ਜਹਾਂਗੀਰਪੁਰੀ ਮਾਮਲੇ ਨੂੰ ਹੱਲ ਕਰਵਾਉਣ ’ਤੇ ਪੰਜਾਬ ਦੇ ਹਿੰਦੂ ਸੰਗਠਨਾਂ ਵੱਲੋਂ ਸਾਂਸਦ ਹੰਸ ਰਾਜ ਹੰਸ ਦੀ ਸ਼ਲਾਘਾ

04/26/2022 7:43:39 PM

ਖੰਨਾ (ਕਮਲ)-ਪ੍ਰਸਿੱਧ ਪੰਜਾਬੀ ਗਾਇਕ ਤੇ ਸਾਂਸਦ ਪਦਮਸ਼੍ਰੀ ਹੰਸ ਰਾਜ ਹੰਸ ਵੱਲੋਂ ਜਿੱਥੇ ਪੰਜਾਬੀ ਗਾਇਕੀ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਪ੍ਰਫੁੱਲਿਤ ਕਰਕੇ ਇਕ ਵੱਖਰਾ ਮੁਕਾਮ ਹਾਸਿਲ ਕੀਤਾ ਗਿਆ ਹੈ, ਉਥੇ ਹੀ ਹੁਣ ਿਸਆਸੀ ਖੇਤਰ ’ਚ ਵੀ ਵੱਡੇ ਮਾਅਰਕੇ ਮਾਰ ਕੇ ਆਪਣੇ ਨਾਂ ਦਾ ਪੂਰੇ ਦੇਸ਼ ਵਿਚ ਡੰਕਾ ਵਜਾ ਦਿੱਤਾ ਹੈ। ਹੰਸ ਰਾਜ ਹੰਸ ਵੱਲੋਂ ਪਿਛਲੇ ਦਿਨੀਂ ਉਨ੍ਹਾਂ ਦੇ ਦਿੱਲੀ ਦੇ ਲੋਕ ਸਭਾ ਹਲਕੇ ਅਧੀਨ ਪੈਂਦੇ ਜਹਾਂਗੀਰਪੁਰੀ ਇਲਾਕੇ ’ਚ ਹਨੂੰਮਾਨ ਜਯੰਤੀ ਦੌਰਾਨ ਕੱਢੀ ਗਈ ਸ਼ੋਭਾ ਯਾਤਰਾ ਮੌਕੇ ਪੱਥਰਬਾਜ਼ੀ ਦੀ ਹੋਈ ਹਿੰਸਕ ਘਟਨਾ ਦੇ ਮਾਮਲੇ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਹੱਲ ਕਰਵਾ ਕੇ ਆਪਣੀ ਦੂਰਅੰਦੇਸ਼ੀ ਸਿਆਸੀ ਸੋਚ ਦਾ ਸਬੂਤ ਦਿੱਤਾ ਹੈ, ਜਿਸ ਨਾਲ ਉਹ ਮੋਹਰਲੀ ਕਤਾਰ ਵਾਲੇ ਆਗੂਆਂ ’ਚ ਸ਼ਾਮਲ ਹੋ ਗਏ ਹਨ। ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁੱਡ ਬੁੱਕਸ ’ਚ ਸ਼ਾਮਲ ਹਨ। ਇਸ ਮਾਮਲੇ ਨੂੰ ਹੱਲ ਕਰਕੇ ਉਹ ਸਿਆਸੀ ਖੇਤਰ ਦੇ ਨਾਲ-ਨਾਲ ਹਿੰਦੂ ਭਾਈਚਾਰੇ ਦੇ ਲੋਕਾਂ ਵਿਚ ਵੀ ਆਪਣੀ ਵੱਖਰੀ ਥਾਂ ਬਣਾਉਣ ’ਚ ਸਫਲ ਹੋਏ ਹਨ।

ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਵੱਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਕੁਝ ਸ਼ਰਾਰਤੀ ਲੋਕਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਹਰ ਪੱਖੋਂ ਮੋਹਰੀ ਲਿਆਉਣਾ ਅਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਹੋ ਰਹੀ ਪ੍ਰਸਿੱਧੀ ਹਜ਼ਮ ਨਹੀਂ ਹੋ ਰਹੀ, ਜਿਸ ਕਰਕੇ ਅਜਿਹੇ ਲੋਕ ਕੋਝੀਆਂ ਤੇ ਘਟੀਆ ਹਰਕਤਾਂ ਕਰਕੇ ਜਿੱਥੇ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਲੋਕਾਂ ’ਚ ਵੰਡੀਆਂ ਪਾਉਣਾ ਚਾਹੁੰਦੇ ਹਨ। ਅਜਿਹੇ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਸਾਫ ਸੁਥਰੇ ਅਕਸ ਨੂੰ ਵੀ ਖ਼ਰਾਬ ਕਰਨਾ ਚਾਹੁੰਦੇ ਹਨ ਪਰ ਭਾਜਪਾ ਅਤੇ ਉਹ ਖੁਦ ਇਨ੍ਹਾਂ ਲੋਕਾਂ ਦੇ ਮਨਸੂਬਿਆਂ ਨੂੰ ਕਦੇ ਵੀ ਬੂਰ ਨਹੀਂ ਪੈਣ ਦੇਣਗੇ। ਜਹਾਂਗੀਰਪੁਰੀ ਵਾਲੇ ਮਾਮਲੇ ਨੂੰ ਸੰਜੀਦਗੀ ਨਾਲ ਹੱਲ ਕਰਵਾ ਕੇ ਦੇਸ਼ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਉਣ ਦੇ ਕੀਤੇ ਗਏ ਇਸ ਕਾਰਜ ਦੀ ਪੰਜਾਬ ਦੇ ਵੱਡੇ ਹਿੰਦੂ ਸੰਗਠਨਾਂ ਦੇ ਆਗੂਆਂ, ਜਿਨ੍ਹਾਂ ’ਚ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਦੇ ਧਰਮਾਧੀਸ਼ ਜਗਤਗੁਰੂ ਪੰਚਾਨੰਦ ਗਿਰੀ ਜੀ, ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ, ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਸ਼ਿਵ ਸੈਨਾ ਪੰਜਾਬ ਦੇ ਕੋਮੀ ਪ੍ਰਧਾਨ ਸੰਜੀਵ ਘਨੌਲੀ ਅਤੇ ਚੇਅਰਮੈਨ ਰਾਜੀਵ ਟੰਡਨ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ ਤੇ ਇਸ ਮਾਮਲੇ ਸੰਬੰਧੀ ਗੱਲਬਾਤ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਇਸ ਲਈ ਉਨ੍ਹਾਂ ਦੇ ਸੰਗਠਨਾਂ ਵੱਲੋਂ ਸਾਂਸਦ ਹੰਸ ਰਾਜ ਹੰਸ ਦਾ ਪੰਜਾਬ ਆਉਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਜਾਵੇਗਾ।


Manoj

Content Editor

Related News