ਪਿੰਡ ਸੰਮੇਂਵਾਲੀ ਨੇੜੇ ਰਜਬਾਹੇ ਅਤੇ ਕੱਸੀ ਵਿੱਚ ਪਿਆ ਪਾੜ , ਹੋਇਆ ਨੁਕਸਾਨ

Tuesday, Jun 01, 2021 - 11:30 AM (IST)

ਪਿੰਡ ਸੰਮੇਂਵਾਲੀ ਨੇੜੇ ਰਜਬਾਹੇ ਅਤੇ ਕੱਸੀ ਵਿੱਚ ਪਿਆ ਪਾੜ , ਹੋਇਆ ਨੁਕਸਾਨ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਪਿੰਡ ਸੰਮੇਂਵਾਲੀ ਦੇ ਨੇੜੇ ਭਾਗਸਰ ਰਜਬਾਹੇ ਵਿੱਚ ਸੁੰਨੇ ਪੁੱਲ ਕੋਲ ਅੱਜ ਸਵੇਰੇ ਪਾੜ ਪੈ ਗਿਆ ਤੇ ਪਾਣੀ ਦਾ ਵਹਾਅ ਖੇਤਾਂ ਵਾਲੇ ਪਾਸੇ ਹੋ ਗਿਆ। ਜਿਸ ਕਰਕੇ ਖੇਤਾਂ ਵਿੱਚ ਪਾਣੀ ਭਰ ਗਿਆ । ਪਿੰਡ ਦੇ ਕਿਸਾਨ ਬਿਕਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਹਿਲਾਂ ਰਾਤ ਵੇਲੇ ਖੁੜੰਜ ਮਾਈਨਰ ਵਾਲੀ ਕੱਸੀ ਵੀ ਟੁੱਟ ਗਈ ਸੀ ਤੇ ਇਸ ਪਾਣੀ ਨੇ ਵੀ ਖੇਤਾਂ ਵਿੱਚ ਨਰਮੇ ਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਰਜਬਾਹੇ ਵਿੱਚ ਠੋਕਰ ਕੋਲ ਖੰਭਾ ਡਿੱਗ ਪਿਆ ਸੀ ਤੇ ਕੁਝ ਦਰਖ਼ਤ ਵੀ ਡਿੱਗ ਪਏ ਸਨ । ਪਾਣੀ ਦਾ ਪੱਧਰ ਬਹੁਤ ਜ਼ਿਆਦਾ ਸੀ । ਸਬੰਧਿਤ ਮਹਿਕਮੇ ਨੂੰ ਇਸ ਸਬੰਧੀ ਸੂਚਿਤ ਵੀ ਕੀਤਾ ਗਿਆ ਸੀ ਕਿ ਪਾਣੀ ਘਟਾਇਆ ਜਾਵੇ , ਪਰ ਗੱਲ ਹੀ ਨਹੀਂ ਸੁਣੀ ਗਈ ਤੇ ਪਾਣੀ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਦੀ ਵੱਡੀ ਅਣਗਹਿਲੀ ਦੇ ਕਾਰਨ ਇਹ ਨੁਕਸਾਨ ਹੋਇਆ ਹੈ। ਕਿਸਾਨ ਰਾਜਬੀਰ ਸਿੰਘ ਤੇ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਰਮੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ ਹੈ । ਕਿਸਾਨਾਂ ਦੇ ਦੱਸਣ ਅਨੁਸਾਰ  ਨਹਿਰ ਵਿਭਾਗ ਵੱਲੋਂ ਕੋਈ ਮੁਲਾਜ਼ਮ ਜਾਂ ਕਰਮਚਾਰੀ ਉੱਥੇ ਨਹੀਂ ਪੁੱਜਾ ਸੀ ਤੇ ਰਜਬਾਹੇ ਵਿੱਚ ਪਾਣੀ ਵੀ ਬੰਦ ਨਹੀਂ ਕੀਤਾ ਗਿਆ ਸੀ। ਕੱਸੀ ਵਿੱਚ ਪਏ ਪਾੜ ਨੂੰ ਕਿਸਾਨਾਂ ਵੱਲੋਂ ਆਪ ਹੀ ਮਿੱਟੀ ਦੇ ਗੱਟੇ ਭਰ ਕੇ ਬੰਨਿਆ ਜਾ ਰਿਹਾ ਸੀ।


author

Shyna

Content Editor

Related News