‘ਹੰਸ’ ਤੇ ‘ਅਨਮੋਲ’ ਦੇ ਮੁਕਾਬਲੇ ''ਤੇ ਫਰੀਦਕੋਟ ਤੋਂ ਇਸ ਵੱਡੇ ਗਾਇਕ ਨੂੰ ਉਤਾਰਨ ਦੀ ਤਿਆਰੀ ''ਚ ਕਾਂਗਰਸ
Tuesday, Apr 02, 2024 - 06:31 PM (IST)
ਮੋਗਾ (ਗੋਪੀ ਰਾਊਕੇ) : ਦੇਸ਼ ਭਰ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਭਖਿਆ ਪਿਆ ਹੈ, ਉੱਥੇ ਹੀ ਮਾਲਵਾ ਖਿੱਤੇ ਦੀ ਬਹੁਚਰਚਿਤ ਫਰੀਦਕੋਟ ਸੰਸਦੀ ਸੀਟ ’ਤੇ ਮੁਕਾਬਲਾ ਹਲਕੇ ਤੋਂ ਬਾਹਰਲੇ ਵੱਡੇ ਸਲੈਬ੍ਰਿਟੀ ਚਿਹਰੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਲੋਂ ਉਤਾਰਨ ਮਗਰੋਂ ਹਲਕੇ ਦੀ ਸਿਆਸੀ ਤਸਵੀਰ ਇਕਦਮ ਬਦਲਣ ਲੱਗੀ ਹੈ। ਆਮ ਆਦਮੀ ਪਾਰਟੀ ਵਲੋਂ ਪਹਿਲਕਦਮੀ ਕਰਦੇ ਹੋਏ ਫਿਲਮੀ ਸਿਤਾਰੇ ਕਰਮਜੀਤ ਅਨਮੋਲ ਨੂੰ ਚੋਣ ਪਿੜ ਵਿਚ ਕਾਫ਼ੀ ਦਿਨ ਪਹਿਲਾਂ ਉਤਾਰ ਦਿੱਤਾ ਸੀ, ਜਿਨ੍ਹਾਂ ਵਲੋਂ ਹਲਕੇ ਵਿਚ ਰੋਡ ਸ਼ੋਅ ਕਰਨ ਮਗਰੋਂ ਆਪਣੀ ਚੋਣ ਮੁਹਿੰਮ ਨੂੰ ਯੋਜਨਾਬੰਦ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਫਰੀਦਕੋਟ ਸੰਸਦੀ ਸੀਟ ਦੇ 9 ਵਿਧਾਨ ਸਭਾ ਹਲਕਿਆਂ ਵਿਚ ਪਹਿਲਾਂ ਪਾਰਟੀ ਦੇ ਪੁਰਾਣੇ ਵਾਲੰਟੀਅਰਾਂ ਅਤੇ ਵਿਧਾਇਕਾਂ ਨਾਲ ਤਾਲਮੇਲ ਬਣਾਉਣ ਮਗਰੋਂ ਅਨਮੋਲ ਹੁਣ ਪਿੰਡੋ-ਪਿੰਡ ਮੁਹਿੰਮ ਨੂੰ ਅੱਗੇ ਵਧਾਉਣ ਲੱਗੇ ਹਨ। ਅਨਮੋਲ ਨੂੰ ਤਕੜੀ ਟੱਕਰ ਦੇਣ ਲਈ ਭਾਰਤੀ ਜਨਤਾ ਪਾਰਟੀ ਦੇ ਸੁਰਾਂ ਦੇ ਸੌਦਾਗਰ ਅਤੇ ਦਿੱਲੀ ਤੋਂ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਨੂੰ ਚੋਣ ਪਿੱੜ ਵਿਚ ਉਤਾਰ ਦਿੱਤਾ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, 27 ਸਾਲਾ ਨੌਜਵਾਨ ਪੁੱਤ ਦੀ ਅਚਾਨਕ ਮੌਤ
