੋਂ ਨਿਖੇੜਦਾ ਗਿਆ। ਫਿਰ ਔਜ਼ਾਰ ਤੇ ਉਤਪਾਦਨ ਦਾ ਵਿਕਾਸ ਹੋਇਆ। ਉਤਪਾਦਨ ਦੇ ਨਾਲ-ਨਾਲ ਵਾਧੂ ਉਤਪਾਦਨ ਤੇ ਫਿਰ ਨਿੱਜੀ ਜਾਇਦਾਦ ਦਾ ਮਸਲਾ ਉੱਭਰਦਾ ਹੈ। ਇਥੋਂ ਹੀ ਦਮਨਕਾਰੀ ਤੰਤਰ ਤੇ ਅਸਮਾਨਤਾ ਦਾ ਮੁੱਢ ਬੱਝਦਾ ਹੈ। ਇਸ ਸਾਰੇ ਵਿਕਾਸ ਬਾਰੇ ਬਹੁਤ ਸਾਰੇ ਅਧਿਐਨ ਸਾਨੂੰ ਪੜ੍ਹਨ ਤੇ ਸਮਝਣ ਲਈ ਮਿਲਦੇ ਹਨ ਜਿਨ੍ਹਾਂ ਵਿਚੋਂ ਜਰਮਨ ਫਿਲਾਸਫਰ ਫਰੈਡਰਿਕ ਏਂਗਲਜ ਦੀ '"The Origin of the Family, Private Property and the State' ਅਤੇ ਜਾਰਜ ਥਾਮਸਨ ਦੀ '"The Human Essence' ਮਹੱਤਵਪੂਰਨ ਕਿਤਾਬਾਂ ਹਨ। ਫਿਰ ਇਸ ਤਰ੍ਹਾਂ ਸਰਮਾਏਦਾਰ ਵਰਗ ਵਲੋਂ ਆਪਣੀ ਇਜਾਰੇਦਾਰੀ ਬਣਾ ਕੇ ਰੱਖਣ ਲਈ ਸਮੇਂ ਸਮੇਂ 'ਤੇ ਨਵੇਂ ਤੋਂ ਨਵੇਂ ਔਜ਼ਾਰ ਘੜੇ ਜਾਂਦੇ ਹਨ।

