ਵਿਦੇਸ਼ਾਂ ਵੱਲ ਨੌਜਵਾਨਾਂ ਦੀ ਉਡਾਰੀ ਨੇ ਪੰਜਾਬ ਦੀਆਂ ਜ਼ਮੀਨਾਂ ਦੇ ਹੇਠਾਂ ਸੁੱਟੇ ਰੇਟ, ਡੇਢ ਦਹਾਕੇ ਤੋਂ ਨਹੀਂ ਆਇਆ ਕੋਈ ਉਛਾਲ

Friday, Aug 08, 2025 - 02:43 PM (IST)

ਵਿਦੇਸ਼ਾਂ ਵੱਲ ਨੌਜਵਾਨਾਂ ਦੀ ਉਡਾਰੀ ਨੇ ਪੰਜਾਬ ਦੀਆਂ ਜ਼ਮੀਨਾਂ ਦੇ ਹੇਠਾਂ ਸੁੱਟੇ ਰੇਟ, ਡੇਢ ਦਹਾਕੇ ਤੋਂ ਨਹੀਂ ਆਇਆ ਕੋਈ ਉਛਾਲ

ਗੁਰਦਾਸਪੁਰ (ਹਰਮਨ)-ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਦੇ ਰੁਝਾਨ ਨੇ ਜਿੱਥੇ ਸੂਬੇ ਅੰਦਰ ਬਹੁਤ ਗਿਣਤੀ ਪਿੰਡਾਂ ਨੂੰ ਨੌਜਵਾਨਾਂ ਤੋਂ ਸਖਣੇ ਕਰ ਦਿੱਤਾ ਹੈ ਉਸ ਦੇ ਨਾਲ ਹੀ ਨੌਜਵਾਨਾਂ ਦੇ ਇਸ ਪ੍ਰਵਾਸ ਦਾ ਸੂਬੇ ਦੇ ਵੱਖ-ਵੱਖ ਕਾਰੋਬਾਰਾਂ ’ਤੇ ਵੀ ਵੱਡਾ ਅਸਰ ਪਿਆ ਹੈ। ਖਾਸ ਤੌਰ ’ਤੇ ਖੇਤੀ ਪ੍ਰਧਾਨ ਇਸ ਸੂਬੇ ਅੰਦਰ ਬਾਰ੍ਹਵੀਂ ਜਮਾਤ ਪਾਸ ਕਰਨ ਦੇ ਬਾਅਦ ਹੀ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਪਿਛਲੇ ਇਕ ਦਹਾਕੇ ਦੌਰਾਨ ਤੇਜ਼ੀ ਨਾਲ ਵਿਦੇਸ਼ਾਂ ਵੱਲ ਕੀਤੇ ਗਏ ਰੁਖ ਦੇ ਕਾਰਨ ਹੁਣ ਹਾਲਾਤ ਇਹ ਬਣ ਗਏ ਹਨ ਕਿ ਵਧੇਰੇ ਪਿੰਡਾਂ ਵਿਚ ਖੇਤੀਬਾੜੀ ਦਾ ਕੰਮ ਹੁਣ ਜਾਂ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਹਵਾਲੇ ਰਹਿ ਗਿਆ ਹੈ ਅਤੇ ਜਾਂ ਫਿਰ ਜ਼ਿਆਦਾਤਰ ਕਿਸਾਨ ਹੁਣ ਮਸ਼ੀਨਾਂ ਦੇ ਸਿਰ ’ਤੇ ਹੀ ਕਰ ਰਹੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ

ਹਾਲਾਤ ਇਹ ਬਣ ਗਏ ਹਨ ਕਿ ਜਿਹੜੀਆਂ ਜ਼ਮੀਨਾਂ ’ਤੇ ਰੇਟ ਪਿਛਲੇ ਦੋ ਦਹਾਕਿਆਂ ਦੌਰਾਨ ਤੇਜ਼ੀ ਨਾਲ ਸਿਖਰਾਂ ਨੂੰ ਛੂਹਣ ਲੱਗ ਪਏ ਸਨ ਉਨ੍ਹਾਂ ਜ਼ਮੀਨਾਂ ਦੇ ਰੇਟ ਹੁਣ ਮੂਧੇ ਮੂੰਹ ਡਿੱਗ ਪਏ ਹਨ। ਇੱਥੋਂ ਤੱਕ ਕਿ ਕਈ ਥਾਵਾਂ ’ਤੇ ਜ਼ਮੀਨਾਂ ਦੇ ਰੇਟ ਅੱਧੇ ਰਹਿ ਗਏ ਹਨ। ਜੇਕਰ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਦੇ ਨਾਲ ਜ਼ਮੀਨਾਂ ਦੇ ਰੇਟ ਵਿਚ ਹੋਏ ਵਾਧੇ ਦੀ ਤੁਲਨਾ ਕਰੀਏ ਤਾਂ ਪਿਛਲੇ ਕਰੀਬ ਇਕ ਦਹਾਕੇ ਦੌਰਾਨ ਜ਼ਮੀਨਾਂ ਦੇ ਰੇਟ ਵਿੱਚ ਨਾ ਮਾਤਰ ਵਾਧਾ ਹੀ ਹੋਇਆ ਹੈ। ਮੌਜੂਦਾ ਸਮੇਂ ਅੰਦਰ ਸਥਿਤੀ ਇਹ ਬਣੀ ਹੋਈ ਹੈ ਕਿ ਕੁਝ ਸਾਲ ਪਹਿਲਾਂ ਤੱਕ ਰੀਅਲ ਅਸਟੇਟ ਨਾਲ ਜੁੜੇ ਕਾਰੋਬਾਰੀ ਜਿਹੜੀਆਂ ਜ਼ਮੀਨਾਂ ਦੇ ਮੂੰਹ ਮੰਗੇ ਰੇਟ ਦੇਣ ਲਈ ਵੀ ਤਿਆਰ ਸਨ, ਹੁਣ ਉਨਾਂ ਜ਼ਮੀਨਾਂ ਨੂੰ ਪਹਿਲਾਂ ਦੇ ਮੁਕਾਬਲੇ ਅੱਧੇ ਰੇਟਾਂ ’ਤੇ ਖਰੀਦਣ ਲਈ ਵੀ ਕੋਈ ਵਪਾਰੀ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ

ਡੇਢ ਦਹਾਕਾ ਪਹਿਲਾਂ ਕਾਰੋਬਾਰੀਆਂ ਨੇ ਕੀਤੀ ਸੀ ਮੋਟੀ ਕਮਾਈ

ਕਰੀਬ 15-20 ਸਾਲ ਪਹਿਲਾਂ ਪੇਂਡੂ ਜ਼ਮੀਨਾਂ ਦੇ ਰੇਟਾਂ ਵਿਚ ਏਨਾ ਉਛਾਲ ਆਇਆ ਸੀ ਕਿ ਆਮ ਜ਼ਮੀਨਾਂ ਦੇ ਰੇਟ 10-15 ਲੱਖ ਰੁਪਏ ਪ੍ਰਤੀ ਏਕੜ ਤੋਂ ਵੱਧ ਕੇ 30 ਲੱਖ ਰੁਪਏ ਨੂੰ ਵੀ ਪਾਰ ਕਰ ਗਏ ਸਨ। ਇਥੋਂ ਤੱਕ ਕਿ ਬਹੁਤ ਸਾਰੀਆਂ ਜ਼ਮੀਨਾਂ ਨੂੰ ਕਿਸਾਨਾਂ ਨੇ ਸਿਰਫ ਇਸ ਕਰਕੇ ਵੇਚਣ ਲਈ ਤਿਆਰ ਹੋ ਜਾਂਦੇ ਸਨ ਕਿ ਉਨਾਂ ਨੂੰ ਜ਼ਮੀਨ ਦਾ ਰੇਟ ਕਈ ਗੁਣਾ ਵੱਧ ਮਿਲ ਜਾਂਦਾ ਸੀ। ਹੋਰ ਤੇ ਹੋਰ ਸ਼ਹਿਰੀ ਇਲਾਕਿਆਂ ਦੇ ਲਾਗੇ ਵਾਹੀਯੋਗ ਜ਼ਮੀਨਾਂ ਨੂੰ ਪਲਾਟਾਂ ਦੇ ਰੂਪ ਵਿਚ ਤਬਦੀਲ ਕਰਨ ਦਾ ਰੁਝਾਨ ਵੀ ਏਨੇ ਵੱਡੇ ਪੱਧਰ ’ਤੇ ਸ਼ੁਰੂ ਹੋਇਆ ਸੀ ਕਿ ਜਿਹੜੇ ਲੋਕਾਂ ਨੂੰ ਹੋਰ ਕਾਰੋਬਾਰ ਨਹੀਂ ਲੱਭਦੇ ਸਨ, ਉਨ੍ਹਾਂ ਨੇ ਵੀ ਇਸ ਕਾਰੋਬਾਰ ’ਚ ਕਿਸਮਤ ਅਜਮਾਉਣ ਲਈ ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਸ਼ੁਰੂ ਕੀਤਾ ਸੀ। ਇਸ ਦੇ ਕਾਰਨ ਅਨੇਕਾਂ ਜ਼ਮੀਨਾਂ ਰਜਿਸਟਰੀ ਤੋਂ ਪਹਿਲਾਂ ਬਿਆਨੇ ਦੇ ਅਧਾਰ ’ਤੇ ਹੀ ਕਈ ਵਾਰ ਵਿਕ ਜਾਂਦੀਆਂ ਸਨ ਅਤੇ ਇਨਾਂ ਨਾਲ ਸਬੰਧਿਤ ਵਪਾਰੀ ਮੋਟੀ ਕਮਾਈ ਕਰ ਲੈਂਦੇ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਰਜਿਸਟਰੀ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ

ਉਸ ਮੌਕੇ ਜ਼ਮੀਨਾਂ ਦੀ ਖਰੀਦੋ-ਫਰੋਖਤ ਕਰਨ ਵਾਲੇ ਵੱਡੇ ਕਾਰੋਬਾਰੀ ਅਤੇ ਲੈਂਡ ਪ੍ਰਮੋਟਰ ਚੰਗੀਆਂ ਕਮਾਈਆਂ ਕਰ ਚੁੱਕੇ ਹਨ। ਪਰ ਇਸ ਦੇ ਬਾਅਦ ਵੱਖ-ਵੱਖ ਕਲੋਨੀਆਂ ਸਬੰਧੀ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਵੀ ਇਸ ਕਾਰੋਬਾਰ ਨੂੰ ਵੱਡੀ ਢਾਹ ਲਾਈ ਸੀ ਅਤੇ ਨਾਲ ਹੀ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ ਕਰ ਦਿੱਤੇ ਜਾਣ ਕਾਰਨ ਵਾਹੀ ਯੋਗ ਜ਼ਮੀਨਾਂ ਪ੍ਰਤੀ ਪੰਜਾਬ ਦੇ ਲੋਕਾਂ ਦਾ ਰੁਝਾਨ ਘੱਟ ਹੁੰਦਾ ਗਿਆ। ਪੰਜਾਬ ’ਚ ਨੌਜਵਾਨਾਂ ਨੂੰ ਰੁਜ਼ਗਾਰ ਦੀ ਕਮੀ ਅਤੇ ਹੋਰ ਕਈ ਕਾਰਨਾਂ ਸਦਕਾ ਹੁਣ ਬਹੁ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਇਥੇ ਪੜ੍ਹਾਈ ਕਰਨ ਦੀ ਬਜਾਏ ਵਿਦੇਸ਼ਾਂ ’ਚ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ ਤਾਂ ਜ਼ਮੀਨਾਂ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਦਾ ਰੁਝਾਨ ਵੀ ਬਦਲ ਚੁੱਕਾ ਹੈ। ਕੁਝ ਸਾਲ ਪਹਿਲਾਂ ਤਾਂ ਪੰਜਾਬ ਦੇ ਨੌਜਵਾਨ ਜਦੋਂ ਵਿਦੇਸ਼ਾਂ ’ਚ ਜਾ ਕੇ ਚੰਗੀਆਂ ਨੌਕਰੀਆਂ ਜਾਂ ਕਾਰੋਬਾਰ ਕਰਨ ਲੱਗ ਜਾਂਦੇ ਸਨ, ਤਾਂ ਉਹ ਵਿਦੇਸ਼ਾਂ ’ਚ ਕਮਾਏ ਪੈਸੇ ਨੂੰ ਪੰਜਾਬ ’ਚ ਭੇਜ ਕੇ ਪਿੰਡਾਂ ’ਚ ਜ਼ਮੀਨਾਂ ਖਰੀਦਣ ਨੂੰ ਸ਼ਾਨ ਸਮਝਦੇ ਸਨ।