ਦੋ ਦਿਨ ਪਹਿਲਾਂ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਹੋਣ ਮਗਰੋਂ ਇਸ ਹਲਕੇ ਵਿਚ ਨਵੀਂ ਤਰ੍ਹਾਂ ਦੀ ਰਾਜਨੀਤਕ ਚਰਚਾ ਚੱਲ ਪਈ ਹੈ। ਦੋਵੇਂ ਵੱਡੇ ਚਿਹਰੇ ਭਾਵੇਂ ਹਲਕੇ ਤੋਂ ਬਾਹਰੀ ਹਨ, ਪਰੰਤੂ ਉਨ੍ਹਾਂ ਦਾ ਗਾਇਕੀ ਅਤੇ ਫ਼ਿਲਮੀ ਖ਼ੇਤਰਾਂ ਵਿਚ ਵੱਡਾ ਨਾਂ ਹੀ ਹਰ ਕਿਸੇ ਲਈ ਪਹਿਚਾਣ ਬਣਿਆ ਹੋਇਆ ਹੈ। ਦੋਵੇਂ ਸਿਆਸੀ ਧਿਰਾਂ ਦੇ ਉਮੀਦਵਾਰ ਵੱਡੇ ਸਲੈਬ੍ਰਿਟੀ ਹੋਣ ਕਰਕੇ ਹੁਣ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਹਲਕੇ ਤੋਂ ਉਮੀਦਵਾਰ ਦੀ ਚੋਣ ਲਈ ਕਿਸੇ ਵੱਡੇ ਸਲੈਬ੍ਰਿਟੀ ਜਾਂ ਸਮਾਜਿਕ ਚਰਚਿਤ ਚਿਹਰਿਆਂ ਦੀ ਭਾਲ ਵਿਚ ਜੁਟ ਗਿਆ ਹੈ।
ਇਹ ਵੀ ਪੜ੍ਹੋ : ਵਿਆਹ ਦੌਰਾਨ ਸਟੇਜ 'ਤੇ ਗਾਲਾਂ ਕੱਢਣ ਵਾਲੀ ਮਾਡਲ ਸਿਮਰ ਸੰਧੂ ਆਈ ਸਾਹਮਣੇ, ਕਰ ਦਿੱਤੇ ਸਨਸਨੀਖੇਜ਼ ਖ਼ੁਲਾਸੇ
ਕਾਂਗਰਸ ਪਾਰਟੀ ਵਲੋਂ ਇਸ ਹਲਕੇ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਬੀਬੀ ਅਮਰਜੀਤ ਕੌਰ ਸਾਹੋਕੇ, ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ, ਸਵਰਨ ਸਿੰਘ ਆਦੀਵਾਲ ਅਤੇ ਪ੍ਰਮਿੰਦਰ ਸਿੰਘ ਡਿੰਪਲ ਸਮੇਤ ਹੋਰ ਦਾਅਵੇਦਾਰ ਹਨ, ਪਰੰਤੂ ‘ਜਗ ਬਾਣੀ’ ਨੂੰ ਅਤਿ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ, ਉਸ ਵਿਚ ਇਹ ਪੁਸ਼ਟੀ ਹੋਈ ਹੈ ਕਿ ਕਾਂਗਰਸ ਪਾਰਟੀ ਵਲੋਂ ਮੇਲਿਆਂ ਦੇ ਬਾਦਸ਼ਾਹ ਲਾਭ ਹੀਰਾ ਨੂੰ ਵੀ ਚੋਣ ਪਿੱੜ ਵਿਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਗਾਇਕ ਲਾਭ ਹੀਰੇ ਦੇ ਨੇੜਲੇ ਸੂਤਰਾਂ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਲਾਭ ਹੀਰੇ ਤੱਕ ਕਾਂਗਰਸ ਦੇ ਕੁੱਝ ਆਗੂਆਂ ਨੇ ਪਹੁੰਚ ਕੀਤੀ ਹੈ ਪਰ ਅਜੇ ਇਹ ਗਾਇਕ ‘ਜੱਕੋ-ਤੱਕੀ’ ਵਿਚ ਹੈ।