ਹੁਣ ਮਸਲਾ ਉੱਭਰਦਾ ਹੈ ਕਿ ਇਸ ਸਭ ਵਰਤਾਰੇ ਨੂੰ ਸਧਾਰਨ ਮਨੁੱਖੀ ਪੱਧਰ ਤੱਕ ਕਿਵੇਂ ਸਮਝਿਆ ਜਾਵੇ ਤੇ ਕਿਵੇਂ ਨਿਸਚਿਤ ਕੀਤਾ ਜਾਵੇ ਕਿ ਚੰਗਾ ਜੀਵਨ ਕੀ ਹੈ, ਕਿਵੇਂ ਪ੍ਰਾਪਤ ਕਰਨਾ ਹੈ ਤੇ ਕਿਵੇਂ ਜੀਣਾ ਹੈ? ਜਾਰਜ ਥਾਮਸਨ ਆਪਣੀ ਉਪਰੋਕਤ ਕਿਤਾਬ ਵਿਚ ਲਿਖਦਾ ਹੈ ਕਿ ਮਨੁੱਖੀ ਇਤਿਹਾਸ ਵਿਚ ਬਾਂਦਰ ਦੇ ਮਨੁੱਖ ਵਿਚ ਵਟ ਜਾਣ ਨਾਲੋਂ ਵੱਧ ਕੋਈ ਵੀ ਹੋਰ ਮਹੱਤਵਪੂਰਨ ਘਟਨਾ ਨਹੀਂ ਹੈ। ਜੇਕਰ ਅਸੀਂ ਗੱਲ ਨੂੰ ਹੋਰ ਅੱਗੇ ਤੋਰੀਏ ਤਾਂ ਅਗਲੇਰੇ ਪੜਾਅ ਵਿਚ ਆਖਿਆ ਜਾ ਸਕਦਾ ਹੈ ਕਿ ਸਵੈ-ਨਿਰਭਰ, ਸੁਤੰਤਰ ਤੇ ਉਸਾਰੂ ਸੋਚ ਮਨੁੱਖ ਦੇ ਹਿੱਸੇ ਆਉਣਾ ਅਗਲੀ ਮਹੱਤਵਪੂਰਨ ਤੇ ਕ੍ਰਾਂਤੀਕਾਰੀ ਪ੍ਰਾਪਤੀ ਹੈ। ਇਹ ਵੀ ਸਰਵ-ਵਿਆਪੀ ਸੱਚ ਹੈ ਕਿ ਇਸ ਵਿਚ ਵਿੱਦਿਆ ਦੀ ਅਹਿਮ ਭੂਮਿਕਾ ਹੈ ਅਤੇ ਨਾਲੋ-ਨਾਲ ਮਨੁੱਖ ਨੂੰ ਗੁੰਮਰਾਹ ਕਰਨ ਵਿਚ ਅਵਿੱਦਿਆ ਦੀ। ਵਿੱਦਿਆ ਕੇਵਲ ਉਹ ਨਹੀਂ ਹੁੰਦੀ ਜੋ ਤੁਹਾਨੂੰ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੇ ਸਿਲੇਬਸ ਵਿਚ ਪੜ੍ਹਨ ਨੂੰ ਮਿਲਦੀ ਹੈ। ਇਸ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਗਹਿਰੇ ਚਿੰਤਨ ਦੀ ਲੋੜ ਹੈ। ਵਿੱਦਿਆ ਉਹ ਹੈ ਜੋ ਇਸ ਸਵਾਲ ਨੂੰ ਮੁਖਾਤਿਬ ਹੁੰਦੀ ਹੈ ਕਿ ਜੀਵਨ ਕੀ ਹੈ ਤੇ ਇਸ ਨੂੰ ਜਿਊਣ ਜੋਗਾ ਤੇ ਹੋਰ ਬਿਹਤਰ ਕਿਵੇਂ ਬਣਾਉਣਾ ਹੈ? ਇਸ ਤਰ੍ਹਾਂ ਇਹ ਸਾਨੂੰ ਜਿਊਣਾ ਸਿਖਾਉਂਦੀ ਹੈ ਪਰ ਜਿਊਣਾ ਸਿੱਖਣ ਤੋਂ ਪਹਿਲਾਂ ਸਾਨੂੰ ਉਹ ਸਭ ਭੁੱਲਣਾ ਪਵੇਗਾ, ਜੋ ਸਾਨੂੰ ਜੀਵਨ ਫਲਸਫੇ ਤੋਂ ਦੂਰ ਲੈ ਕੇ ਜਾਂਦਾ ਹੈ। ਹੁਣ ਸਵਾਲਾਂ ਦੀ ਲੜੀ ਸ਼ੁਰੂ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਚੱਲਦਿਆਂ ਕਣਕ ਦੇ ਮੰਡੀਕਰਨ ਦੀ ਪਿਛਲੇ ਸਾਲ ਦੀ ਤੁਲਨਾ ’ਚ ਆਇਆ ਵੱਡਾ ਫਰਕ

