ਸੀਵਰੇਜ ਸਮੱਸਿਆ ਤੋਂ ਅੱਕੇ ਵਾਰਡ ਨੰਬਰ 23 ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
Monday, Jul 06, 2026 - 06:49 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਲੰਬੇ ਸਮੇਂ ਤੋਂ ਸੀਵਰੇਜ ਸਮੱਸਿਆ ਤੋਂ ਅੱਕੇ ਵਾਰਡ ਨੰਬਰ 23 ਚ ਪੈਂਦੀ ਮੌਡ਼ ਰੋਡ ਗਲੀ ਨੰਬਰ 2 ਤੇ ਨੇਡ਼ਲੇ ਖੇਤਰਾਂ ਦੇ ਲੋਕਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭੜਕੇ ਲੋਕਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੱਢਦਿਆਂ ਆਪਣੀ ਭੜਾਸ ਕੱਢੀ।

ਪ੍ਰਦਰਸ਼ਨਕਾਰੀ ਸੁਭਾਸ਼ ਨਗਰ ਬਸਤੀ ਦੇ ਵਾਸੀ ਵਿੱਕੀ, ਸੁਖਦੀਪ ਸਿੰਘ, ਰਮੇਸ਼ ਕੁਮਾਰ ਸਮੇਤ ਹੋਰਾਂ ਨੇ ਦੱਸਿਆ ਕਿ ਮੌਡ਼ ਰੋਡ, ਸੁਭਾਸ਼ ਨਗਰ ਬਸਤੀ ਤੇ ਹੋਰ ਨੇਡ਼ਲੇ ਖੇਤਰ ਦੇ ਲੋਕ ਸਾਲਾਂ ਤੋਂ ਸੀਵਰੇਜ ਸਮੱਸਿਆ ਦਾ ਸੰਤਾਪ ਝੱਲ ਰਹੇ ਨੇ, ਪਰ ਸਮੱਸਿਆ ਦਾ ਹੱਲ ਨਹੀਂ ਹੋ ਪਾ ਰਿਹਾ। ਇਸ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂੰ ਕਰਾਇਆ ਜਾ ਚੁੱਕਿਆ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਕਈ ਵਾਰ ਇਸ ਸਬੰਧੀ ਲੋਕ ਧਰਨੇ ਪ੍ਰਦਰਸਨ ਕਰ ਚੁੱਕੇ ਨੇ, ਪਰ ਸਰਕਾਰ ਤੇ ਪ੍ਰਸ਼ਾਸਨ ਇਸ ਸਮੱਸਿਆ ਦੇ ਹਲ ਕਰਨ ਚ ਨਾਕਾਮ ਸਾਬਤ ਰਿਹਾ ਹੈ। ਲੋਕਾਂ ਨੇ ਕਿਹਾ ਕਿ ਹੁਣ ਤਾਂ ਸਰਕਾਰ ਵੀ ਆਪ ਦੀ ਹੈ ਤੇ ਨਗਰ ਕੌਂਸਲ ਵੀ ਆਮ ਆਦਮੀ ਪਾਰਟੀ ਦੀ ਹੈ, ਤੇ ਹੁਣ ਤਾ ਇਸ ਸਮੱਸਿਆ ਦਾ ਪੱਕਾ ਹਲ ਹੋਣਾ ਚਾਹੀਦਾ ਹੈ। ਜੇਕਰ ਹੁਣ ਵੀ ਇਸ ਸਮੱਸਿਆ ਦਾ ਹੱਲ ਨਾ ਹੋ ਸਕਿਆ ਤਾਂ ਉਹ ਸੰਘਰਸ਼ ਤੇਜ ਕਰਨਗੇ।

ਲੋਕਾਂ ਦਾ ਕਹਿਣਾ ਹੈ ਕਿ ਲਗਭਗ ਦੋ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਇਸ ਸਮੱਸਿਆ ਦਾ ਸਥਾਈ ਹਲ ਅੱਜ ਤੱਕ ਨਾ ਹੋ ਸਕਿਆ ਹੈ। ਅਧਿਕਾਰੀਆਂ ਵੱਲੋਂ ਇੱਥੇ ਆ ਕੇ ਖਾਨਾਪੂਰਤੀ ਕਰਵਾ ਦਿੱਤੀ ਜਾਂਦੀ ਹੈ, ਪਰ ਬਾਅਦ ਚ ਸਮੱਸਿਆ ਜਿਉਂ ਦੀ ਤਿਉਂ ਹੋ ਜਾਂਦੀ ਹੈ। ਲੋਕਾਂ ਤੇ ਦੁਕਾਨਦਾਰਾਂ ਦੇ ਘਰਾਂ ਤੇ ਦੁਕਾਨਾਂ ਤੇ ਬੈਠਣਾ ਔਖਾ ਹੋ ਗਿਆ ਹੈ। ਜੇਕਰ ਸਮੱਸਿਆ ਦਾ ਪੱਕਾ ਹਲ ਨਾ ਹੋਇਆ ਤਾਂ ਇਸਦਾ ਨਤੀਜਾ ਸਰਕਾਰ ਨੂੰ ਆਉਂਦੀਆਂ ਚੋਣਾਂ ਚ ਭੁਗਤਣਾ ਪਵੇਗਾ।
