ਰਿਹਾਇਸ਼ੀ ਪ੍ਰਾਜੈਕਟ ਲਈ ਬਰਸਾਤੀ ਪਾਣੀ ਦੀ ਰੋਕੀ ਨਿਕਾਸੀ, ਫਸਲਾਂ ਤਬਾਹ

10/18/2018 6:52:27 AM

 ਕੁਰਾਲੀ, (ਬਠਲਾ)- ਨਿਊ ਚੰਡੀਗਡ਼੍ਹ ’ਚ ਇਕ ਰੀਅਲ ਅਸਟੇਟ ਕੰਪਨੀ ਵਲੋਂ ਆਪਣੇ ਰਿਹਾਇਸ਼ੀ ਪ੍ਰੋਜੈਕਟ ਲਈ ਸਡ਼ਕ ਬਣਾਉਣ ਸਮੇਂ ਬਰਸਾਤੀ ਪਾਣੀ ਦਾ ਨਿਕਾਸ ਰੋਕਣ ਕਾਰਨ ਪਿੰਡ ਪਲਹੇਡ਼ੀ ਤੇ ਭਗਤਮਾਜਰਾ ਦੇ ਕਿਸਾਨਾਂ ਦੀ ਫਸਲ ਤਬਾਹ ਹੋ ਗਈ। 
ਪਲਹੇਡ਼ੀ ਵਾਸੀ ਕਿਸਾਨ ਸੁਰਿੰਦਰ ਸਿੰਘ ਪੁੱਤਰ ਕਾਕਾ ਸਿੰਘ ਸਮੇਤ ਪਰਮਜੀਤ ਸਿੰਘ, ਬਲਵੰਤ ਸਿੰਘ, ਹਰਜੀਤ ਸਿੰਘ, ਸੁਰਜੀਤ ਸਿੰਘ, ਪਵਿੱਤਰ ਸਿੰਘ ਤੇ ਪਿੰਡ ਭਗਤਮਾਜਰਾ ਵਾਸੀ ਗੁਰਮੀਤ ਸਿੰਘ, ਕੁਲਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਸਮੇਤ ਐੱਸ. ਡੀ. ਐੱਮ. ਖਰਡ਼ ਨੂੰ ਇਸ ਸਬੰਧੀ ਦਿੱਤੀਆਂ ਸ਼ਿਕਾਇਤਾਂ ਵਿਚ ਦੱਸਿਆ ਕਿ ਪ੍ਰਾਈਵੇਟ ਕੰਪਨੀ ਨੇ ਆਪਣੇ ਪ੍ਰੋਜੈਕਟ ਲਈ ਸਡ਼ਕ ਬਣਾਉਂਦੇ ਸਮੇਂ ਸਦੀਆਂ ਤੋਂ ਵਹਿੰਦੇ ਬਰਸਾਤੀ ਪਾਣੀ ਦੇ ਨਿਕਾਸ ਨੂੰ ਰੋਕ ਕੇ ਸਾਡੇ ਖੇਤਾਂ ਨੂੰ ਟੋਭੇ ਬਣਾ ਕੇ ਰੱਖ ਦਿੱਤਾ ਹੈ। 
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਏ ਲਗਾਤਾਰ ਮੀਂਹ ਦੌਰਾਨ ਖੇਤਾਂ ਵਿਚ ਜੀਰੀ ਤੇ ਹੋਰ ਫਸਲਾਂ ਪਾਣੀ ਵਿਚ ਡੁੱਬਣ ਕਾਰਨ ਤਬਾਹ ਹੋ ਗਈਆਂ ਹਨ। ਉਕਤ ਕੰਪਨੀ ਵਲੋਂ ਸਡ਼ਕ ਬਣਾਉਣ ਲਈ ਲਾਇਆ ਬੰਨ ਖੁੱਲਵਾਉਣ ਦੀ ਮੰਗ ਕਰਦਿਆਂ ਇਨ੍ਹਾਂ ਕਿਸਾਨਾਂ ਨੇ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ ਕੀਤੀ ਹੈ। ਇਸੇ ਦੌਰਾਨ ਐੱਸ. ਡੀ. ਐੱਮ. ਖਰਡ਼ ਦੀਆਂ ਹਦਾਇਤਾਂ ’ਤੇ ਹਲਕਾ ਪਟਵਾਰੀ ਵਲੋਂ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦਿਆਂ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਕਿਸਾਨ ਸੁਰਿੰਦਰ ਸਿੰਘ ਤੇ ਹੋਰਨਾਂ ਅਨੁਸਾਰ ਨੁਕਸਾਨ ਦੀ ਪੂਰਤੀ ਲਈ ਜੇਕਰ ਪ੍ਰਸ਼ਾਸਨ ਨੇ ਬਣਦਾ ਮੁਆਵਜਾ ਨਾ ਦਿਵਾਇਆ ਤਾਂ ਜਲਦੀ ਹੀ ਇਨਸਾਫ ਪ੍ਰਾਪਤੀ ਲਈ ਮਾਣਯੋਗ ਅਦਾਲਤ ਦਾ ਦਰਵਾਜਾ ਖਡ਼ਕਾਇਆ ਜਾਵੇਗਾ।


Related News