ਰਾਸ਼ਨ ਡਿਪੂਆਂ ''ਤੇ ਕਣਕ ਨਾ ਵੰਡਣ ਕਰਕੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

09/04/2018 2:03:58 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ ਪਵਨ ਤਨੇਜਾ)—ਅੱਜ ਪਿੰਡ ਲੱਖੇਵਾਲੀ ਦੇ ਖੇਤ ਮਜ਼ਦੂਰ ਮਰਦ ਅਤੇ ਔਰਤਾਂ ਵਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸਰਕਾਰੀ ਰਾਸ਼ਨ ਡਿਪੂਆਂ 'ਤੇ ਕਣਕ ਨਾ ਵੰਡਣ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਵੱਡੀ ਗਿਣਤੀ ਲੋਕ ਵਿਚ ਇਕੱਠੇ ਹੋਏ ਤੇ ਫਿਰ ਮੰਡੀ 'ਚ ਜਾ ਕੇ ਫੂਡ ਸਪਲਾਈ ਦਫਤਰ ਦੇ ਅੱਗੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਗਸੀਰ ਸਿੰਘ ਲੱਖੇਵਾਲੀ, ਕੁਲਦੀਪ ਸਿੰਘ ਲੱਖੇਵਾਲੀ ਤੇ ਤਰਸੇਮ ਸਿੰਘ ਨੇ ਦੱਸਿਆ ਕਿ ਲੱਖੇਵਾਲੀ ਵਿਖੇ ਕਣਕ ਆਈ ਨੂੰ ਕਈ ਮਹੀਨੇ ਹੋ ਗਏ ਹਨ। ਪਰ ਰਾਸ਼ਨ ਡਿਪੂਆਂ ਉਪਰ ਕਣਕ ਨੂੰ ਵੰਡਿਆਂ ਨਹੀਂ ਜਾ ਰਿਹਾ। ਜਿਸ ਕਰਕੇ ਗਰੀਬ ਲੋਕਾਂ 'ਚ ਨਿਰਾਸ਼ਾ ਦੀ ਲਹਿਰ ਫੈਲੀ ਹੋਈ ਹੈ ਤੇ ਆਪਣਾ ਹੱਕ ਲੈਣ ਲਈ ਉਨ੍ਹਾਂ ਨੂੰ ਧਰਨੇ ਮੁਜਾਹਰੇ ਕਰਨੇ ਪੈ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹਾ ਸਿਆਸੀ ਸ਼ਹਿ 'ਤੇ ਹੋ ਰਿਹਾ ਹੈ, ਕਿਉਂਕਿ ਲੀਡਰਾਂ ਨੂੰ ਬੁਲਾ ਕੇ ਕਣਕ ਵੰਡਣੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਸੁਖਦੇਵ ਸਿੰਘ , ਜੱਸ ਸਿੰਘ, ਵੀਰਪਾਲ ਕੌਰ, ਹਰਪਾਲ ਸਿੰਘ ਪੱਪੂ, ਬੇਅੰਤ ਸਿੰਘ, ਚਰਨਜੀਤ ਕੌਰ, ਕਰਮਜੀਤ ਕੌਰ, ਸ਼ਾਤੀ ਦੇਵੀ ਆਦਿ ਮੌਜੂਦ ਸਨ। ਧਰਨੇ ਤੇ ਬੈਠੇ ਖੇਤ ਮਜਦੂਰਾਂ ਨੂੰ ਵਿਭਾਗ ਦੇ ਇੰਸਪੈਕਟਰ ਨੇ ਭਰੋਸਾ ਦਿਵਾਇਆ ਕਿ ਦੋ ਚਾਰ ਦਿਨਾਂ ਤੱਕ ਉਹ ਕਣਕ ਵੰਡਾਉਣੀ ਸ਼ੁਰੂ ਕਰ ਦੇਣਗੇ। ਜਦ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਣਕ ਨਾ ਵੰਡੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 

ਕੀ ਕਹਿਣਾ ਹੈ ਵਿਭਾਗ ਦੇ ਇੰਸਪੈਕਟਰ ਸੁਰਿੰਦਰ ਸਿੰਘ ਮੱਕੜ ਦਾ
ਜਦ ਮੰਡੀ ਲੱਖੇਵਾਲੀ ਸਥਿਤ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਸੁਰਿੰਦਰ ਸਿੰਘ ਮੱਕੜ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕਣਕ ਆਈ ਨੂੰ ਤਾਂ ਇਕ ਮਹੀਨੇ ਤੋਂ ਵਧ ਸਮਾਂ ਹੋ ਚੁੱਕਾ ਹੈ। ਪਰ ਮਸ਼ੀਨਾਂ ਦੀ ਖਰਾਬੀ ਦੇ ਕਾਰਨ ਦੇਰੀ ਹੋ ਰਹੀ ਹੈ। ਕਿਉਂਕਿ ਮਸ਼ੀਨਾਂ ਐਕਟੀਵੇਟ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਕਣਕ ਸਰਕਾਰੀ ਹਦਾਇਤਾ ਅਨੁਸਾਰ ਵੰਡੀ ਜਾਵੇ। ਪਰ ਜਦ ਮਸ਼ੀਨਾਂ ਹੀ ਖਰਾਬ ਹਨ ਤਾਂ ਉਹ ਕਿਵੇਂ ਕਣਕ ਵੰਡਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਚੰਡੀਗੜ੍ਹ ਉੱਚ ਅਧਿਕਾਰੀਆਂ ਤੱਕ ਗਲ ਪਹੁੰਚਾਈ ਹੈ। ਇੰਸਪੈਕਟਰ ਨੇ ਇਹ ਵੀ ਦੱਸਿਆ ਕਿ ਕੁੱਲ 16 ਮਸ਼ੀਨਾਂ ਖਰਾਬ ਪਈਆਂ ਹਨ। ਲੱਖੇਵਾਲੀ ਵਿਖੇ ਦੋ ਮਸ਼ੀਨਾਂ ਖਰਾਬ ਹਨ , ਮੰਡੀ ਬਰੀਵਾਲਾ ਵਿਖੇ ਤਿੰਨ ਮਸ਼ੀਨਾ ਖਰਾਬ ਹਨ, ਮਿੱਡਾ ਵਿਖੇ ਤਿੰਨ ਮਸ਼ੀਨਾ ਖਰਾਬ ਹਨ ਅਤੇ ਦੋਦਾ ਵਿਖੇ ਅੱਠ ਮਸ਼ੀਨਾਂ ਖਰਾਬ ਹਨ।


Related News