ਪੰਜਾਬ ਸਰਕਾਰ ਦੀ ਕੋਸ਼ਿਸ਼ਾਂ ਨੂੰ ਪਿਆ ਬੂਰ! ਇਸ ਜ਼ਿਲ੍ਹੇ 'ਚ ਦਿਸਿਆ ਸਭ ਤੋਂ ਵੱਧ ਅਸਰ

Saturday, Jul 26, 2025 - 02:20 PM (IST)

ਪੰਜਾਬ ਸਰਕਾਰ ਦੀ ਕੋਸ਼ਿਸ਼ਾਂ ਨੂੰ ਪਿਆ ਬੂਰ! ਇਸ ਜ਼ਿਲ੍ਹੇ 'ਚ ਦਿਸਿਆ ਸਭ ਤੋਂ ਵੱਧ ਅਸਰ

ਗੁਰਦਾਸਪੁਰ (ਹਰਮਨ)-ਪੰਜਾਬ ਸਰਕਾਰ ਵੱਲੋਂ ਬਾਲ ਮਜ਼ਦੂਰੀ ਅਤੇ ਭੀਖ ਮੰਗਣ ਵਾਲੇ ਛੋਟੇ ਬੱਚਿਆਂ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ਜੀਵਨਜੋਤ-2 ਪ੍ਰੋਜੈਕਟ ਨੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਕੁਝ ਹੀ ਦਿਨਾਂ ਵਿਚ ਅਸਰ ਦਿਖਾ ਦਿੱਤਾ ਹੈ। ਇਸ ਤਹਿਤ ਟਾਸਕ ਫੋਰਸ ਦੀ ਸਖ਼ਤੀ ਦੇ ਬਾਅਦ ਹੁਣ ਜਨਤਕ ਥਾਵਾਂ ’ਤੇ ਭੀਖ ਮੰਗਣ ਵਾਲੇ ਬੱਚੇ ਅਚਾਨਕ ਗਾਇਬ ਹੋ ਗਏ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਗਠਿਤ ਕੀਤੀਆਂ ਟੀਮਾਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਨਤਕ ਸਥਾਨਾਂ ’ਤੇ ਛਾਪੇਮਾਰੀ ਦੇ ਸਿਲਸਿਲਾ ਜਾਰੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹੇ ਅੰਦਰ ਪਹਿਲੇ ਦਿਨ ਕਾਬੂ ਆਏ ਬੱਚਿਆਂ ਖਿਲਾਫ ਕੀਤੀ ਸਖ਼ਤੀ ਦੇ ਬਾਅਦ ਮੰਗਲਵਾਰ ਤੋਂ ਅੱਜ ਤੱਕ ਕਿਸੇ ਵੀ ਸ਼ਹਿਰ ਵਿਚ ਜਾਂ ਇਲਾਕੇ ਵਿਚ ਇਨ੍ਹਾਂ ਟੀਮਾਂ ਨੂੰ ਭੀਖ ਮੰਗਣ ਵਾਲਾ ਕੋਈ ਵੀ ਬੱਚਾ ਨਹੀਂ ਮਿਲਿਆ।

ਇਹ ਵੀ ਪੜ੍ਹੋਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜੀਵਨ ਜੋਤ ਦਾ ਪ੍ਰੋਜੈਕਟ ਚਲਾ ਕੇ ਸਮੁੱਚੇ ਪੰਜਾਬ ਅੰਦਰ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਨੂੰ ਰੋਕਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਾਲ ਭਿੱਖਿਆ ਮੰਗਣ ਵਾਲੇ ਜਿਹੜੇ ਬੱਚਿਆਂ ’ਤੇ ਸ਼ੱਕ ਪੈਂਦਾ ਹੈ ਉਹਨਾਂ ਦੇ ਡੀ.ਐਨ.ਏ. ਟੈਸਟ ਵੀ ਕੀਤੇ ਜਾਣ।

