ਪਾਣੀ ਨਾਲ ਓਵਰਫਲੋਅ ਹੋਏ ਛੱਪਡ਼, ਸਡ਼ਕਾਂ ਅਤੇ ਸਕੂਲਾਂ ’ਚ ਭਰਿਆ ਪਾਣੀ, ਰਸਤੇ ਬੰਦ

07/17/2019 2:40:58 AM

ਦੋਦਾ, (ਲਖਵੀਰ)- ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਬੀਤੀ ਰਾਤ ਆਈ ਮਾਨਸੂਨ ਦੀ ਪਹਿਲੀ ਬਾਰਸ਼ ਨਾਲ ਜਿਥੇ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਆਈ ਹੈ, ਉਥੇ ਹੀ ਪਿੰਡ ਦੋਦਾ ਅੰਦਰ ਤੇਜ਼ ਬਾਰਸ਼ ਦੇ ਪਾਣੀ ਨਾਲ ਪਿੰਡ ਦਾ ਛੱਪਡ਼ ਓਵਰਫਲੋਅ ਹੋਣ ਕਾਰਣ ਸਕੂਲਾਂ ਅਤੇ ਗਲੀਆਂ ’ਚ ਜਾਣਾ ਮੁਸ਼ਕਲ ਹੋ ਗਿਆ ਹੈ, ਜਿਸ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਅਤੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਮਾਨਸੂਨ ਦੇ ਮੌਸਮ ਨੂੰ ਮੁੱਖ ਰਖਦਿਆਂ ਪਿੰਡਾਂ ’ਚੋਂ ਪਾਣੀ ਦੀ ਨਿਕਾਸੀ ਲਈ ਸਾਰੇ ਛੱਪਡ਼ਾਂ ਦੀ ਸਫਾਈ ਦੇ ਹੁਕਮ ਜਾਰੀ ਕੀਤੇ ਸਨ ਪਰ ਸਫਾਈ ਦਾ ਕੰਮ ਪੂਰਾ ਨਾ ਹੋਣ ਕਾਰਣ ਅਤੇ ਛੱਪਡ਼ਾਂ ਵਿਚ ਸੇਮ ਕੇਲੀ ਭਰੀ ਹੋਣ ਕਾਰਣ ਪਾਣੀ ਓਵਰਫਲੋਅ ਹੋ ਕੇ ਸਡ਼ਕਾਂ ਅਤੇ ਨਾਲ ਲੱਗਦੇ ਸਰਕਾਰੀ ਪ੍ਰਾਇਮਰੀ ਸਕੂਲ (ਮੇਨ) ਵਿਚ ਵੀ ਭਰ ਗਿਆ। ਇਸ ਤੋਂ ਇਲਾਵਾ ਬਾਵਰੀਆ, ਪ੍ਰਜਾਪਤ, ਦਲਿਤ ਬਸਤੀਆਂ ’ਚ ਮੀਂਹ ਦਾ ਪਾਣੀ ਭਰਨ ਅਤੇ ਰਸਤੇ ਬੰਦ ਹੋਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਧੂਲਕੋਟ ਦੇ ਕਿਸਾਨਾਂ ਵੱਲੋਂ ਝੋਨੇ ’ਚ ਬਾਰਸ਼ ਦਾ ਜ਼ਿਆਦਾ ਪਾਣੀ ਭਰਨ ਕਾਰਣ ਨਾਲ ਲੱਗਦੇ ਚੰਦਭਾਨ ਡਰੇਨ ’ਚ ਛੱਡਿਆ ਗਿਆ ਅਤੇ ਇਸੇ ਛੱਪਡ਼ ਦੀ ਕੁਝ ਸਮਾਂ ਪਹਿਲਾਂ ਕੀਤੀ ਚਾਰਦੀਵਾਰੀ ਦਾ ਕੁਝ ਹਿੱਸਾ ਵੀ ਮੀਂਹ ਦੀ ਭੇਟ ਚਡ਼੍ਹ ਗਿਆ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਛੱਪਡ਼ਾਂ ਦੀ ਸਫਾਈ ਕਰਵਾਈ ਜਾਵੇ ਅਤੇ ਸੇਮ ਕੇਲੀ ਵੀ ਛੱਪਡ਼ਾਂ ’ਚੋਂ ਕਢਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਛੱਪਡ਼ਾਂ ਦੀ ਸਫਾਈ ਨਹੀਂ ਹੁੰਦੀ ਅਤੇ ਮਾਨਸੂਨ ਦੀ ਅਜਿਹੀ ਬਾਰਸ਼ ਦੁਬਾਰਾ ਹੁੰਦੀ ਹੈ ਤਾਂ ਪਿੰਡ ’ਚ ਹਡ਼੍ਹ ਦੇ ਹਾਲਾਤ ਬਣ ਸਕਦੇ ਹਨ।

ਪਿੰਡਾਂ ’ਚ ਸਫਾਈ ਦਾ ਕੰਮ ਚੱਲ ਰਿਹੈ : ਬੀ. ਡੀ. ਪੀ. ਓ.

ਬੀ. ਡੀ. ਪੀ. ਓ. ਸੁਰਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਪਣੇ ਤੌਰ ’ਤੇ ਪਿੰਡਾਂ ਦੇ ਛੱਪਡ਼ਾਂ ਦੀ ਸਫਾਈ ਕਰਵਾਈ ਗਈ ਸੀ ਅਤੇ ਕਈ ਪਿੰਡਾਂ ’ਚ ਸਫਾਈ ਦਾ ਕੰਮ ਚੱਲ ਵੀ ਰਿਹਾ ਸੀ ਪਰ ਵਾਰ-ਵਾਰ ਬਾਰਸ਼ ਹੋਣ ਕਾਰਣ ਪੂਰਨ ਤੌਰ ’ਤੇ ਸਫਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਬਾਰਸ਼ ਦੇ ਪਾਣੀ ਨਾਲ ਜੋ ਵੀ ਛੱਪਡ਼ ਓਵਰਫਲੋਅ ਹੋਏ ਹਨ, ਉਨ੍ਹਾਂ ਛੱਪਡ਼ਾਂ ਦਾ ਪਾਣੀ ਕਢਵਾਉਣ ਲਈ ਵੱਖਰੇ ਤੌਰ ’ਤੇ ਮੋਟਰਾਂ ਦਾ ਪ੍ਰਬੰਧ ਕੀਤਾ ਜਾਵੇਗਾ।


Bharat Thapa

Content Editor

Related News