ਅਜਿਹੇ ਕਈ ਪ੍ਰਵਾਸੀਆਂ ਦੇ ਫਾਰਮ ਹਾਊਸ ਅਤੇ ਪਿੰਡਾਂ ’ਚ ਬਹੁ-ਮੰਜਿਲੀ ਘਰ ਇਨਾਂ ਪ੍ਰਵਾਸੀਆਂ ਦੀ ਸ਼ਾਨ ਅਤੇ ਸਫਲਤਾ ਦੀ ਕਹਾਣੀ ਬਿਆਨ ਕਰਦੇ ਸਨ। ਪਰ ਹੁਣ ਸਥਿਤੀ ਇਸ ਦੇ ਉਲਟ ਹੋ ਚੁੱਕੀ ਹੈ ਕਿਉਂਕਿ ਵਧੇਰੇ ਨੌਜਵਾਨ ਇਸ ਕੋਸ਼ਿਸ਼ ’ਚ ਹਨ ਕਿ ਉਹ ਆਪਣੀਆਂ ਜ਼ਮੀਨਾਂ ਵੇਚ ਵੱਟ ਕੇ ਵਿਦੇਸ਼ਾਂ ’ਚ ਜਾ ਕੇ ਕਾਰੋਬਾਰ ਕਰਨ। ਜਿਸ ਕਾਰਨ ਪਹਿਲਾਂ ਤਾਂ ਵਿਦੇਸ਼ਾਂ ਦੇ ਅਰਬਾਂ ਰੁਪਏ ਪੰਜਾਬ ’ਚ ਆਉਂਦੇ ਸਨ ਪਰ ਹੁਣ ਪੰਜਾਬ ਦਾ ਅਰਬਾਂ ਰੁਪਇਆ ਵਿਦੇਸ਼ਾਂ ’ਚ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਬਹੁ ਗਿਣਤੀ ਪਿੰਡਾਂ ਵਿਚ ਵੱਡੀਆਂ ਕੋਠੀਆਂ ਸੁੰਨੀਆਂ ਹੋ ਚੁੱਕੀਆਂ ਹਨ ਅਤੇ ਬਹੁਤ ਗਿਣਤੀ ਪਰਿਵਾਰਾਂ ਦਾ ਕੋਈ ਨਾ ਕੋਈ ਬੱਚਾ ਵਿਦੇਸ਼ਾਂ ਵਿਚ ਗਿਆ ਹੋਇਆ ਹੈ ਅਤੇ ਜਾਂ ਫਿਰ ਉਹ ਵਿਦੇਸ਼ਾਂ ਵਿਚ ਜਾਣ ਦੀ ਤਿਆਰੀ ਕਰੀ ਬੈਠਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਕਾਂਡ, ਵਕੀਲ ਨੇ ਬੇਸ਼ਰਮੀ ਦੀ ਹੱਦ ਕੀਤੀ ਪਾਰ, ਕੁੜੀ ਨਾਲ ਪੰਜ ਦਿਨ ਤੱਕ ਕੀਤਾ...

