ਮਾਮਲਾ 3 ਬੱਚਿਆਂ ਦੀ ਮਾਂ ਨੂੰ ਭਜਾ ਕੇ ਲਿਜਾਣ ਦਾ, ਪਤੀ ਨੇ ਲਾਇਆ ਧਮਕੀਆਂ ਦੇਣ ਦਾ ਦੋਸ਼
Sunday, Aug 12, 2018 - 01:27 PM (IST)

ਮੋਗਾ (ਆਜ਼ਾਦ) - ਪਿੰਡ ਸਲ੍ਹੀਣਾ ਨਿਵਾਸੀ ਹਰਭਜਨ ਸਿੰਘ ਨੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਪਿੰਡ ਦਾ ਇਕ ਵਿਅਕਤੀ ਮੇਰੀ ਪਤਨੀ ਨੂੰ ਮੇਰੇ ਛੋਟੇ ਬੱਚੇ ਸਮੇਤ ਭਜਾ ਕੇ ਲੈ ਗਿਆ ਅਤੇ ਹੁਣ ਮੈਨੂੰ ਉਸ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ।
ਸਾਡੇ ਪਿੰਡ ਦਾ ਹੀ ਇਕ ਵਿਅਕਤੀ ਬੀਤੀ 17 ਜੁਲਾਈ ਨੂੰ ਮੇਰੀ ਪਤਨੀ ਅਤੇ ਮੇਰੇ ਬੇਟੇ ਨੂੰ ਦਿਨ-ਦਿਹਾੜੇ ਆਪਣੇ ਨਾਲ ਲੈ ਗਿਆ। ਇਸ ਘਟਨਾ ਦੀ ਪਤਾ ਲੱਗਣ 'ਤੇ ਮੈਂ ਉਕਤ ਵਿਅਕਤੀ ਖਿਲਾਫ ਥਾਣਾ ਸਦਰ ਮੋਗਾ 'ਚ ਸ਼ਿਕਾਇਤ ਦਰਜ ਕਰਵਾਈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਪੀੜਤ ਨੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦੇ ਕੇ ਕਿਹਾ ਕਿ ਉਸ ਨੂੰ ਉਕਤ ਵਿਅਕਤੀ ਦੇ ਪਰਿਵਾਰਕ ਮੈਂਬਰ ਸ਼ਿਕਾਇਤ ਪੱਤਰ ਵਾਪਸ ਲੈਣ ਲਈ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੀੜਤ ਨੇ ਸ਼ੰਕਾ ਪ੍ਰਗਟ ਕੀਤੀ ਕਿ ਮੇਰੀ ਪਤਨੀ ਅਤੇ ਬੱਚੇ ਦੀ ਜਾਨ ਨੂੰ ਵੀ ਖਤਰਾ ਹੈ।