ਧੂਰੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਉਘੇ ਕਵੀਸਰ ਮੇਘ ਰਾਜ

10/10/2020 5:13:12 PM

ਭਵਾਨੀਗੜ(ਕਾਂਸਲ)-ਬਲਾਕ ਭਵਾਨੀਗੜ੍ਹ ਦੇ ਪਿੰਡ ਨਾਗਰੀ ਦੇ ਕਿਸਾਨ ਅਤੇ ਉਘੇ ਕਵੀਸਰ ਮੇਘ ਰਾਜ ਦੀ ਬੀਤੇ ਦਿਨ ਕਿਸਾਨਾਂ ਦੇ ਸੰਘਰਸ਼ ਦੌਰਾਨ ਧੂਰੀ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਜਿਸ ਕਰਕੇ ਪੂਰੇ ਇਲਾਕੇ 'ਚ ਭਾਰੀ ਸੋਗ ਪੈ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਜਗਤਾਰ ਬਾਵਾ ਅਤੇ ਭੀਤਜੇ ਹੈਪੀ ਬਾਵਾ ਨਾਗਰੀ ਨੇ ਬਹੁਤ ਹੀ ਭਰੇ ਮਨ ਨਾਲ ਦੱਸਿਆ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਮੇਘ ਰਾਜ ਜੀ ਇਕ ਕਿਸਾਨ ਦੇ ਨਾਲ-ਨਾਲ ਉਘੇ ਕਵੀਸਰ ਵੀ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ 'ਚ ਮੇਘ ਰਾਜ ਜੀ ਵੀ ਧੂਰੀ ਵਿਖੇ ਸੰਘਰਸ਼ਾਂ 'ਚ ਸ਼ਾਮਿਲ ਹੋ ਕੇ ਆਪਣੀ ਕਵੀਸਰੀ ਰਾਹੀ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਵਿਰੁੱਧ ਆਪਣੀ ਆਵਾਜ਼ ਬਲੰਦ ਕਰਦੇ ਆ ਰਹੇ ਹਨ।

ਇਸੇ ਦੌਰਾਨ ਬੀਤੇ ਕੱਲ ਜਦੋਂ ਉਹ ਸੰਗਰੂਰ ਧੂਰੀ ਰੋਡ ਉਪਰ ਧੂਰੀ ਨੇੜਲੇ ਪਿੰਡ ਬੇਨੜਾ ਵਿਖੇ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਚੱਲ ਰਹੇ ਰੋਸ ਧਰਨੇ 'ਤੇ ਪਹੁੰਚੇ ਤਾਂ ਇਥੇ ਅਚਾਨਕ ਦਿਲ ਦਾ ਦੋਰਾ ਪੈ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਲੈ ਕੇ ਅੱਜ ਸੂਬੇ ਦਾ ਹਰ ਵਰਗ ਪੂਰੀ ਤਰ੍ਹਾਂ ਤਣਾਅ ਅਤੇ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਿਹਾ ਹੈ ਅਤੇ ਉਸ ਦੇ ਤਾਇਆ ਜੀ ਵੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਕਾਫੀ ਤਨਾਅ 'ਚ ਸਨ। ਜਿਸ ਦੇ ਚਲਦਿਆਂ ਉਹ ਇਸ ਲੜਾਈ 'ਚ ਸ਼ਹੀਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸੀ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਸ਼ਹੀਦ ਮੇਘ ਰਾਜ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।


Aarti dhillon

Content Editor Aarti dhillon