ਖੇਤੀਬਾੜੀ ਵਿਚ ਘਾਟੇ ਨੇ ਵੀ ਬਦਲਿਆ ਰੁਝਾਨ

ਪਿਛਲੇ ਕੁਝ ਸਾਲਾਂ ਤੋਂ ਖੇਤੀਬਾੜੀ ਦੇ ਧੰਦੇ ਵਿਚ ਪੇਸ਼ ਆ ਰਹੀਆਂ ਕਈ ਗੰਭੀਰ ਚੁਣੌਤੀਆਂ ਨੇ ਵੀ ਕਿਸਾਨਾਂ ਦਾ ਰੁਝਾਨ ਜਮੀਨਾਂ ਖਰੀਦਣ ਤੋਂ ਬਦਲ ਦਿੱਤਾ ਹੈ। ਖੇਤੀਬਾੜੀ ਦਾ ਧੰਦਾ ਲਾਹੇਵੰਦ ਨਾ ਰਹਿਣ ਕਾਰਨ ਪਹਿਲਾਂ ਹੀ ਨੌਜਵਾਨ ਖੇਤੀ ਦੇ ਕੰਮ ਨੂੰ ਤਰਜੀਹ ਦੇਣੀ ਬੰਦ ਕਰ ਚੁੱਕੇ ਸਨ ਅਤੇ ਕੁਝ ਵਿਰਲੇ ਨੌਜਵਾਨ ਹੀ ਹੁਣ ਆਪਣੇ ਘਰ ਖੇਤੀਬਾੜੀ ਦੇ ਕੰਮਕਾਜ ’ਚ ਦਿਲਚਸਪੀ ਦਿਖਾਉਂਦੇ ਹਨ। ਦਿਨੋ ਦਿਨ ਵਧ ਰਹੇ ਖੇਤੀ ਖਰਚੇ ਅਤੇ ਕਿਸਾਨਾਂ ਦੀਆਂ ਵਧ ਰਹੀਆਂ ਮੁਸ਼ਕਿਲਾਂ ਕਾਰਨ ਲੋਕਾਂ ਦਾ ਖੇਤੀਬਾੜੀ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਰਿਹਾ ਹੈ ਜਿਸ ਕਾਰਨ ਖੇਤੀ ਜ਼ਮੀਨਾਂ ਦੇ ਰੇਟ ਘੱਟ ਹੋਣੇ ਸੁਭਾਵਿਕ ਹਨ। ਇਥੋਂ ਤੱਕ ਕਿ ਪਿੰਡਾਂ ’ਚ ਜ਼ਮੀਨਾਂ ਨੂੰ ਠੇਕੇ ’ਤੇ ਲੈਣ ਦੇ ਚਾਹਵਾਨ ਕਿਸਾਨ ਵੀ ਹੁਣ ਘੱਟ ਤੋਂ ਘੱਟ ਰਾਸ਼ੀ ਦੇ ਕੇ ਜ਼ਮੀਨ ਠੇਕੇ ’ਤੇ ਲੈਣਾ ਚਾਹੁੰਦੇ ਹਨ, ਜਦੋਂ ਕਿ ਪਹਿਲਾਂ ਇਹੀ ਜਮੀਨਾਂ ਠੇਕੇ ’ਤੇ ਲੈਣ ਲਈ ਕਿਸਾਨ ਵੱਧ ਚੜ ਕੇ ਬੋਲੀ ਲਗਾਉਂਦੇ ਸਨ।

ਜ਼ਮੀਨਾਂ ਵੇਚਣ ਲਈ ਕਾਹਲੇ ਹਨ ਨੌਜਵਾਨ

ਟੀਮ ਗਲੋਬਲ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਵੀਜ਼ਾ ਸਲਾਹਕਾਰ ਗੈਵੀ ਕਲੇਰ ਨੇ ਕਿਹਾ ਕਿ ਰੋਜਾਨਾ ਹੀ ਉਨ੍ਹਾਂ ਕੋਲ ਕਈ ਨੌਜਵਾਨ ਵਿਦੇਸ਼ ਜਾਣ ਸਬੰਧੀ ਸਲਾਹ ਲੈਣ ਅਤੇ ਹੋਰ ਕਾਰਵਾਈਆਂ ਮੁਕੰਮਲ ਕਰਨ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਉਤਸੁਕਤਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਇਸ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਨ। ਜ਼ਮੀਨਾਂ ਖਰੀਦਣ ਸਬੰਧੀ ਨੌਜਵਾਨਾਂ ਦਾ ਮੋਹ ਇਸ ਹੱਦ ਤੱਕ ਭੰਗ ਹੋ ਚੁੱਕਾ ਹੈ ਕਿ ਜਦੋਂ ਵਿਦੇਸ਼ ਜਾਣ ਲਈ ਨੌਜਵਾਨਾਂ ਨੂੰ ਫੰਡ ਸ਼ੋਅ ਕਰਨੇ ਪੈਂਦੇ ਹਨ, ਤਾਂ ਵਧੇਰੇ ਨੌਜਵਾਨ ਆਪਣੇ ਮਾਪਿਆਂ ਨੂੰ ਇਸ ਗੱਲ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜ਼ਮੀਨ ਨੂੰ ਵੇਚ ਕੇ ਉਨਾਂ ਨੂੰ ਵਿਦੇਸ਼ ਵਿਚ ਭੇਜ ਦੇਣ।