ਇਹ ਵੀ ਪੜ੍ਹੋਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ

ਇਸ ਦੇ ਚਲਦਿਆਂ ਗੁਰਦਾਸਪੁਰ ਜ਼ਿਲ੍ਹੇ ਅੰਦਰ ਵੀ ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਸੋਮਵਾਰ ਨੂੰ ਗੁਰਦਾਸਪੁਰ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ’ਤੇ ਛਾਪੇਮਾਰੀ ਦੌਰਾਨ ਇਸ ਟੀਮ ਨੂੰ ਅਜਿਹੇ 9 ਬੱਚੇ ਮਿਲੇ ਸਨ ਜਿਨ੍ਹਾਂ ਵਿੱਚੋਂ ਛੇ ਬੱਚੇ ਭੀਖ ਮੰਗ ਰਹੇ ਸਨ ਜਦੋਂ ਕਿ ਤਿੰਨ ਬੱਚੇ ਸਾਮਾਨ ਵੇਚ ਰਹੇ ਸਨ। ਇਨ੍ਹਾਂ ਵਿਚੋਂ ਛੇ ਬੱਚਿਆਂ ਦੇ ਮਾਂ ਪਿਓ ਤਾਂ ਗੁਰਦਾਸਪੁਰ ਵਿਚ ਹੀ ਮੌਜੂਦ ਸਨ ਜਿਨ੍ਹਾਂ ਦੇ ਆਧਾਰ ਕਾਰਡ ਅਤੇ ਹੋਰ ਪਹਿਚਾਨ ਪੱਤਰ ਚੈੱਕ ਕਰਕੇ ਉਨ੍ਹਾਂ ਦੇ ਬੱਚੇ ਉਹਨਾਂ ਨੂੰ ਵਾਪਸ ਸੌਂਪ ਦਿੱਤੇ ਗਏ ਸਨ। ਪਰ ਤਿੰਨ ਬੱਚਿਆਂ ਵਿਚੋਂ ਇਕ ਬੱਚਿਆਂ ਨੇਪਾਲ ਦਾ ਸੀ ਜਦੋਂ ਕਿ ਦੋ ਬੱਚੇ ਉੱਤਰ ਪ੍ਰਦੇਸ਼ ਦੇ ਸਨ ਜਿਨ੍ਹਾਂ ਦੇ ਮਾਪੇ ਇੱਥੇ ਨਹੀਂ ਸਨ। ਪਰ ਦੋ ਠੇਕੇਦਾਰ ਹੀ ਉਨ੍ਹਾਂ ਕੋਲੋਂ ਬਾਲ ਮਜ਼ਦੂਰੀ ਕਰਵਾ ਰਹੇ ਸਨ। ਇਸ ਕਾਰਨ ਪੁਲਸ ਨੇ ਬਕਾਇਦਾ ਪਰਚਾ ਵੀ ਦਰਜ ਕੀਤਾ ਸੀ ਅਤੇ ਉਕਤ ਬੱਚਿਆਂ ਨੂੰ ਚਿਲਡਰਨ ਹੋਮ ’ਚ ਭੇਜ ਦਿੱਤਾ ਸੀ।