ਇਹ ਵੀ ਪੜ੍ਹੋ : ਗੁਆਂਢੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਤੋਂ ਬਾਅਦ ਖੁਦ ਹੀ ਪਰਿਵਾਰ ਨੂੰ ਦੱਸਿਆ 'ਮੈਂ ਕਤਲ ਕੀਤਾ'
ਪਿਛਲੇ ਤਿੰਨ ਦਹਾਕਿਆਂ ਤੋਂ ਮਾਲਵਾ ਖਿੱਤੇ ਦੇ ਮੇਲਿਆਂ ਦੇ ਮਾਣ ਲਾਭ ਹੀਰੇ ਦੀ ਗਾਇਕੀ ਦੀ ਜਦੋਂ ਮਰਹੂਮ ਸਿੱਧੂ ਮੂਸੇਵਾਲਾ ਨੇ ਤਾਰੀਫ ਕੀਤੀ ਸੀ ਤਾਂ ਮੁੜ ਇਹ ਗਾਇਕ ਚਰਚਾ ਵਿਚ ਆ ਗਿਆ ਸੀ ਅਤੇ ਅੱਜ ਕੱਲ ਫ਼ਿਰ ਇਸ ਗਾਇਕ ਦੀ ‘ਤੂਤੀ’ ਬੋਲਦੀ ਹੈ। ਜੇਕਰ ਕਾਂਗਰਸ ਅਤੇ ਅਕਾਲੀ ਦਲ ਨੇ ਵੀ ਇਸ ਤਰ੍ਹਾਂ ਦੇ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆਂ ਤਾਂ ਫਰੀਦਕੋਟ ਹਲਕੇ ਵਿਚ ਮੁਕਾਬਲਾ ਰੌਚਕ ਬਣ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਡਾ. ਧਰਮਵੀਰ ਗਾਂਧੀ ਦਾ ਵੱਡਾ ਬਿਆਨ
ਗਾਇਕ ਮੁਹੰਮਦ ਸਦੀਕ ਨੂੰ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹਾ ਚੁੱਕੇ ਫਰੀਦਕੋਟੀਏ
2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਦੌੜ ਹਲਕੇ ਤੋਂ ਵਿਧਾਇਕ ਬਣੇ ਗਾਇਕ ਮਹੁੰਮਦ ਸਦੀਕ 2017 ਵਿਚ ਚੋਣ ਹਾਰ ਗਏ ਸਨ, ਪਰੰਤੂ 2019 ਵਿਚ ਜਦੋਂ ਉਨ੍ਹਾਂ ਨੂੰ ਫਰੀਦਕੋਟ ਤੋਂ ਲੋਕ ਸਭਾ ਲਈ ਚੋਣ ਮੈਦਾਨ ਵਿਚ ਉਤਾਰਿਆ ਗਿਆ ਤਾਂ ਉਨ੍ਹਾਂ ਦੀ ਜਿੱਤ ਚੋਣ ਨਤੀਜੇ ਤੋਂ ਪਹਿਲਾ ਹੀ ਪੱਕੀ ਲੱਗਣ ਲੱਗ ਪਈ ਸੀ ਕਿਉਂਕਿ ਉਨ੍ਹਾਂ ਦੇ ਹੱਕ ਵਿਚ ਕੇਵਲ ਕਾਂਗਰਸ ਪਾਰਟੀ ਨਾਲ ਸਬੰਧਿਤ ਲੋਕ ਨਹੀਂ ਸਗੋਂ ਆਮ ਲੋਕਾਂ ਨੇ ਵੀ ਇਕ ਲਹਿਰ ਖੜ੍ਹੀ ਕਰ ਦਿੱਤੀ ਸੀ। ਭਾਵੇਂ ਸਦੀਕ ਹੁਣ ਵੀ ਟਿਕਟ ਦੇ ਦਾਅਵੇਦਾਰ ਹਨ, ਪਰੰਤੂ ਫਰੀਦਕੋਟ ਦੇ ਸਿਰਕੱਢ ਕਾਂਗਰਸੀ ਆਗੂਆਂ ਦੇ ਸਿੱਧੇ ਵਿਰੋਧ ਕਰਕੇ ਉਨ੍ਹਾਂ ਦੀ ਦਾਅਵੇਦਾਰੀ ਕਮਜ਼ੋਰ ਬਣ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8