ਇਸ ਸਬੰਧੀ ਡਾਲਾ ਲੈਂਡ ਪ੍ਰਮੋਟਰ ਦੇ ਐੱਮ. ਡੀ. ਮਨਜੀਤ ਸਿੰਘ ਡਾਲਾ ਨੇ ਕਿਹਾ ਕਿ ਅੱਜ ਵੀ ਅਪਰੂਵਡ ਕਾਲੋਨੀਆਂ ਵਿਚ ਪਲਾਟਾਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਠੀਕ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਤੱਕ ਜ਼ਮੀਨਾਂ ਦੀ ਗੱਲ ਹੈ ਤਾਂ ਕਿਸਾਨ ਹੱਥੀਂ ਕੰਮ ਕਰਨ ਤੋਂ ਮੂੰਹ ਮੋੜਦੇ ਜਾ ਰਹੇ ਹਨ ਅਤੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਹੋ ਚੁੱਕਾ ਹੈ। ਇਸੇ ਕਾਰਨ ਜ਼ਮੀਨਾਂ ਖਰੀਦਣ ਵਾਲਿਆਂ ਵਿਚ ਹੁਣ ਕੰਪੀਟੀਸ਼ਨ ਘੱਟ ਹੈ ਜਿਸ ਦੀ ਬਦੌਲਤ ਰੇਟ ਜਿਆਦਾ ਨਹੀਂ ਵੱਧ ਰਹੇ।

ਉਨ੍ਹਾਂ ਕਿਹਾ ਕਿ ਸੜਕਾਂ ਅਤੇ ਸ਼ਹਿਰਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਰੇਟ ਅਜੇ ਵੀ ਅਸਮਾਨੀ ਚੜ੍ਹੇ ਹੋਏ ਹਨ। ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰੀਆਂ ਜ਼ਮੀਨਾਂ ਦੇ ਰੇਟ ਘੱਟ ਹਨ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਦੋ ਦਹਾਕੇ ਪਹਿਲਾਂ ਜ਼ਮੀਨਾਂ ਦੇ ਰੇਟ ਤੇਜ਼ੀ ਨਾਲ ਵਧੇ ਸਨ ਉਸ ਦੇ ਮੁਕਾਬਲੇ ਹੁਣ ਪਿਛਲੇ ਡੇਢ ਦਹਾਕੇ ਦੌਰਾਨ ਰੇਟ ਇੱਕ ਤਰ੍ਹਾਂ ਨਾਲ ਸਥਿਰ ਹੀ ਹੋਏ ਪਏ ਹਨ। ਜੋ ਜ਼ਮੀਨਾਂ ਦੇ ਮਾਲਕਾਂ ਲਈ ਨਿਰਾਸ਼ਾਜਨਕ ਹੈ। ਜਿੱਥੇ ਤੱਕ ਬੱਚਿਆਂ ਦਾ ਵਿਦੇਸ਼ ਜਾਣ ਦੇ ਰੁਝਾਨ ਦੀ ਗੱਲ ਹੈ ਤਾਂ ਬੱਚਿਆਂ ਦਾ ਪੰਜਾਬ ਵਿਚ ਕੋਈ ਭਵਿੱਖ ਨਾ ਹੋਣ ਕਾਰਨ ਮਾਪਿਆਂ ਕੋਲ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਹੀ ਬਦਲ ਬਚਦਾ ਹੈ ਕਿਉਂਕਿ ਇਥੇ ਪੜ੍ਹਾਈ ’ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਨੌਜਵਾਨਾਂ ਨੂੰ ਚੰਗਾ ਰੁਜ਼ਗਾਰ ਨਹੀਂ ਮਿਲਦਾ। ਜਿਸ ਕਾਰਨ ਇੱਥੇ ਖੇਤੀਬਾੜੀ ਦੇ ਘਾਟੇ ਵਾਲੇ ਧੰਦੇ ਨੂੰ ਅਪਣਾਉਣ ਅਤੇ ਵੱਖ-ਵੱਖ ਕਿਸਮ ਦੀ ਪੜ੍ਹਾਈ ’ਤੇ ਲੱਖਾਂ ਰੁਪਏ ਖਰਚ ਕਰਨ ਦੀ ਬਜਾਏ ਬੱਚਿਆ ਦੇ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਵੱਲ ਹੀ ਰੁਚੀ ਦਿਖਾਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News