ਵਿੱਦਿਆ ਦੇ ਨਾਂਅ 'ਤੇ ਜੋ ਸਾਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਂਦਾ ਹੈ ਕੀ ਉਹ ਵਿੱਦਿਆ ਹੈ? ਕੀ ਉਹ ਸਿਹਤਮੰਦ ਮਨੁੱਖੀ ਜੀਵਨ ਦੀਆਂ ਲੋੜਾਂ ਅਨੁਸਾਰ ਹੈ? ਕਿਤੇ ਉਹ ਮਨੁੱਖੀ ਸਮਰੱਥਾਵਾਂ ਨੂੰ ਸੀਮਤ ਅਤੇ ਗੁੰਮਰਾਹ ਤਾਂ ਨਹੀਂ ਕਰ ਰਿਹਾ? ਕੀ ਉਹ ਉਸਾਰੂ ਜੀਵਨ ਜਾਚ ਵੱਲ ਪ੍ਰੇਰਿਤ ਕਰਦਾ ਹੈ? ਇਹ ਬਹੁਤ ਹੀ ਮੁਢਲੇ ਅਤੇ ਜ਼ਰੂਰੀ ਪ੍ਰਸ਼ਨ ਹਨ, ਭਾਵੇਂ ਕਿ ਇਸ ਤੋਂ ਪਿੱਛੇ ਵੀ ਸਵਾਲਾਂ ਦੀ ਇਕ ਅੰਤਹੀਣ ਲੜੀ ਲਟਕ ਰਹੀ ਹੈ, ਜਿਵੇਂ ਸਿਲੇਬਸ ਕਿਵੇਂ ਨਿਰਧਾਰਿਤ ਹੁੰਦਾ ਹੈ? ਉਸ ਦਾ ਤਤਕਰਾ ਕੀ ਹੈ? ਉਸ ਵਿਚ ਖਾਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਹੀ ਵਧੇਰੇ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ? ਪ੍ਰੀਖਿਆ ਪ੍ਰਣਾਲੀ ਕਿਵੇਂ ਕਾਰਜ ਕਰਦੀ ਹੈ? ਮਨੁੱਖੀ ਜੀਵਨ ਤੋਂ ਹਟ ਕੇ ਖ਼ਾਸ ਤਰ੍ਹਾਂ ਦੇ ਮਹਿੰਗੇ ਪੇਸ਼ੇਵਰ/ਤਕਨੀਕੀ ਕੋਰਸਾਂ ਉੱਪਰ ਵਧੇਰੇ ਜ਼ੋਰ ਕਿਉਂ ਦਿੱਤਾ ਜਾਂਦਾ ਹੈ? ਆਦਿ। ਇਨ੍ਹਾਂ ਸਾਰੇ ਸਵਾਲਾਂ ਦੇ ਪਨਪਣ ਪਿੱਛੇ ਵੱਡਾ ਕਾਰਨ ਹੈ। ਉਹ ਕਾਰਨ ਹੈ ਦਮਨਕਾਰੀ ਤੰਤਰ ਦੁਆਰਾ ਵਿੱਦਿਆ ਦੇ ਖੇਤਰ ਵਿਚ ਘੁਸਪੈਠ ਅਤੇ ਮਨੁੱਖ ਦੀ ਵਿੱਦਿਆ ਦੇ ਨਾਂਅ ਹੇਠ ਹੋ ਰਹੀ ਬੌਧਿਕ ਲੁੱਟ। ਮੌਜੂਦਾ ਸਿੱਖਿਆ ਤੰਤਰ ਦਾ ਵਿਸ਼ਲੇਸ਼ਣ ਕਰਦਿਆਂ ਪਤਾ ਲਗਦਾ ਹੈ ਕਿ ਅੱਜਕਲ੍ਹ ਸਿੱਖਿਆ ਉਸਾਰੂ ਹੋਣ ਦੀ ਬਜਾਇ ਬਾਜ਼ਾਰੂ ਬਣਾ ਦਿੱਤੀ ਗਈ ਹੈ।

