ਪਿੰਡ ਫਿਰੋਜ਼ ''ਚ ਹੋਈ ਲੁੱਟ ਦੀ ਵਾਰਦਾਤ ''ਚ ਵੱਡਾ ਖ਼ੁਲਾਸਾ, ਲੁਟੇਰੇ ਗ੍ਰਿਫ਼ਤਾਰ
Tuesday, Aug 05, 2025 - 01:38 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਤ, ਪਰਮਜੀਤ ਮੋਮੀ) : 27 ਜੁਲਾਈ ਦੀ ਰਾਤ ਨੂੰ ਟਾਂਡਾ ਦੇ ਪਿੰਡ ਫਿਰੋਜ ਪੱਤੀ ਵਿਚ ਇਕ ਘਰ 'ਤੇ ਧਾਵਾ ਬੋਲ ਕੇ ਲੁੱਟ ਖੋਹ ਅਤੇ ਔਰਤ ਨਾਲ ਕੁੱਟਮਾਰ ਕਰਨ ਦੇ ਮਾਮਲੇ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਇਸ ਸਬੰਧੀ ਥਾਣਾ ਟਾਂਡਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਡੀ. ਐਸ. ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ 26- 27 ਜੁਲਾਈ ਦੀ ਦਰਮਿਆਨੀ ਰਾਤ ਨੂੰ ਟਾਂਡਾ ਦੇ ਪਿੰਡ ਫਿਰੋਜ ਵਿਖੇ ਲੁੱਟ ਖੋਹ ਦੀ ਵਾਰਦਾਤ ਵਾਪਰੀ ਸੀ ਜਿਸ ਦੌਰਾਨ ਕੁਝ ਲੁਟੇਰਿਆਂ ਨੇ ਘਰ ਵਿਚ ਦਾਖਲ ਹੁੰਦੇ ਹੋਏ ਘਰ ਦੇ ਮਾਲਕ ਬੱਗਾ ਸਿੰਘ ਦੀ ਨੂੰਹ ਦਿਲਜੀਤ ਕੌਰ ਪਤਨੀ ਕਰਮਜੀਤ ਸਿੰਘ ਦੀ ਕੁੱਟਮਾਰ ਕਰਦੇ ਹੋਏ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਉਪਰੰਤ ਲੁਟੇਰਿਆਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੇ ਬਲ 'ਤੇ ਉਸਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਦੌਰਾਨ ਇਸ ਲੁੱਟ ਖੋਹ ਦੇ ਮਾਮਲੇ ਵਿਚ ਸ਼ਾਮਲ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਸਤਨਾਮ ਸਿੰਘ, ਸਾਜਣ ਲਾਲ ਪੁੱਤਰ ਵਸਣ ਲਾਲ ਅਤੇ ਮਨੀ ਪੁੱਤਰ ਸੁਖਵਿੰਦਰ ਪਾਲ ਬਾਸੀ ਤਲਵੰਡੀ ਜੰਡੋਰ ਥਾਣਾ ਕਰਤਾਰਪੁਰ ਜ਼ਿਲ੍ਹੀ ਜਲੰਧਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਮਹਿੰਦਰਾ ਬਲੈਰੋ ਗੱਡੀ, ਮਾਰੂ ਹਥਿਆਰ, ਚੋਰੀ ਸ਼ੁਦਾ ਸੋਨੇ ਦਾ ਕੜਾ, ਦੋ ਸੋਨੇ ਦੀਆਂ ਬਾਲੀਆਂ ਤੇ ਨਗਦੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿਚ ਹੋਰ ਦੋਸ਼ੀ ਵੀ ਸ਼ਾਮਲ ਹਨ ਜਿਨ੍ਹਾਂ ਦਾ ਖੁਲਾਸਾ ਆਉਣ ਵਾਲੇ ਸਮੇਂ ਵਿਚ ਕੀਤਾ ਜਾਵੇਗਾ। ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਹੋਰ ਦੱਸਿਆ ਕਿ ਦੋਸ਼ੀਆਂ ਉੱਪਰ ਪਹਿਲਾਂ ਤੋਂ ਵੀ ਲੁੱਟਾਂ ਖੋਹਾਂ ਤੇ ਐਨ.ਡੀ.ਪੀ.ਐਸ ਐਕਟ ਦੇ ਮਾਮਲੇ ਦਰਜ ਹਨ।