ਦੋ ਮੋਟਰਸਾਈਕਲਾਂ ਦੀ ਟੱਕਰ ’ਚ ਪਤੀ ਦੀ ਮੌਤ ਪਤਨੀ ਜ਼ਖਮੀ

02/15/2023 4:48:58 PM

ਸਮਾਣਾ (ਦਰਦ, ਅਸ਼ੋਕ) : ਸੋਮਵਾਰ ਸ਼ਾਮ ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਪਿੰਡ ਅਸਰਪੁਰ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਸਣੇ 2 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆ ਨੂੰ ਇਲਾਜ ਲਈ ਪਟਿਆਲਾ ਲਿਜਾਇਆ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਸ ਦੇ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ (65) ਨਿਵਾਸੀ ਪਿੰਡ ਚਤੈਹਰਾ ਦੇ ਪੁੱਤਰ ਸਤਗੁਰ ਸਿੰਘ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਸੋਮਵਾਰ ਸ਼ਾਮ ਨੂੰ ਉਸ ਦੀ ਮਾਤਾ ਨੂੰ ਦਵਾਈ ਦਵਾ ਕੇ ਵਾਪਸ ਪਿੰਡ ਮੋਟਰਸਾਇਕਲ ’ਤੇ ਜਾ ਰਿਹਾ ਸੀ ਕਿ ਪਿੰਡ ਅਸਰਪੁਰ ਦੀ ਦਾਣਾ ਮੰਡੀ ਨੇੜੇ ਸਾਹਮਣਿਓਂ ਆ ਰਹੇ ਮੋਟਰਸਾਇਕਲ ਚਾਲਕ ਨੇ ਉਨ੍ਹਾਂ ਦੇ ਮੋਟਰਸਾਇਕਲ ’ਚ ਸਿੱਧੀ ਟੱਕਰ ਮਾਰ ਦਿੱਤੀ। 

ਇਸ ਕਾਰਨ ਉਹ ਤਿੰਨੇ ਸੜਕ ’ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਲੋਕਾਂ ਵੱਲੋਂ ਇਲਾਜ ਲਈ ਪਟਿਆਲਾ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਬਲਜਿੰਦਰ ਸਿੰਘ ਦੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਪੁਲਸ ਨੇ ਹਾਦਸਾਗ੍ਰਸਤ ਮੋਟਰਸਾਈਕਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਸ ਦੇ ਚਾਲਕ ਜਗਜੀਤ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਹੈ ਜਦੋਂ ਕਿ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।


Gurminder Singh

Content Editor

Related News