ਘਰ ’ਚੋਂ ਚੋਰੀ ਕਰਨ ਦੇ ਮਾਮਲੇ ’ਚ 5 ਕਾਬੂ, ਇਕ ਦਿਨ ਦੇ ਪੁਲਸ ਰਿਮਾਂਡ ’ਤੇ
Monday, May 29, 2023 - 02:18 PM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਗਲਤ ਅਨਸਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਘਰ ਵਿਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਮਾਮਲੇ ਵਿਚ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਵੰਤ ਸਿੰਘ ਨਿਵਾਸੀ ਪਿੰਡ ਕਿੱਲੀ ਗਾਂਧਰਾਂ ਨੇ ਕਿਹਾ ਕਿ ਬੀਤੀ 25-26 ਮਈ ਦੀ ਰਾਤ ਨੂੰ ਅਣਪਛਾਤੇ ਚੋਰ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਅਲਮਾਰੀ ਵਿਚੋਂ 35 ਹਜ਼ਾਰ ਰੁਪਏ ਨਕਦ ਚੋਰੀ ਕਰ ਕੇ ਲੈ ਗਏ। ਮੈਂ ਆਪਣੇ ਤੌਰ ’ਤੇ ਚੋਰੀ ਦਾ ਸੁਰਾਗ ਲਗਾਉਣ ਦਾ ਯਤਨ ਕੀਤਾ ਤਾਂ ਪਤਾ ਲੱਗਾ ਕਿ ਉਕਤ ਚੋਰੀ ਸਨਜੋਤ ਸਿੰਘ, ਬਿੱਟੀ, ਗਗਨਦੀਪ ਸਿੰਘ ਸਭੀਰ ਨਿਵਾਸੀ ਪਿੰਡ ਕਿੱਲੀ ਗਾਂਧਰਾ ਅਤੇ ਲਖਵੀਰ ਸਿੰਘ ਨਿਵਾਸੀ ਪਿੰਡ ਚੂਚਕਵਿੰਡ ਫਿਰੋਜ਼ਪੁਰ ਨੇ ਕੀਤੀ ਹੈ, ਜਿਸ ’ਤੇ ਮੈਂ ਪੁਲਸ ਨੂੰ ਸੂਚਿਤ ਕੀਤਾ।
ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਚਾਰੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਖਿਲਾਫ਼ ਥਾਣਾ ਫਤਿਹਗੜ੍ਹ ਪੰਜਤੂਰ ਵਿਚ ਚੋਰੀ ਦਾ ਮਾਮਲਾ ਦਰਜ ਕਰਨ ਦੇ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਤੋਂ ਬਰਾਮਦਗੀ ਕੀਤੀ ਜਾਣੀ ਬਾਕੀ ਹੈ।