PunjabKesari

ਲੋਕਾਂ ਨੂੰ ਇਸ ਦੀ ਪ੍ਰਾਪਤੀ ਲਈ ਮਹਿੰਗਾ ਆਰਥਿਕ ਤੇ ਬੌਧਿਕ ਮੁੱਲ ਤਾਰਨਾ ਪੈਂਦਾ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ ਭਾਵੇਂ ਹਰ ਚੁਰਾਹੇ ਤੇ ਖੁੱਲ੍ਹ ਗਏ ਹਨ ਪਰ ਇਨ੍ਹਾਂ ਵਿਚ ਪੜ੍ਹਨਾ ਗ਼ਰੀਬ ਤੇ ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਨਾਲੋ-ਨਾਲ ਦਿੱਤੀ ਜਾ ਰਹੀ ਸਿੱਖਿਆ ਉਸਾਰੂ ਜੀਵਨ-ਜਾਚ ਦੀ ਥਾਂ ਬਾਜ਼ਾਰਵਾਦ ਹੇਠ ਬੌਧਿਕਤਾ ਤੋਂ ਊਣੇ ਕਿਰਤੀ ਵਰਗ ਦੀ ਪੈਦਾਵਾਰ ਉੱਪਰ ਕੇਂਦਰਿਤ ਹੈ। ਅਸੀਂ ਵਿੱਦਿਆ ਤੋਂ ਅਵਿੱਦਿਆ ਵੱਲ ਵਧ ਰਹੇ ਹਾਂ। ਸਿੱਖਿਆ ਵਪਾਰ ਬਣ ਰਹੀ ਹੈ, ਵਿਦਿਆਰਥੀ ਕੇਵਲ ਗਾਹਕ ਬਣਦਾ ਜਾ ਰਿਹਾ ਹੈ ਅਤੇ ਦਮਨਕਾਰੀ ਤੰਤਰ ਅਕਾਦਮਿਕ ਅਮਲੇ ਨੂੰ ਆਪਣੇ ਹਿਤਾਂ ਲਈ ਮੋਹਰੇ ਵਜੋਂ ਵਰਤ ਰਿਹਾ ਹੈ। ਸਿੱਖਿਆ ਦੇ ਨਾਂਅ ਉੱਪਰ ਥਾਂ-ਥਾਂ 'ਤੇ ਖੁੱਲ੍ਹ ਰਹੀਆਂ ਦੁਕਾਨਦਾਰੀਆਂ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਦੀ ਮਿੱਥ ਵੇਚ ਰਹੀਆਂ ਹਨ।

ਇਕ ਪਾਸੇ ਅਧਿਆਪਕਾਂ ਨੂੰ ਨਿਗੂਣੀਆਂ ਤਨਖਾਹਾਂ 'ਤੇ ਕੱਚੇ ਤੌਰ 'ਤੇ ਜਾਂ ਕੇਵਲ ਮੁਢਲੀ ਤਨਖ਼ਾਹ ਉੱਪਰ ਭਰਤੀ ਕਰ ਕੇ ਉਨ੍ਹਾਂ ਦੀ ਸਰੀਰਕ, ਮਾਨਸਿਕ ਲੁੱਟ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਧਾਰਨ ਲੋਕਾਂ ਵਿਚ ਉਨ੍ਹਾਂ ਨੂੰ ਵਿਹਲੜ ਤੇ ਭ੍ਰਿਸ਼ਟ ਗਰਦਾਨਦਿਆਂ ਇਕ ਪੜ੍ਹੇ-ਲਿਖੇ ਵਰਗ, ਜੋ ਸੋਹਣਾ ਸਮਾਜ ਸਿਰਜ ਸਕਦਾ ਹੈ, ਤੇ ਸਾਧਾਰਨ ਸਮਾਜ ਵਿਚ ਪਾੜਾ ਸਿਰਜ ਕੇ ਬੌਧਿਕ ਲੁੱਟ ਨੂੰ ਦਿਨ ਪ੍ਰਤੀਦਿਨ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਸਮਾਂ ਹੈ ਪੰਜਾਬ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਸਿੱਖਿਆ ਨੂੰ ਬੌਧਿਕ ਲੁੱਟ ਤੋਂ ਬਚਾਉਣ ਦਾ। ਨਹੀਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਹਰ ਪਲ ਇਕ ਹਨੇਰੇ ਖੂਹ ਵਿਚ ਧਸਦੇ ਜਾ ਰਹੇ ਹਾਂ।

PunjabKesari

ਡਾ. ਵਿਨੋਦ ਮਿੱਤਲ
ਅਸਿਸਟੈਂਟ ਪ੍ਰੋਫੈਸਰ, ਸਕੂਲ ਆਫ ਸੋਸ਼ਲ ਸਾਇੰਸਿਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ: 94631-53296


rajwinder kaur

Content Editor

Related News