ਠੇਕੇਦਾਰ ਵਲੋਂ ਸਫਾਈ ਸੇਵਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਮੁੱਢਲੀਆਂ ਸਹੂਲਤਾਂ : ਪ੍ਰਿੰਸ
Tuesday, Oct 02, 2018 - 07:41 AM (IST)

ਮੋਹਾਲੀ, (ਨਿਆਮੀਆਂ)- ਨਗਰ ਨਿਗਮ ਦੇ ਠੇਕੇਦਾਰ ਵਲੋਂ ਸ਼ਹਿਰ ਵਿਚ ਕੰਮ ਕਰਦੇ ਸਫਾਈ ਸੇਵਕਾਂ ਅਤੇ ਵੱਖ-ਵੱਖ ਫੇਜ਼ਾਂ ਵਿਚ ਉਸਾਰੇ ਗਏ ਜਨਤਕ ਪਖਾਨਿਆਂ ਦੇ ਵਰਕਰਾਂ ਨੂੰ ਘੱਟੋ-ਘੱਟ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਇਨ੍ਹਾਂ ਨੂੰ ਸਰਵਿਸ ਰੂਲਾਂ ਅਨੁਸਾਰ ਈ. ਐੱਸ. ਆਈ. ਅਤੇ ਪ੍ਰਾਵੀਡੈਂਟ ਫੰਡ ਦੀ ਸਹੂਲਤ ਮਿਲ ਰਹੀ ਹੈ। ਇਹ ਗੱਲ ਨਗਰ ਨਿਗਮ ਦੇ ਕੌਂਸਲਰ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਅੱਜ ਇਥੇ ਸਫਾਈ ਸੇਵਕਾਂ ਦੇ ਇਕ ਵਫਦ ਨਾਲ ਗੱਲ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਉਹ ਛੇਤੀ ਹੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਇਸ ਸਬੰਧੀ ਲੋਡ਼ੀਂਦੀ ਕਾਰਵਾਈ ਕਰਨ ਦੀ ਅਪੀਲ ਕਰਨਗੇ।
ਇਸ ਤੋਂ ਪਹਿਲਾਂ ਸ਼ੁਲਭ ਸੌਚਾਲਯ ਮਜ਼ਦੂਰ ਸੰਗਠਨ ਦਾ ਇਕ ਵਫਦ ਸੰਸਥਾ ਦੇ ਪ੍ਰਧਾਨ ਦਇਆਨੰਦ ਦੀ ਪ੍ਰਧਾਨਗੀ ਹੇਠ ਪ੍ਰਿੰਸ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸਫਾਈ ਸੇਵਕਾਂ ਦੇ ਮਸਲਿਆਂ ਦੇ ਹੱਲ ਕਰਵਾਉਣ ਦੀ ਅਪੀਲ ਕੀਤੀ। ਵਫਦ ਵਿਚ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਮੀਤ ਪ੍ਰਧਾਨ ਜਗਵੀਰ ਵੀ ਸ਼ਾਮਲ ਸਨ।
ਪ੍ਰਿੰਸ ਨੇ ਸੰਗਠਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਸਫਾਈ ਸੇਵਕਾਂ ਦੇ ਮਸਲੇ ਹੱਲ ਕਰਵਾਉਣ ਲਈ ਉਪਰਾਲੇ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਪੰਜਾਬ ਦੇ ਅਤਿ ਆਧੁਨਿਕ ਸ਼ਹਿਰ ਵਜੋਂ ਜਾਣੇ ਜਾਂਦੇ ਮੋਹਾਲੀ ਦੇ ਨਗਰ ਨਿਗਮ ਠੇਕੇਦਾਰ ਵਲੋਂ ਇਨ੍ਹਾਂ ਮਜ਼ਦੂਰਾਂ ਨੂੰ ਬਣਦੇ ਭੱਤੇ ਅਤੇ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਉਹ ਸਫਾਈ ਸੇਵਕਾਂ ਦੇ ਨਾਲ ਖਡ਼੍ਹੇ ਹਨ ਅਤੇ ਇਨ੍ਹਾਂ ਸਫਾਈ ਸੇਵਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਪ੍ਰਸ਼ਾਸ਼ਨ ਤਕ ਪਹੁੰਚ ਕਰਕੇ ਇਹ ਮਸਲੇ ਹਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੇਕਰ ਕੋਈ ਹਲ ਨਾ ਨਿਕਲਿਆ ਤਾਂ ਉਹ ਸਫਾਈ ਸੇਵਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਅਦਾਲਤ ਵਿਚ ਵੀ ਜਾਣਗੇ।
ਇਸ ਮੌਕੇ ਸੰਗਠਨ ਆਗੂਆਂ ਨੇ ਮੰਗ ਕੀਤੀ ਕਿ ਹਟਾਏ ਗਏ ਸਫਾਈ ਸੇਵਕ ਮੁਡ਼ ਨੌਕਰੀ ਉਪਰ ਰੱਖੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਲਦੀ ਹੀ ਸਫਾਈ ਸੇਵਕਾਂ ਨੂੰ ਡੀ. ਸੀ. ਰੇਟ ਤਹਿਤ ਤਨਖਾਹ ਨਾ ਦਿੱਤੀ ਗਈ ਤਾਂ ਉਹ ਸੁਲਭ ਸ਼ੌਚਾਲਿਆ ਬੰਦ ਕਰ ਦੇਣਗੇ ਅਤੇ ਨਗਰ ਨਿਗਮ ਮੋਹਾਲੀ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸੰਗਠਨ ਦੇ ਸਾਬਕਾ ਪ੍ਰਧਾਨ ਓਮ ਪ੍ਰਕਾਸ਼, ਦੌਲਤ ਰਾਮ, ਕਰਮਬੀਰ, ਪਾਲ, ਸੋਮਪਾਲ, ਧਰਮਪਾਲ, ਰਾਜਪਾਲ, ਧਨਜੈ ਕੁਮਾਰ ਵੀ ਮੌਜੂਦ ਸਨ।