ਇਹ ਵੀ ਪੜ੍ਹੋਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

ਡਿਪਟੀ ਕਮਿਸ਼ਨਰ ਨੇ ਵੀ ਵੱਖ-ਵੱਖ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਉਕਤ ਟੀਮ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਸਖ਼ਤ ਹਿਦਾਇਤ ਜਾਰੀ ਕੀਤੀ ਸੀ ਕਿ ਇਸ ਮਾਮਲੇ ਵਿਚ ਕੋਈ ਵੀ ਢਿੱਲ ਨਾ ਵਰਤੀ ਜਾਵੇ ਅਤੇ ਜਿਹੜੇ ਬੱਚਿਆਂ ’ਤੇ ਸ਼ੱਕ ਪੈਂਦਾ ਹੈ ਕਿ ਉਨ੍ਹਾਂ ਦੇ ਮਾਂ ਪਿਓ ਇੱਥੇ ਮੌਜੂਦ ਨਹੀਂ ਹਨ ਜਾਂ ਉਹ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੇ ਹਨ ਤਾਂ ਉਨ੍ਹਾਂ ਦੇ ਡੀ. ਐੱਨ. ਏ. ਟੈਸਟ ਵੀ ਕਰਵਾਏ ਜਾਣ ਤਾਂ ਜੋ ਬੱਚਿਆਂ ਕੋਲੋਂ ਗੈਰ-ਕਾਨੂੰਨੀ ਢੰਗ ਨਾਲ ਬਾਲ ਮਜ਼ਦੂਰੀ ਕਰਵਾਉਣ ਵਾਲੇ ਲੋਕ ਕਾਨੂੰਨ ਦੇ ਸ਼ਿਕੰਜੇ ਤੋਂ ਦੂਰ ਨਾ ਰਹਿ ਸਕਣ। ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਇਸ ਸਖ਼ਤੀ ਅਤੇ ਕੁਝ ਬੱਚਿਆਂ ਨੂੰ ਕਾਬੂ ਕੀਤੇ ਜਾਣ ਦੇ ਬਾਅਦ ਜਦੋਂ ਇਹ ਟੀਮਾਂ ਗੁਰਦਾਸਪੁਰ, ਡੇਰਾ ਬਾਬਾ ਨਾਨਕ ਅਤੇ ਬਟਾਲਾ ਸਮੇਤ ਜ਼ਿਲ੍ਹੇ ਦੇ ਹੋਰ ਵੱਖ-ਵੱਖ ਥਾਵਾਂ ਵਿਚ ਜਨਤਕ ਸਥਾਨਾਂ ’ਤੇ ਛਾਪੇਮਾਰੀ ਕਰਨ ਪਹੁੰਚੀਆਂ ਤਾਂ ਕਿਤੇ ਵੀ ਕੋਈ ਭੀਖ ਮੰਗਦਾ ਬੱਚਾ ਇਨ੍ਹਾਂ ਟੀਮਾਂ ਨੂੰ ਨਜ਼ਰ ਨਹੀਂ ਆਇਆ। ਇਸ ਸੰਬੰਧ ’ਚ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਬਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਟਾਸਕ ਫੋਰਸ ਵੱਲੋਂ ਰੋਜ਼ਾਨਾ ਹੀ ਵੱਖ-ਵੱਖ ਸ਼ਹਿਰਾਂ ’ਚ ਰੇਡ ਕੀਤੀ ਜਾ ਰਹੀ ਹੈ।

ਇਸ ਦੇ ਕਾਰਨ ਨਾ ਸਿਰਫ ਬੱਸ ਅੱਡੇ ਅਤੇ ਰੇਲਵੇ ਸਟੇਸ਼ਨਾਂ ’ਤੇ ਚੈਕਿੰਗ ਕੀਤੀ ਗਈ ਹੈ ਸਗੋਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਬਾਹਰ ਵੀ ਸਵੇਰੇ ਅਤੇ ਸ਼ਾਮ ਵੇਲੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਇਸ ਸਖ਼ਤੀ ਦਾ ਪਤਾ ਲੱਗਦਿਆਂ ਹੀ ਵੱਖ-ਵੱਖ ਭੀਖ ਮੰਗਣ ਵਾਲੇ ਬੱਚੇ ਅਚਾਨਕ ਗਾਇਬ ਹੋ ਗਏ ਹਨ ਜਿਸ ਬਾਰੇ ਕਈ ਤਰ੍ਹਾਂ ਜੇ ਸਵਾਲ ਵੀ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਚੈਕਿੰਗ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਬਾਦਲ ਮਜ਼ਦੂਰੀ ਅਤੇ ਬੱਚਿਆਂ ਕੋਲੋਂ ਭੀਖ ਮੰਗਵਾਉਣ ਦੇ ਗੋਰਖ ਧੰਦੇ ਨੂੰ ਕਿਸੇ ਵੀ ਤਰੀਕੇ ਨਾਲ ਚੱਲਣਾ ਨਹੀਂ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News